
ਕਿਰਾਏ ਦੇ ਘਰ ਵਿਚ ਰਹਿ ਕੇ ਕੱਢੀ ਸੀ ਜ਼ਿੰਦਗੀ ਹੁਣ ਬਣਾਵੇਗਾ ਆਪਣਾ ਘਰ
ਫਿਰੋਜ਼ਪੁਰ (ਮਲਕੀਅਤ ਸਿੰਘ) : ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਮਮਦੋਟ ਵਿਖੇ ਰੇਹੜੀ 'ਤੇ ਕਬਾੜ ਦਾ ਕੰਮ ਕਰਨ ਵਾਲੇ ਕਬਾੜੀਏ ਦੀ ਉਸ ਵੇਲੇ ਕਿਸਮਤ ਚਮਕ ਗਈ, ਜਦੋਂ ਨਾਗਾਲੈਂਡ ਸਟੇਟ ਲਾਟਰੀ ਡੀਅਰ 100 ਸੁਪਰ ਰਾਹੀਂ 10 ਲੱਖ ਰੁਪਏ ਦਾ ਇਨਾਮ ਨਿਕਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਰਮਾ ਲਾਟਰੀ ਏਜੰਟ ਨੇ ਦੱਸਿਆ ਕਿ ਬੀਤੀ 3 ਤਰੀਕ ਨੂੰ ਕਬਾੜ ਦਾ ਕੰਮ ਕਰਨ ਵਾਲੇ ਤਿਲਕ ਰਾਜ ਨਾਮ ਦੇ ਵਿਅਕਤੀ ਨੇ ਸਾਡੇ ਕੋਲੋਂ 6 ਲਾਟਰੀ ਟਿਕਟਾਂ ਖਰੀਦੀਆਂ ਸਨ। ਜਿਨ੍ਹਾਂ ਟਿਕਟਾਂ ਵਿਚੋਂ ਇਕ ਨੰਬਰ ਉਤੇ ਦੱਸ ਲੱਖ ਰੁਪਏ ਦਾ ਇਨਾਮ ਨਿਕਲਿਆ ਹੈ।
ਜਿਸ ਨੂੰ ਲੈ ਕੇ ਅੱਜ ਕਬਾਡ਼ੀਏ ਤਿਲਕ ਰਾਜ ਦੇ ਘਰ ਖੁਸ਼ੀ ਦਾ ਮਾਹੌਲ ਨਜ਼ਰ ਆ ਰਿਹਾ ਹੈ। ਇਸ ਮੌਕੇ ਕਬਾੜੀਏ ਤਿਲਕ ਰਾਜ ਨੇ ਦੱਸਿਆ ਹੈ ਕਿ ਆਪਣੀ ਪੋਤਰੀ ਨੂੰ ਚੀਜ਼ ਦਿਵਾਉਣ ਜਾ ਰਿਹਾ ਸੀ ਤਾਂ ਲਾਟਰੀਆਂ ਵਾਲੇ ਨੇ ਆਵਾਜ਼ ਮਾਰ ਕੇ ਲਾਟਰੀ ਪਾਉਣ ਲਈ ਕਿਹਾ, ਜਿਸ 'ਤੇ ਤਿਲਕ ਰਾਜ ਨੇ ਛੇ ਲਾਟਰੀ ਟਿਕਟਾਂ ਖਰੀਦੀਆਂ ਸਨ। ਜਿਨ੍ਹਾਂ ਵਿੱਚੋਂ ਅੱਜ ਮੇਰੀ ਕੀਤੀ ਗਈ ਮਿਹਨਤ ਅਤੇ ਮੇਰੀ ਪੋਤਰੀ ਦੇ ਕਰਮਾਂ ਨੂੰ ਦੱਸ ਲੱਖ ਰੁਪਏ ਦਾ ਇਨਾਮ ਨਿਕਲਿਆ ਹੈ। ਤਿਲਕ ਰਾਜ ਨੇ ਦੱਸਿਆ ਹੈ ਕਿ ਲੰਬੇ ਸਮੇਂ ਤੋਂ ਆਪਣੇ ਰੋਟੀ ਦੇ ਗੁਜ਼ਾਰੇ ਲਈ ਕਬਾੜ ਦਾ ਕੰਮ ਕਰਦਾ ਹਾਂ।
ਕਾਮਯਾਬ ਹੋਣ ਲਈ ਪਹਿਲਾਂ ਫ਼ਿਲਮ ਇੰਡਸਟਰੀ ਵਿੱਚ ਵੀ ਕੰਮ ਕੀਤਾ ਤੇ ਲੌਕਡਾਊਨ ਦੌਰਾਨ ਪਿੰਡਾਂ ਵਿੱਚ ਸਬਜ਼ੀ ਵੇਚਣ ਦਾ ਵੀ ਕੰਮ ਕਰਦਾ ਰਿਹਾ ਪਰ ਅੱਜ ਪ੍ਰਮਾਤਮਾ ਨੇ ਮੇਰੀ ਕੀਤੀ ਗਈ ਮਿਹਨਤ ਨੂੰ ਰੰਗ ਭਾਗ ਲਗਾਏ ਨੇ ਤੇ ਮੈ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੇ ਗਰੀਬ ਦੀ ਫਰਿਆਦ ਵੀ ਸੁਣੀ। ਇਸ ਮੌਕੇ ਤਿਲਕ ਰਾਜ ਦੇ ਲੜਕੇ ਨੇ ਕਿਹਾ ਹੈ ਕਿ ਕਿਰਾਏ ਦੇ ਮਕਾਨ ਵਿਚ ਰਹਿ ਕੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਦਾ ਹੈ ਹੁਣ ਸਾਨੂੰ ਆਸ ਹੋਈ ਹੈ ਕਿ ਸਾਡਾ ਵੀ ਖੁਦ ਦਾ ਮਕਾਨ ਬਣੇਗਾ। ਇਸ ਮੌਕੇ ਆਂਢ-ਗੁਆਂਢ ਵੱਲੋਂ ਤਿਲਕ ਰਾਜ ਦੇ ਘਰ ਪਹੁੰਚ ਕੇ ਵਧਾਇਆ ਦਿੱਤੀਆਂ ਜਾ ਰਹੀਆਂ ਹਨ।