ਮੈਟਰੋ ਸਟੇਸ਼ਨਾਂ ਨੂੰ ਸਤਿਕਾਰਯੋਗ ਸ਼ਹੀਦਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲ ਨੂੰ ਸਮਰਪਿਤ ਕਰਨ ਦੀ ਅਪੀਲ ਵੀ ਕੀਤੀ
ਚੰਡੀਗੜ੍ਹ : ਪੰਜਾਬ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਪ੍ਰਿਤਪਾਲ ਸਿੰਘ ਬਲਿਆਵਾਲ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਚਿੱਠੀ ਲਿਖ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਚਾਂਦਨੀ ਚੌਕ ਇਲਾਕੇ ਦਾ ਨਾਂ ਬਦਲ ਕੇ ‘ਸੀਸ ਗੰਜ’ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇੜਲੇ ਮੈਟਰੋ ਸਟੇਸ਼ਨਾਂ ਨੂੰ ਸਤਿਕਾਰਯੋਗ ਸ਼ਹੀਦਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲ ਨੂੰ ਸਮਰਪਿਤ ਕਰਨ ਦੀ ਅਪੀਲ ਵੀ ਕੀਤੀ, ਜਿਨ੍ਹਾਂ ਨੇ ਗੁਰੂ ਤੇਗ਼ ਬਹਾਦਰ ਜੀ ਨਾਲ ਸਰਵਉੱਚ ਕੁਰਬਾਨੀ ਦਿਤੀ।
ਅਪਣੀ ਚਿੱਠੀ ਵਿਚ ਬਲੀਆਵਾਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੇ ਇਸ ਪਵਿੱਤਰ ਮੌਕੇ ਉਤੇ ਉਹ ਗੁਰੂ ਤੇਗ ਬਹਾਦਰ ਜੀ ਦੀ ਬੇਮਿਸਾਲ ਕੁਰਬਾਨੀ ਨੂੰ ਯਾਦ ਕਰਨ ਲਈ ਇਕ ਸਿੱਖ ਅਤੇ ਭਾਰਤੀ ਹੋਣ ਦੇ ਨਾਤੇ ਡੂੰਘੀ ਸ਼ਰਧਾ ਨਾਲ ਲਿਖ ਰਹੇ ਹਨ, ਜਿਨ੍ਹਾਂ ਨੇ ਧਾਰਮਕ ਆਜ਼ਾਦੀ ਦੇ ਅਧਿਕਾਰ ਦੀ ਰਾਖੀ ਅਤੇ ਮਨੁੱਖਤਾ ਦੀ ਜ਼ਮੀਰ ਦੀ ਰਾਖੀ ਲਈ ਅਪਣੀ ਜਾਨ ਕੁਰਬਾਨ ਕਰ ਦਿਤੀ। ਬਾਲੀਆਵਾਲ ਨੇ ਅਪੀਲ ਕੀਤੀ ਕਿ ਚਾਂਦਨੀ ਚੌਕ ਦਾ ਨਾਮ ਬਦਲ ਕੇ ‘ਸੀਸ ਗੰਜ’ ਰਖਣਾ ਅਤੇ ਨੇੜਲੇ ਮੈਟਰੋ ਸਟੇਸ਼ਨਾਂ ਨੂੰ ਇਨ੍ਹਾਂ ਸ਼ਹੀਦਾਂ ਨੂੰ ਸਮਰਪਿਤ ਕਰਨਾ ਪ੍ਰਸ਼ਾਸਨਿਕ ਫੈਸਲੇ ਤੋਂ ਕਿਤੇ ਵੱਧ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਭਾਰਤ ਦੀਆਂ ਸਹਿਣਸ਼ੀਲਤਾ, ਬਹਾਦਰੀ ਅਤੇ ਵਿਸ਼ਵਾਸ ਦੀ ਆਜ਼ਾਦੀ ਦੀਆਂ ਕਦਰਾਂ-ਕੀਮਤਾਂ ਨੂੰ ਇਤਿਹਾਸਕ ਸ਼ਰਧਾਂਜਲੀ ਹੋਵੇਗੀ।
