
ਜੇ ਕਿਸਾਨ ਅੰਦੋਲਨ ਨੂੰ ਹੋਰ ਲਟਕਾਇਆ ਤਾਂ ਹਾਲਾਤ ਖ਼ਰਾਬ ਹੋਣਗੇ : ਬਾਦਲ
ਚੰਡੀਗੜ੍ਹ, 4 ਦਸੰਬਰ (ਗੁਰਉਪਦੇਸ਼ ਭੁੱਲਰ) : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਰ ਹੁਣ ਐਵਾਰਡ ਵਾਪਸ ਕਰਨ ਬਾਅਦ ਕੇਂਦਰ ਸਰਕਾਰ ਵਿਰੁਧ ਹੋਰ ਤਿਖੀ ਹੋ ਗਈ ਹੈ। ਉਨ੍ਹਾਂ ਕੇਂਦਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਕਿਸਾਨ ਅੰਦੋਲਨ ਨੂੰ ਹੋਰ ਲਟਕਾਇਆ ਗਿਆ ਤਾਂ ਹਾਲਾਤ ਵਿਗੜਨਗੇ। ਅੱਜ ਇਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਮੇਰਾ ਸੰਘਰਸ਼ਾਂ ਦਾ ਲੰਮਾ ਅਨੁਭਵ ਰਿਹਾ ਹੈ ਤੇ ਜੇ ਇਨ੍ਹਾਂ ਨੂੰ ਲਟਕਾਇਆ ਜਾਵੇ ਤਾਂ ਸਥਿਤੀ ਵਿਗੜਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪੰਜਾਬ ਦੇ ਹਾਲਾਤ ਇਸੇ ਤਰ੍ਹਾਂ ਕੁੱਝ ਮੰਗਾਂ ਨਾ ਮੰਨਣ ਕਾਰਨ ਵਿਗੜੇ ਸਨ ਤੇ ਕੇਂਦਰ ਦੇ ਰਵਈਏ ਕਾਰਨ ਸੂਬੇ ਨੂੰ ਲੰਮਾ ਸੰਤਾਪ ਭੋਗਣਾ ਪਿਆ। ਉਨ੍ਹਾਂ ਕਿਹਾ ਕਿ ਹਾਲੇ ਵੀ ਕੇਂਦਰ ਸਰਕਾਰ ਬਿਨਾਂ ਦੇਰੀ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ।
ਉਨ੍ਹਾਂ ਕਿਹਾ ਕਿ ਲੱਖਾਂ ਕਿਸਾਨ ਜਿਨ੍ਹਾਂ ਵਿਚ ਬੀਬੀਆਂ, ਬਜ਼ੁਰਗ ਤੇ ਬੱਚੇ ਸ਼ਾਮਲ ਹਨ, ਦਿੱਲੀ ਦੀਆਂ ਸਰਹੱਦਾਂ 'ਤੇ ਦੁੱਖ ਭੋਗ ਰਹੇ ਹਨ, ਇਸ ਦਾ ਮੈਨੂੰ ਬਹੁਤ ਦੁੱਖ ਹੋ ਰਿਹਾ ਹੈ ਅਤੇ ਪੂਰਾ ਦੇਸ਼ ਵੀ ਇਸ ਨੂੰ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਰੀਰਕ ਤੌਰ 'ਤੇ ਮੈਂ ਨਹੀਂ ਜਾ ਸਕਿਆ ਪਰ ਮੇਰੀ ਆਤਮਾ ਕਿਸਾਨਾ ਨਾਲ ਹੈ। ਸ. ਬਾਦਲ ਨੇ ਕਿਹਾ ਕਿ ਕਿਸਾਨ ਜੋ ਸਾਨੂੰ ਰੋਟੀ ਦਿੰਦਾ ਹੈ, ਨੂੰ ਇਸ ਤਰ੍ਹਾਂ ਰੋਲਣਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਲੋਕ ਤਾਕਤਵਰ ਹੁੰਦੇ ਹਨ, ਸਰਕਾਰਾਂ ਨਹੀਂ। ਪੰਜਾਬ ਨੇ ਕਿਸਾਨਾਂ ਦਾ ਹਰਿਆਣਾ ਸਰਕਾਰ ਦੇ ਸਾਰੇ ਨਾਕੇ ਤੋੜ ਦਿੱਲੀ ਦੀਆਂ ਸਰਹੱਦਾਂ ਤਕ ਪਹੁੰਚ ਕੇ ਇਹ ਸਾਬਤ ਵੀ ਕੀਤਾ ਹੈ।