
ਚਲਾਉ ਰੇਲਾਂ-ਮੈਂ ਜ਼ਿੰਮੇਵਾਰੀ ਲੈਂਦਾ ਹਾਂ ਕਿ ਕਿਸੇ ਨੂੰ ਕੋਈ ਤਕਲੀਫ਼ ਨਹੀਂ ਹੋਵੇਗੀ, ਕਿਸਾਨ ਵੀ ਮਦਦ ਕਰਨਗੇ : ਕੈਪਟਨ ਅਮਰਿੰਦਰ ਸਿੰਘ
ਕੇਂਦਰ ਨੂੰ ਅਪੀਲ -''ਪੰਜਾਬ ਨੂੰ ਦੀਵਾਲੀ ਹਨੇਰੇ ਵਿਚ ਬਹਿ ਕੇ ਮਨਾਉਣ ਲਈ ਮਜਬੂਰ ਨਾ ਕਰੋ।''
ਨਵੀਂ ਦਿੱਲੀ, 4 ਨਵੰਬਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰ ਦੀਆਂ ਸਾਰੀਆਂ ਦਲੀਲਾਂ ਨੂੰ ਖੱਸੀ ਕਰਦਿਆਂ ਐਲਾਨ ਕੀਤਾ ਕਿ ਤੁਸੀ ਪੰਜਾਬ ਵਿਚ ਭੇਜੋ ਮਾਲ ਗੱਡੀਆਂ। ਮੈਂ ਜ਼ਿੰਮੇਵਾਰੀ ਲੈਂਦਾ ਹਾਂ ਕਿ ਕੋਈ ਗੜਬੜ ਨਹੀਂ ਹੋਵੇਗੀ, ਨਾ ਏਨੇ ਵੱਡੇ ਕਿਸਾਨ ਅੰਦੋਲਨ ਨੇ ਅੱਜ ਤਕ ਕਿਸੇ ਨੂੰ ਜ਼ਰਾ ਵੀ ਨੁਕਸਾਨ ਪੁੱਜਣ ਦਿਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਹਰ ਔਖੇ ਸਮੇਂ ਦੇਸ਼ ਦੀ ਹਰ ਬਿਪਤਾ ਨੂੰ ਅਪਣੇ ਮੋਢੇ ਉਤੇ ਲੈ ਕੇ ਤੇ ਅਪਣਾ ਖ਼ੂਨ ਵਹਾ ਕੇ ਦੇਸ਼ ਨੂੰ ਬਚਾਇਆ ਹੈ ਤੇ ਅੱਜ ਬਹਾਨੇਬਾਜ਼ੀ ਕਰ ਕੇ ਪੰਜਾਬ ਨਾਲ ਧੱਕਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕੋਈ ਚੰਗਾ ਹਾਕਮ ਨਾ ਤਾਂ ਜਨਤਾ ਦੇ ਧਾਰਮਕ ਵਿਸ਼ਵਾਸਾਂ ਨਾਲ ਛੇੜਛਾੜ ਕਰਦਾ ਹੈ ਤੇ ਨਾ ਉਥੇ ਵਾਰ ਕਰਦਾ ਹੈ ਜਿਥੇ ਆਮ ਆਦਮੀ ਨੂੰ ਅਪਣੇ ਬੱਚਿਆਂ ਨੂੰ ਰੋਟੀ ਦੇਣ ਦੇ ਕਾਬਲ ਵੀ ਨਾ ਰਹਿਣ ਦੀ ਚਿੰਤਾ ਸਤਾਉਣ ਲੱਗ ਗਈ ਹੋਵੇ। ਕੇਂਦਰ ਦੇ ਕਾਨੂੰਨ ਇਹੀ ਚਿੰਤਾ ਪੰਜਾਬ ਦੇ ਕਿਸਾਨ ਨੂੰ ਦੇ ਰਹੇ ਹਨ। ਮੈਂ ਉਨ੍ਹਾਂ ਨੂੰ ਨੇੜਿਉਂ ਜਾਣਦਾ ਹਾਂ। 75 ਫ਼ੀ ਸਦੀ ਕਿਸਾਨਾਂ ਕੋਲ ਇਕ ਦੋ ਢਾਈ ਏਕੜ ਤਕ ਜ਼ਮੀਨ ਹੈ। ਉਹ ਜ਼ਮੀਨ ਵੀ ਤੁਸੀ ਕਾਰਪੋਰੇਟਰਾਂ ਨੂੰ ਦੇਣੀ ਚਾਹੁੰਦੇ ਹੋ। ਕੀ ਖੱਟ ਲਉਗੇ ਅਜਿਹਾ ਕਰ ਕੇ? ਬਾਕੀ ਦੇਸ਼ ਵਿਚ ਜੋ ਮਰਜ਼ੀ ਕਰ ਲਉ, ਪੰਜਾਬ ਵਿਚ ਰਹਿਣ ਦਿਉ ਅਜ਼ਮਾਇਆ ਹੋਇਆ ਪੁਰਾਣਾ ਸਿਸਟਮ। ਉਨ੍ਹਾਂ ਕੇਂਦਰੀ ਹਾਕਮਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਕਿਸਾਨ ਕਿਸੇ ਟਰੇਨ ਨੂੰ ਨਹੀਂ ਰੋਕਣਗੇ, ਇਸ ਦੀ ਜ਼ਿੰਮੇਵਾਰੀ ਮੈਂ ਲੈਂਦਾ ਹਾਂ। ਨਹੀਂ ਭੇਜੋਗੇ ਤਾਂ ਪੰਜਾਬ ਦੇ ਲੋਕਾਂ ਨੂੰ ਹਨੇਰੇ ਵਿਚ ਬੈਠ ਕੇ ਦੀਵਾਲੀ ਮਨਾਉਣ ਲਈ ਮਜਬੂਰ ਕਰੋਗੇ ਤੇ ਦੇਸ਼ ਦੀਆਂ ਸਰਹੱਦਾਂ ਤੇ ਬੈਠੇ ਪੰਜਾਬੀਆਂ ਨੂੰ ਕਸ਼ਟ ਵਿਚ ਪਾਉਗੇ।
ਦਿੱਲੀ ਪੁਲਿਸ ਨੇ ਨਵਜੋਤ ਸਿੱਧੂ ਨੂੰ ਕਈ ਕਾਂਗਰਸੀ ਵਿਧਾਇਕਾਂ ਸਮੇਤ ਦਿੱਲੀ ਵਿਚ ਦਾਖ਼ਲ ਹੋਣ ਤੋਂ ਰੋਕਿਆ
ਨਵੀਂ ਦਿੱਲੀ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਲੀ ਧਰਨੇ ਲਈ ਪੰਜਾਬ ਦੇ ਵਿਧਾਇਕਾਂ ਨੂੰ ਦਿਤੇ ਗਏ ਸੱਦੇ ਦੇ ਚਲਦਿਆਂ ਅੱਜ ਪੁਲਿਸ ਨੇ ਦਿੱਲੀ ਧਰਨਾ ਦੇਣ ਜਾ ਰਹੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਤੇ ਹੋਰਨਾਂ ਵਿਧਾਇਕਾਂ ਨੂੰ ਦਿੱਲੀ ਬਾਰਡਰ 'ਤੇ ਰੋਕਿਆ। ਫ਼ੇਸਬੁੱਕ 'ਤੇ ਵੀਡੀਉ ਸਾਂਝੀ ਕਰਦਿਆਂ ਨਵਜੋਤ ਸਿੱਧੂ ਨੇ ਦਸਿਆ ਕਿ ਉਨ੍ਹਾਂ ਨਾਲ ਰਾਜਾ ਵੜਿੰਗ ਸਮੇਤ ਹੋਰ ਵਿਧਾਇਕ ਵੀ ਮੌਜੂਦ ਸਨ। ਵਿਧਾਇਕਾਂ ਨੂੰ ਰੋਕਣ ਤੋਂ ਕੁੱਝ ਸਮਾਂ ਬਾਅਦ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਜਾਣ ਦੀ ਮਨਜ਼ੂਰੀ ਦੇ ਦਿਤੀ।image