
ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਆਫ਼ ਆਨਟਾਰੀਉ (ਕੈਨੇਡਾ) ਨੇ ਦਿੱਲੀ ਧਰਨੇ 'ਤੇ ਬੈਠੇ ਕਿਸਾਨਾਂ ਲਈ ਭੇਜੇ ਕੰਬਲ
ਮੋਗਾ, 4 ਦਸੰਬਰ (ਗੁਰਜੰਟ ਸਿੰਘ/ਰਾਜਨ ਸੂਦ) : ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਆਰਡੀਨੈਂਸ ਨੂੰ ਰੱਦ ਕਰਵਾਉਣ ਲਈ ਜਿਥੇ ਹਰ ਵਰਗ ਦੇ ਲੋਕ ਇਸ ਸੰਘਰਸ਼ ਵਿਚ ਕਿਸਾਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇ ਰਹੇ ਹਨ, ਉੱਥੇ ਹੀ ਵਿਦੇਸ਼ਾਂ ਵਿਚ ਬੈਠੇ ਐੱਨ.ਆਰ.ਆਈ ਵੀ ਕਿਸਾਨ ਭਾਈਚਾਰੇ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਤਿਆਰ ਬਰ ਤਿਆਰ ਬੈਠੇ ਹਨ। ਇਹ ਵਿਚਾਰ ਰਾਮਗੜੀਆ ਸਿੱਖ ਫ਼ਾਊਂਡੇਸ਼ਨ ਆਫ਼ ਆਨਟਾਰੀਉ (ਕੈਨੇਡਾ) ਦੇ ਚੇਅਰਮੈਨ ਦਲਜੀਤ ਸਿੰਘ ਗੈਦੂ ਨੇ ਪ੍ਰਗਟ ਕੀਤੇ।
ਗੈਦੂ ਨੇ ਦਸਿਆ ਕਿ ਸਮੂਹ ਐਨ.ਆਰ.ਆਈ ਅਤੇ ਫ਼ਾਊਂਡੇਸ਼ਨ ਦੇ ਮੈਂਬਰਾਂ ਦੇ ਸਹਿਯੋਗ ਨਾਲ ਦਿੱਲੀ ਵਿਖੇ ਪੁੱਜੇ ਕਿਸਾਨਾਂ ਲਈ 1000 ਕੰਬਲ ਦਿੱਲੀ ਲਈ ਭੇਜੇ ਗਏ ਹਨ। ਉਨ੍ਹਾਂ ਆਖਿਆ ਕਿ ਦੇਸ਼ ਦਾ ਢਿਡ ਭਰਨ ਵਾਲੇ ਕਿਸਾਨਾਂ ਦੀ ਕੇਂਦਰ ਸਰਕਾਰ ਨੇ ਮਦਦ ਤਾਂ ਕੀ ਕਰਨੀ ਹੈ, ਸਗੋਂ ਆਏ ਦਿਨ ਉਨ੍ਹਾਂ 'ਤੇ ਨਵੇਂ ਤੋ ਨਵੇਂ ਨਾਦਰਸ਼ਾਹੀ ਫੁਰਮਾਨ ਜਾਰੀ ਕੀਤੇ ਜਾ ਰਹੇ ਹੈ। ਉਨ੍ਹਾਂ ਆਖਿਆ ਕਿ ਐਨ.ਆਰ.ਆਈ ਵੀਰ ਹਰ ਸਮੇਂ ਕਿਸਾਨਾਂ ਦੀ ਸਹਾਇਤਾ ਲਈ ਤਿਆਰ ਹਨ। ਐਨਆਰਆਈ ਵੀਰਾਂ ਅਤੇ ਦਲਜੀਤ ਸਿੰਘ ਗੈਦੂ ਵਲੋਂ ਕਿਸਾਨਾਂ ਲਈ ਕੀਤੀ ਕੰਬਲਾਂ ਦੀ ਸੇਵਾ ਦੀ ਪ੍ਰਸ਼ੰਸਾਂ ਕਰਦਿਆਂ ਚਰਨਜੀਤ ਸਿੰਘ ਝੰਡੇਆਣਾ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ ਅਕਾਲੀ ਦਲ ਅਤੇ ਕਮਲਜੀਤ ਸਿੰਘ ਮੋਗਾ ਸੀਨੀਅਰ ਆਗੂ ਅਕਾਲੀ ਦਲ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਜਨ ਅੰਦੋਲਨ ਬਣ ਗਿਆ ਹੈ ਅਤੇ ਮੋਦੀ ਸਰਕਾਰ ਨੂੰ ਕਾਨੂੰਨ ਛੇਤੀ ਵਾਪਸ ਲੈਣੇ ਚਾਹੀਦੇ ਹਨ।
ਫੋਟੋ ਨੰਬਰ -04 ਮੋਗਾ 09 ਪੀ