
ਵਾਧੂ ਸੰਸਥਾਵਾਂ ਦੇ ਸਹਿਯੋਗ ਦੇ ਬਾਵਜੂਦ ਵੀ ਅਜੇ ਬਹੁਤ ਕੁੱਝ ਕਰਨਾ ਬਾਕੀ : ਆਸਟ੍ਰੇਲੀਆ
ਕੋਟਕਪੂਰਾ: ਭਾਵੇਂ ਕੇਂਦਰ ਸਰਕਾਰ ਦੇ ਜਬਰੀ ਠੋਸੇ ਗਏ ਕਾਨੂੰਨਾਂ ਵਿਰੁਧ ਦੇਸ਼ ਭਰ ਦੇ ਕਿਸਾਨ ਕੜਾਕੇ ਦੀ ਠੰਢ 'ਚ ਖੁੱਲ੍ਹੇ ਆਸਮਾਨ ਹੇਠ ਅਪਣੇ ਪ੍ਰਵਾਰਾਂ ਸਮੇਤ ਸੜਕਾਂ 'ਤੇ ਦਿਨ-ਰਾਤ ਧਰਨੇ ਦੇਣ ਲਈ ਮਜਬੂਰ ਹਨ ਅਤੇ ਭਾਜਪਾ ਦੇ ਕੇਂਦਰੀ ਆਗੂਆਂ ਵਲੋਂ ਉਕਤ ਮਾਮਲੇ ਨੂੰ ਹੱਲ ਕਰਨ ਦੀ ਥਾਂ ਮੀਟਿੰਗਾਂ ਦੀ ਆੜ 'ਚ ਲਮਕਾਇਆ ਜਾ ਰਿਹਾ ਹੈ
Farmers Protest
ਪਰ ਦੁਨੀਆਂ ਦੇ ਕੋਨੇ-ਕੋਨੇ 'ਚ ਬੈਠੀਆਂ ਸਮਾਜਸੇਵੀ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਨੂੰ ਕਿਸਾਨ ਵੀਰਾਂ ਦੇ ਭਵਿੱਖ ਦੀ ਚਿੰਤਾ ਵੱਢ-ਵੱਢ ਖਾ ਰਹੀ ਹੈ। ਦਿੱਲੀ ਦੇ ਕੁੰਡਲੀ ਬਾਰਡਰ 'ਤੇ ਮਾਤਾ ਜੀਤੋ ਜੀ ਸੰਸਥਾ ਅਤੇ 'ਕੇਅਰ ਵਨ ਕੇਅਰ ਆਲ ਗਰੁੱਪ ਆਸਟ੍ਰੇਲੀਆ' ਵਲੋਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਹਿਯੋਗ ਨਾਲ ਕਿਸਾਨਾ ਲਈ ਨਹਾਉਣ-ਧੋਣ ਅਤੇ ਪੀਣ ਵਾਲੇ ਪਾਣੀ ਦੀ ਸੇਵਾ ਸੰਭਾਲੀ ਹੋਈ ਹੈ।
Farmers Protest
ਜਿਥੇ ਪ੍ਰੋ. ਸਰਬਜੀਤ ਸਿੰਘ ਧੁੰਦਾ ਅਤੇ ਸੁਖਵਿੰਦਰ ਸਿੰਘ ਦਦੇਹਰ ਨੇ ਅਪਣੇ ਸਾਥੀਆਂ ਸਮੇਤ ਮੋਰਚਾ ਸੰਭਾਲਿਆ ਹੋਇਆ ਹੈ। ਉਕਤ ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਆਸਟ੍ਰੇਲੀਆ ਨੇ ਦਸਿਆ ਕਿ ਜਿਥੇ ਉਕਤ ਸੰਸਥਾਵਾਂ ਵਲੋਂ ਕਿਸਾਨ ਜਥੇਬੰਦੀਆਂ ਨੂੰ ਸਮੇਂ ਸਿਰ ਦਵਾਈਆਂ ਮੁਹਈਆ ਕਰਵਾਉਣ ਦੀਆਂ ਸੇਵਾਵਾਂ ਜਾਰੀ ਹਨ।
Farmers Protest
ਉਨਾਂ ਦਸਿਆ ਕਿ ਬਹੁਤ ਸਾਰੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਭਾਵੇਂ ਧਰਨਿਆਂ 'ਤੇ ਡਟੇ ਵੀਰ, ਭੈਣਾ, ਬੱਚਿਆਂ ਅਤੇ ਬਜ਼ੁਰਗਾਂ ਦੀ ਹਰ ਲੋੜ ਪੂਰੀ ਕਰਨ ਤੇ ਹਰ ਮੁਸ਼ਕਲ ਦੂਰ ਕਰਨ ਦੀਆਂ ਕੌਸ਼ਿਸ਼ਾਂ ਜਾਰੀ ਹਨ ਪਰ ਫਿਰ ਵੀ ਅਜੇ ਬਹੁਤ ਕੁਝ ਕਰਨ ਦੀ ਲੋੜ ਹੈ।
ਕਿਉਂਕਿ ਘਰੋਂ ਬਾਹਰ ਰਹਿਣਾ, ਕੜਾਕੇ ਦੀ ਠੰਢ, ਖੁੱਲ੍ਹਾ ਆਸਮਾਨ, ਨਹਾਉਣ, ਧੋਣ, ਜੰਗਲ-ਪਾਣੀ ਵਰਗੀਆਂ ਲੋੜਾਂ ਪੂਰੀਆਂ ਕਰਨ ਲਈ ਅਜੇ ਹੋਰ ਸਮਾਂ ਲੱਗ ਸਕਦਾ ਹੈ। ਉਨਾਂ ਆਸ ਪ੍ਰਗਟਾਈ ਕਿ ਕਿਸਾਨਾ ਦੀ ਜਿੱਤ ਨੇੜੇ ਹੈ ਅਤੇ ਉਮੀਦ ਹੈ ਕਿ ਕੇਂਦਰ ਸਰਕਾਰ ਵੀ ਦੇਸ਼ ਭਰ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਹੋਰ ਦੇਰੀ ਨਹੀਂ ਕਰੇਗੀ।