
ਦੇਸ਼ ਦੀ ਰਾਜਧਾਨੀ ਦੀ ਧੁੰਦ ਨੇ ਹਵਾ ਹੋਰ ਗੰਧਲੀ ਕੀਤੀ
ਅੰਮ੍ਰਿਤਸਰ ਤੇ ਲੁਧਿਆਣਾ ਦੀ ਹਵਾ ਗੁਣਵੱਤਾ ਦਾ ਅੰਕੜਾ ਹੋਰਨਾਂ ਖੇਤਰਾਂ ਨਾਲੋਂ ਵੱਧ
ਪਟਿਆਲਾ, 4 ਦਸੰਬਰ (ਜਸਪਾਲ ਸਿੰਘ ਢਿੱਲੋਂ) : ਜਿਸ ਤਰ੍ਹਾਂ ਠੰਢ ਦਾ ਪ੍ਰਕੋਪ ਵੱਧ ਰਿਹਾ ਹੈ ਇਸ ਨੇ ਦੇਸ਼ ਦੇ ਕਈ ਖੇਤਰਾਂ ਦੀ ਹਵਾ ਗੁਣਵਤਾ ਵੀ ਵਿਗਾੜ ਦਿਤੀ ਹੈ। ਜੇਕਰ ਉਤਰੀ ਖੇਤਰ ਦੇ ਕਈ ਖੇਤਰਾਂ ਤੇ ਝਾਤੀ ਮਾਰੀ ਜਾਵੇ ਤਾਂ ਗਰੇਟਰ ਨੋਇਡਾ ਤੇ ਰਾਜਧਾਨੀ ਦਿੱਲੀ ਦੀ ਹਵਾ ਗੁਣਵਤਾ 'ਚ ਵੱਡੀ ਪੱਧਰ ਵਿਗਾੜਾ ਪੈਦਾ ਹੋ ਗਿਆ ਹੈ ਭਾਵ ਹਵਾ ਗੰਧਲੀ ਹੈ, ਜੋ ਮਨੁੱਖ ਲਈ ਘਾਤਕ ਹੋ ਗਈ ਹੈ। ਅੰਕੜੇ ਦੱਸਦੇ ਹਨ ਕਿ ਨੋਇਡਾ ਦੀ ਹਵਾ ਗੁਣਵਤਾ 416 ਹੈ ਅਤਿ ਘਾਤਕ ਅੰਕੜਾ ਹੈ, ਜਦੋਂ ਕਿ ਨਵੀਂ ਦਿੱਲੀ ਦਾ ਅੰਕੜਾ ਵੀ 385 ਹੈ।
ਅੰਕੜਾ ਦਸਦੇ ਹਨ ਕਿ ਇਸ ਵੇਲੇ ਪੰਜਾਬ 'ਚ ਲੁਧਿਆਣਾ ਸ਼ਹਿਰ ਦੀ ਹਵਾ ਦੀ ਗੁਣਵਤਾ ਦਾ ਅੰਕੜਾ ਸੱਭ ਉਪਰਲੇ ਪਾਸੇ ਤੇ ਹੈ, ਜੋ ਇਸ ਵੇਲੇ 300 ਹੈ ਜਿਸ ਨੂੰ ਅਤਿ ਨਾਜ਼ੁਕ ਮੰਨਿਆ ਜਾਂਦਾ ਹੈ, ਇਸ ਦੇ ਨਾਲ ਹੀ ਅੰਮ੍ਰਿਤਸਰ ਦਾ ਅੰਕੜਾ 270 ਹੈ ਇਹ ਵੀ ਅਤਿ ਨਾਜੁਕ ਹੈ, ਇਸ ਤੋਂ ਇਲਾਵਾ ਬਠਿੰਡਾ 216, ਮੰਡੀਗੋਬਿੰਦਗੜ੍ਹ 211, ਖੰਨਾ 181, ਜਲੰਧਰ 194, ਪਟਿਆਲਾ 174, ਰੋਪੜ 127 ਅਤੇ ਚੰਡੀਗੜ੍ਹ ਦੀ ਹਵਾ ਗੁਣਵਤਾ 119 ਦਰਜ ਕੀਤੀ ਗਈ ਹੈ।
ਪੰਜਾਬ ਦੇ ਮੁਕਾਬਲੇ ਹਰਿਆਣਾ ਦੇ ਕਈ ਖੇਤਰਾਂ ਦੀ ਹਵਾ ਗੁਣਵਤਾ ਦਾ ਅੰਕੜਾ ਉਪਰਲੇ ਪੱਧਰ 'ਤੇ ਹੈ ਭਾਵ ਇਸ ਹਵਾ 'ਚ ਪ੍ਰਦੂਸਣ ਵੱਧ ਹੈ। ਅੰਕੜੇ ਦਸਦੇ ਹਨ ਕਿ ਹਰਿਆਣਾ ਦੇ ਕਈ ਖੇਤਰ ਅਤਿ ਨਜੁਕ ਸਥਿਤੀ 'ਚ ਹਨ, ਜਿਨ੍ਹਾਂ 'ਚ ਫ਼ਰੀਦਾਬਾਦ 323, ਹਿਸਾਰ 379, ਯਮੁਨਾਨਗਰ 339, ਗੁਰੂਗ੍ਰਾਮ 319, ਸੋਨੀਪਤ 303, ਪਾਨੀਪਤ 311, ਕੈਥਲ 315, ਫ਼ਤਿਹਬਾਦ 323, ਕੈਥਲ 318, ਰੋਹਤਕ 300, ਸਿਰਸਾ 199, ਪਾਨੀਪਤ 177 ਦਰਜ ਕੀਤਾ ਗਿਆ ਹੈ। ਗ਼ੌਰਤਲਬ ਹੈ ਕਿ ਜਿਥੇ ਹਵਾ ਗੁਣਵਤਾ ਦਾ ਅੰਕੜਾ 300 ਤੋਂ ਵਧੇਰੇ ਹੈ ਇਸ ਨੂੰ ਬਹੁਤ ਮਾੜੀ ਅਤੇ ਜਿਥੇ 400 ਤੋਂ ਉਪਰ ਦਾ ਅੰਕੜਾ ਹੈ ਉਥੇ ਹਵਾ ਨੂੰ ਅਤਿ ਘਾਤਕ ਦਾ ਦਰਜਾ ਦਿਤਾ ਗਿਆ ਹੈ।
ਹਵਾ ਗੁਣਵੱਤਾ 'ਚ ਆਇਆ ਵੱਡਾ ਵਿਗਾੜ
ਨੋਇਡਾ ਦੀ ਹਵਾ ਸੱਭ ਤੋਂ ਵੱਧ ਗੰਧਲੀ