
7 ਨਵੰਬਰ ਨੂੰ ਹੋਵੇਗੀ ਗ੍ਰਹਿ ਮੰਤਰੀ ਨਾਲ ਮੁਲਾਕਾਤ
ਚੰਡੀਗੜ੍ਹ - ਅੱਜ ਕਾਂਗਰਸੀ ਵਫਦ ਨੇ ਰੇਲ ਮੰਤਰੀ ਪਿਯੂਸ਼ ਗੋਇਲ ਨਾਲ ਮੁਲਾਕਾਤ ਕੀਤੀ ਤੇ ਇਹ ਮੀਟਿੰਗ ਬੇਸਿੱਟਾ ਰਹੀ ਜਿਸ ਤੋਂ ਬਾਅਦ ਹੁਣ ਕਾਂਗਰਸੀ ਸਾਂਸਦਾ ਨੇ ਫੈਸਲਾ ਲਿਆ ਹੈ ਕਿ ਉਹ 7 ਨਵੰਬਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਹੁਣ ਉਹ ਰੇਲ ਮੰਤਰੀ ਨੂੰ ਨਹੀਂ ਮਿਲਣਗੇ ਤੇ ਗ੍ਰਹਿ ਮੰਤਰੀ ਕੋਲ ਰੇਲਾਂ ਨੂੰ ਬਹਾਲ ਕਰਨ ਦਾ ਮੁੱਦਾ ਚੁੱਕਣਗੇ। ਇਸ ਦੇ ਨਾਲ ਹੀ ਦੱਸ ਦਈਏ ਕਿ ਅੱਜ ਦੀ ਰੇਲ ਮੰਤਰੀ ਨਾਲ ਹੋਈ ਮੀਟਿੰਗ ਵਿਚੋਂ ਕਾਂਗਰਸੀ ਸਾਂਸਦ ਵਾਕ ਆਊਟ ਕਰਕੇ ਬਾਹਰ ਆ ਗਏ ਤੇ ਉਹਨਾਂ ਨੇ ਕਿਹਾ ਕਿ ਰੇਲ ਮੰਤਰੀ ਨਾਲ ਮੀਟਿੰਗ ਕਰ ਕੇ ਕੋਈ ਫਾਇਦਾ ਨਹੀਂ ਹੋਇਆ।
piyush goyal
ਜ਼ਿਕਰਯੋਗ ਹੈ ਕਿ ਕਾਂਗਰਸੀ ਸਾਂਸਦਾ ਦੇ ਵਫ਼ਦ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਆਗੂਆਂ ਦਾ ਇਕ ਵਫ਼ਦ ਅੱਜ ਦਿੱਲੀ ਦੇ ਰੇਲ ਭਵਨ ਵਿਖੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨਾਲ ਮੁਲਾਕਾਤ ਕਰਨ ਲਈ ਪੁੱਜਿਆ ਤਾਂ ਜੋ ਪੰਜਾਬ 'ਚ ਰੇਲ ਸੇਵਾ ਮੁੜ ਸ਼ੁਰੂ ਕਰਨ ਬਾਰੇ ਕੋਈ ਹੱਲ ਕੱਢਿਆ ਜਾ ਸਕੇ। ਇਸ ਤੋਂ ਪਹਿਲਾਂ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਰੇਲ ਮੰਤਰੀ ਨਾਲ ਮੁਲਾਕਾਤ ਕੀਤੀ ਸੀ।
Farmers Protest
ਪਿਛਲੇ 4 ਦਿਨਾਂ ਤੋਂ ਪੰਜਾਬ ਕਾਂਗਰਸ ਦੇ ਸਾਂਸਦ ਦਿੱਲੀ ਵਿਚ ਬੈਠੇ ਹੋਏ ਸੀ ਤੇ ਉਹਨਾਂ ਨੂੰ ਰੇਲ ਮੰਤਰੀ ਨਾਲ ਮੁਲਾਕਾਤ ਕਰਨ ਦਾ ਸਮਾਂ ਅੱਜ 1 ਵਜੇ ਮਿਲਿਆ ਸੀ ਪਰ ਉਹਨਾਂ ਦੀ ਮੁਲਾਕਾਤ ਹੋਣ ਤੋਂ ਪਹਿਲਾਂ ਹੀ ਤਰੁਣ ਚੁੱਘ ਦਿੱਲੀ ਪਹੁੰਚ ਗਏ ਅਤੇ ਉਹਨਾਂ ਦਾ ਕਹਿਣਾ ਸੀ ਕਿ ਕਾਂਗਰਸੀ ਸਾਂਸਦਾ ਤੋਂ ਪਹਿਲਾਂ ਭਾਜਪਾ ਦੇ ਵਫਦ ਦੀ ਮੀਟਿੰਗ ਰੇਲ ਮੰਤਰੀ ਨਾਲ ਹੋਵੇਗੀ ਉਸ ਤੋਂ ਬਾਅਦ ਕਾਂਗਰਸੀ ਸਾਂਸਦ ਰੇਲ ਮੰਤਰੀ ਨਾਲ ਮੁਲਾਕਾਤ ਕਰ ਸਕਣਗੇ।