
ਮੁੰਬਈ ਪੁਲਿਸ ਨੇ ਟੀਵੀ ਐਡੀਟਰ ਅਰਨਬ ਗੋਸਵਾਮੀ ਨੂੰ ਕੀਤਾ ਗ੍ਰਿਫ਼ਤਾਰ
ਅਰਨਬ ਗੋਸਵਾਮੀ ਦੀ ਗ੍ਰਿਫ਼ਤਾਰੀ 'ਤੇ ਅਮਿਤ ਸ਼ਾਹ, ਰਾਜਨਾਥ ਸਣੇ ਕਈ ਆਗੂਆਂ ਦਾ ਕਾਂਗਰਸ 'ਤੇ ਹਮਲਾ
ਮੁੰਬਈ, 4 ਨਵੰਬਰ: ਰਾਏਗੜ੍ਹ ਪੁਲਿਸ ਨੇ ਬੁਧਵਾਰ ਸਵੇਰੇ ਰਿਪਬਲਿਕ ਟੀ.ਵੀ. ਦੇ ਐਡੀਟਰ-ਇਨ-ਚੀਫ਼ ਅਰਨਬ ਗੋਸਵਾਮੀ ਸਣੇ 2 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ 'ਤੇ 53 ਸਾਲਾ ਇੰਟੀਰੀਅਰ ਡਿਜ਼ਾਈਨਰ ਅਤੇ ਉਨ੍ਹਾਂ ਦੀ ਮਾਂ ਨੂੰ 2018 'ਚ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਦੋਸ਼ ਹੈ। ਇਸ ਕੇਸ 'ਚ ਅਰਨਬ ਨਾਲ ਜਿਨ੍ਹਾਂ 2 ਲੋਕਾਂ ਦੀ ਗ੍ਰਿਫ਼ਤਾਰੀ ਹੋਈ ਹੈ, ਉਨ੍ਹਾਂ 'ਚ ਇਕ ਫਿਰੋਜ਼ ਸ਼ੇਖ ਜਦਕਿ ਦੂਜੇ ਨਿਤੇਸ਼ ਸ਼ਾਰਦਾ ਹਨ।
ਗੋਸਵਾਮੀ ਨੂੰ ਵਰਲੀ, ਜਦਕਿ ਫਿਰੋਜ਼ ਨੂੰ ਕਾਂਦਿਵਲੀ ਅਤੇ ਨਿਤੇਸ਼ ਨੂੰ ਜੋਗੇਸ਼ਵਰੀ ਤੋਂ ਗ੍ਰਿਫ਼ਤਾਰ ਕੀਤਾ। ਅਰਨਬ ਦੀ ਗ੍ਰਿਫ਼ਤਾਰੀ ਰਾਏਗੜ੍ਹ ਪੁਲਿਸ ਅਤੇ ਮੁੰਬਈ ਪੁਲਿਸ ਦੀ ਸਾਂਝੀ ਮੁਹਿੰਮ 'ਚ ਹੋਈ ਹੈ। ਏ.ਪੀ.ਆਈ. ਸਚਿਨ ਵਾਜੇ ਦੀ ਟੀਮ ਨੇ ਅਰਨਬ ਨੂੰ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕੀਤਾ।
ਦੋਸ਼ ਅਨੁਸਾਰ ਰਿਪਬਲਿਕ ਟੀ.ਵੀ. 'ਤੇ ਆਰਟੀਕੇਕਟ ਫਰਮ ਕਾਨਕਾਰਡ ਡਿਜ਼ਾਈਨ ਪ੍ਰਾਈਵੇਟ ਲਿਮਟਿਡ ਦੇ ਐੱਮ.ਡੀ. ਅਨਵਯ ਨਾਈਕ ਦਾ 83 ਲੱਖ ਰੁਪਏ ਬਕਾਇਆ ਸੀ।
ਨਾਇਕ ਨੇ ਰਿਪਬਲਿਕ ਟੀ.ਵੀ. ਦੀ ਸਟੂਡੀਓ ਤਿਆਰ ਕੀਤਾ ਸੀ। 2 ਹੋਰ ਕੰਪਨੀਆਂ- ਆਈਕਾਸਟਐਕਸ/ਸਕਾਈਮੀਡੀਆ ਅਤੇ ਸਮਾਰਟਵਰਕਰਜ਼ ਵੀ ਅਪਣਾ-ਅਪਣਾ ਬਕਾਇਆ ਚੁਕਾਉਣ 'ਚ ਅਸਫ਼ਲ ਰਹੀਆਂ। ਪੁਲਿਸ ਅਨੁਸਾਰ, ਤਿੰਨੋਂ ਕੰਪਨੀਆਂ 'ਤੇ ਕੁਲ 5.40 ਕਰੋੜ ਰੁਪਏ ਬਕਾਇਆ ਸੀ।
ਇਕ ਸੀਨੀਅਰ ਪੁਲਿਸ ਅਫ਼ਸਰ ਨੇ ਕਿਹਾ ਕਿ ਅਰਨਬ ਅਤੇ ਉਨ੍ਹਾਂ ਦੀ ਪਤਨੀ ਸਾਮਯਬਰਤ ਨੇ ਕਰੀਬ ਇਕ ਘੰਟੇ ਤਕ ਦਰਵਾਜ਼ਾ ਖੋਲ੍ਹਣ ਤੋਂ ਇਨਕਾਰ ਕੀਤਾ ਜਦਕਿ ਅਸੀਂ ਉਨ੍ਹਾਂ ਨੂੰ ਦੱਸਦੇ ਰਹੇ ਕਿ ਅਸੀਂ ਅਲੀਬਾਗ਼ ਕੇਸ 'ਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਆਏ ਹਾਂ। ਅਸੀਂ ਇਕ ਪੁਲਿਸ ਵਾਲੇ ਨੂੰ ਪੂਰੇ ਘਟਨਾਕ੍ਰਮ ਦਾ ਵੀਡੀਉ ਬਣਾਉਣ ਦੀ ਜ਼ਿੰਮੇਵਾਰੀ ਦੇ ਦਿਤੀ ਤਾਕਿ ਸਾਡੇ 'ਤੇ ਕੋਈ ਦੋਸ਼ ਨਾ ਲਗਾਇਆ ਜਾਵੇ। ਜਦੋਂ ਅਰਨਬ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਦੀ ਪਤਨੀ ਵੀਡੀਓ ਬਣਾਉਣ ਲੱਗੀ ਅਤੇ ਦੋਸ਼ ਲਗਾ ਦਿਤਾ ਕਿ ਪੁਲਿਸ ਨੇ ਅਰਨਬ ਨਾਲ ਹੱਥੋਂਪਾਈ ਕੀਤੀ।
ਪੁਲਿਸ ਨੇ ਕਿਹਾ ਕਿ ਆਈ.ਪੀ.ਸੀ. ਦੀ ਧਾਰਾ 306 ਦੇ ਅਧੀਨ ਅਰਨਬ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਨੂੰ ਗ੍ਰਿਫ਼ਤਾਰੀ ਵਾਰੰਟ ਦੀ ਲੋੜ ਨਹੀਂ ਸੀ।
ਪੁਲਿਸ ਨੇ ਕਿਹਾ ਕਿ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰੀ ਦੀ ਸੂਚਨਾ ਵਾਲਾ ਨੋਟਿਸ ਫੜਾਇਆ ਤਾਂ ਉਨ੍ਹਾਂ ਦੀ ਪਤਨੀ ਨੇ ਇਸ ਨੂੰ ਪਾੜ ਦਿਤਾ। ਉਦੋਂ ਪੁਲਿਸ ਨੇ ਅਰਨਬ ਨੂੰ ਪੁਲਿਸ ਵੈਨ 'ਚ ਧੱਕ ਦਿਤਾ ਅਤੇ ਐੱਨ.ਐੱਮ. ਜੋਸ਼ੀ ਮਾਰਗ ਥਾਣੇ 'ਚ ਇਕ ਸਟੇਸ਼ਨ ਡਾਇਰੀ ਐਂਟਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਅਲੀਬਾਗ਼ ਪੁਲਿਸ ਨੂੰ ਸੌਂਪ ਦਿਤਾ।
(ਏਜੰਸੀ)