
ਦਰੋਣਾਚਾਰੀਆ ਪੁਰਸਕਾਰ ਵਾਪਸ ਕਰਨ ਦੀ ਕੀਤੀ ਪੇਸ਼ਕਸ਼
ਨਵੀਂ ਦਿੱਲੀ, 4 ਦਸੰਬਰ : ਸਾਬਕਾ ਰਾਸ਼ਟਰੀ ਮੁੱਕੇਬਾਜ਼ੀ ਕੋਚ ਗੁਰਬਕਸ਼ ਸਿੰਘ ਸੰਧੂ ਨੇ ਸ਼ੁਕਰਵਾਰ ਨੂੰ ਕਿਹਾ ਕਿ ਜੇਕਰ ਨਵੇਂ ਖੇਤੀਬਾੜੀ ਨਿਯਮਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ ਤਾਂ ਉਹ ਅਪਣਾ ਦਰੋਣਾਚਾਰੀਆ ਐਵਾਰਡ ਵਾਪਸ ਕਰ ਦੇਣਗੇ। ਸੰਧੂ ਦੇ ਕਾਰਜਕਾਲ ਵਿਚ ਹੀ ਭਾਰਤ ਨੇ ਮੁੱਕੇਬਾਜੀ ਦਾ ਪਹਿਲਾ ਓਲੰਪਿਕ ਤਮਗਾ ਹਾਸਲ ਕੀਤਾ ਸੀ। ਉਹ 2 ਦਹਾਕੇ ਤਕ ਭਾਰਤ ਦੇ ਰਾਸ਼ਟਰੀ ਪੁਰਸ਼ ਕੋਚ ਰਹੇ, ਜਿਸ ਦੇ ਬਾਅਦ ਉਹ 2 ਸਾਲਾਂ ਤੋਂ ਮੁੱਕੇਬਾਜ਼ ਬੀਬੀਆਂ ਨੂੰ ਕੋਚਿੰਗ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਦਾ ਸਮਰਥਨ ਕਰਨ ਦਾ ਉਨ੍ਹਾਂ ਦਾ ਤਰੀਕਾ ਹੈ ਜੋ ਇੰਨੀ ਠੰਡ ਵਿਚ ਖ਼ੁਦ ਦੀ ਪਰਵਾਹ ਕੀਤੇ ਬਿਨਾਂ ਅੰਦੋਲਨ ਕਰ ਰਹੇ ਹਨ। ਸੰਧੂ ਨੇ ਪਟਿਆਲਾ ਵਿਚ ਅਪਣੇ ਘਰ 'ਚ ਗੱਲਬਾਤ ਦੌਰਾਨ ਕਿਹਾ, 'ਮੈਂ ਕਿਸਾਨਾਂ ਦੇ ਪਰਵਾਰ ਤੋਂ ਆਇਆ ਹਾਂ, ਉਨ੍ਹਾਂ ਦੇ ਡਰ ਨੂੰ ਸੰਬੋਧਿਤ ਕੀਤਾ ਜਾਣਾ ਚਾਹੀਦਾ ਹੈ। ਜੇਕਰ ਚੱਲ ਰਹੀ ਗੱਲਬਾਤ ਨਾਲ ਕਿਸਾਨਾਂ ਲਈ ਸੰਤੋਸ਼ਜਨਕ ਨਤੀਜਾ ਨਹੀਂ ਨਿਕਲਦਾ ਤਾਂ ਮੈਂ ਐਵਾਰਡ ਵਾਪਸ ਕਰ ਦੇਵਾਂਗਾ।
ਵਿਜੇਂਦਰ ਸਿੰਘ ਜਦੋਂ 2008 ਵਿਚ ਓਲੰਪਿਕ ਤਮਗਾ ਜਿੱਤਣ ਵਾਲੇ ਭਾਰਤੀ ਮੁੱਕੇਬਾਜ ਬਣੇ ਸਨ, ਉਦੋਂ ਸੰਧੂ ਰਾਸ਼ਟਰੀ ਕੋਚ ਸਨ ਅਤੇ ਉਨ੍ਹਾਂ ਦੀ ਕੋਚਿੰਗ ਦੌਰਾਨ ਹੀ 8 ਭਾਰਤੀ ਮੁੱਕੇਬਾਜਾਂ ਨੇ ਲੰਡਨ 2012 ਓਲੰਪਿਕ ਲਈ ਕੁਆਲੀਫ਼ਾਈ ਕੀਤਾ ਸੀ। ਸੰਧੂ ਨੂੰ ਇਸ ਤੋਂ ਪਹਿਲਾਂ ਹੀ 1998 ਵਿਚ ਦਰੋਣਾਚਾਰੀਆ ਐਵਾਰਡ ਨਾਲ ਨਵਾਜਿਆ ਗਿਆ ਸੀ। (ਪੀਟੀਆਈ)
image