
ਭਾਰਤ-ਨਿਊਜ਼ੀਲੈਂਡ ਦੂਜਾ ਟੈਸਟ ਮੈਚ : ਭਾਰਤ ਮਜ਼ਬੂਤ ਸਥਿਤੀ ’ਚ
ਮੁੰਬਈ, 4 ਦਸੰਬਰ : ਏਜਾਜ ਪਟੇਲ ਨੇ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡੇ ਜਾ ਰਹੇ 2 ਮੈਚਾਂ ਦੀ ਲੜੀ ਦੇ ਦੂਜੇ ਮੈਚ ਦੇ ਦੂਜੇ ਦਿਨ ਪਹਿਲੀ ਪਾਰੀ ਖੇਡ ਰਹੀ ਟੀਮ ਇੰਡੀਆ ਦੇ ਸਾਰੇ ਵਿਕਟ ਝਟਕਾ ਕੇ ਇਤਿਹਾਸ ਰਚ ਦਿਤਾ। ਟੈਸਟ ਕਿ੍ਰਕਟ ਦੇ ਇਤਿਹਾਸ ਵਿਚ ਇਕ ਪਾਰੀ ’ਚ 10 ਵਿਕਟਾਂ ਲੈਣ ਵਾਲੇ ਉਹ ਦੁਨੀਆਂ ਦੇ ਤੀਜੇ ਗੇਂਦਬਾਜ਼ ਬਣ ਗਏ ਹਨ। ਪਟੇਲ ਤੋਂ ਪਹਿਲਾਂ ਅਜਿਹਾ ਕਰਿਸ਼ਮਾ ਟੈਸਟ ਕਿ੍ਰਕਟ ’ਚ ਅਨਿਲ ਕੁੰਬਲੇ ਤੇ ਇੰਗਲੈਂਡ ਦੇ ਜਿਮ ਲੇਕਰ ਨੇ ਕੀਤਾ ਸੀ।
ਕੁੰਬਲੇ ਨੇ 1999 ’ਚ ਪਾਕਿਸਤਾਨ ਵਿਰੁਧ ਦਿੱਲੀ ਦੇ ਫ਼ਿਰੋਜਸ਼ਾਹ ਕੋਟਲਾ ਮੈਦਾਨ ’ਤੇ ਇਹ ਕਮਾਲ ਕੀਤਾ ਸੀ। ਜਦਕਿ ਜਿਮ ਲੇਕਰ ਨੇ ਵੀ ਇਕ ਪਾਰੀ ’ਚ 10 ਵਿਕਟਾਂ ਲਈਆਂ ਸਨ। ਏਜਾਜ ਨੂੰ ਵਧਾਈ ਦਿੰਦੇ ਹੋਏ ਕੁੰਬਲੇ ਨੇ ਟਵੀਟ ਕੀਤਾ,‘‘ਏਜਾਜ ਪਟੇਲ ਕਲੱਬ (10 ਵਿਕਟਾਂ ਲੈਣ ਵਾਲੇ) ਵਿਚ ਤੁਹਾਡਾ ਸਵਾਗਤ ਹੈ। ‘ਪਰਫ਼ੈਕਟ 10’, ਸ਼ਾਨਦਾਰ ਗੇਂਦਬਾਜ਼ੀ। ਟੈਸਟ ਮੈਚ ਦੇ ਪਹਿਲੇ ਅਤੇ ਦੂਜੇ ਦਿਨ ਅਜਿਹਾ ਕਰਨਾ ਬੇਹਦ ਖ਼ਾਸ ਉਪਲਬਧੀ ਹੈ।’’ ਇੰਗਲੈਂਡ ਦੇ ਲੇਕਰ ਨੇ 1956 ਵਿਚ ਪਹਿਲੀ ਵਾਰ ਇਸ ਦੁਰਲਭ ਉਪਲਬਧੀ ਨੂੰ ਅਪਣੇ ਨਾਂ ਕੀਤਾ ਸੀ।
ਇਸ ਦੇ ਨਾਲ ਹੀ ਭਾਰਤ ਨੇ ਮੈਚ ’ਤੇ ਅਪਣੀ ਪਕੜ ਮਜ਼ਬੂਤ ਕਰ ਲਈ ਹੈ। ਭਾਰਤੀ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਦੀ ਪਹਿਲੀ ਪਾਰੀ 62 ਦੌੜਾਂ ’ਤੇ ਹੀ ਖ਼ਤਮ ਕਰ ਦਿਤੀ। ਇਸ ਤੋਂ ਬਾਅਦ ਭਾਰਤ ਦੀ ਦੂਜੀ ਪਾਰੀ ਦੀ ਸ਼ੁਰੂਆਤ ਵੀ ਠੋਸ ਰਹੀ। ਭਾਰਤ ਨੇ ਦੂਜੇ ਟੈਸਟ ਮੈਚ ਵਿਚ ਨਿਊਜ਼ੀਲੈਂਡ ਦੀ ਪਹਿਲੀ ਪਾਰੀ ਮਹਿਜ਼ 62 ਦੌੜਾਂ ’ਤੇ ਕੱਠੀ ਕਰਨ ਤੋਂ ਬਾਅਦ ਦੂਜੇ ਦਿਨ ਦੀ ਖੇਡ ਖ਼ਤਮ ਹੋਣ ’ਤੇ ਦੂਜੀ ਪਾਰੀ ਵਿਚ ਬਿਨਾਂ ਕਿਸੇ ਨੁਕਸਾਨ ਦੇ 69 ਦੌੜਾਂ ਬਣਾ ਕੇ ਅਪਣਾ ਕੁੱਲ 332 ਦੌੜਾਂ ਦਾ ਵਾਧਾ ਕਰ ਲਿਆ। ਸਨਿਚਰਵਾਰ ਨੂੰ ਖੇਡ ਖ਼ਤਮ ਹੋਣ ਤਕ ਮਯੰਕ ਅਗਰਵਾਲ (38) ਅਤੇ ਚੇਤੇਸ਼ਰ ਪੁਜਾਰਾ (29) ਕਰੀਜ਼ ’ਤੇ ਮੌਜੂਦ ਸਨ। ਇਸ ਤੋਂ ਪਹਿਲਾਂ ਖੱਬੇ ਹੱਥ ਦੇ ਸਪਿਨਰ ਏਜਾਜ ਪਟੇਲ ਟੈਸਟ ਕ੍ਰਿਕਟ ਵਿਚ ਇਕ ਪਾਰੀ ਦੇ ਸਾਰੇ 10 ਵਿਕਟ ਲੈਣ ਵਾਲੇ ਦੁਨੀਆਂ ਦੇ ਤੀਜੇ ਗੇਂਦਬਾਜ਼ ਬਣ ਗਏ, ਜਿਸ ਨਾਲ ਭਾਰਤੀ ਟੀਮ ਪਹਿਲੀ ਪਾਰੀ ਵਿਚ 325 ਦੌੜਾਂ ’ਤੇ ਆਊਟ ਹੋ ਗਈ ਸੀ। ਭਾਰਤ ਕੋਲ ਹੁਣ 332 ਦੌੜਾਂ ਦਾ ਵਿਸ਼ਾਲ ਵਾਧਾ ਹੈ, ਜਦੋਂਕਿ ਤਿੰਨ ਦਿਨਾਂ ਦੀ ਖੇਡ ਹਾਲੇ ਬਾਕੀ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਪਾਰੀ ਸਿਰਫ਼ 28.1 ਓਵਰਾਂ ਤਕ ਚਲੀ ਅਤੇ ਭਾਰਤ ਵਿਰੁਧ ਕਿਸੇ ਟੀਮ ਦਾ ਇਹ ਘੱਟੋ ਘੱਟ ਟੈਸਟ ਸਕੋਰ ਹੈ। ਨਿਊਜ਼ੀਲੈਂਡ ਲਈ ਅੱਜ ਦਾ ਦਿਨ ‘ਕਦੇ ਖ਼ੁਸ਼ੀ, ਕਦੇ ਗ਼ਮ’ ਵਾਲਾ ਰਿਹਾ, ਜਿਥੇ ਇਕ ਪਾਸੇ ਪਟੇਲ ਨੇ ਗੇਂਦਬਾਜ਼ੀ ਵਿਚ ਇਤਿਹਾਸ ਰਚਿਆ ਤਾਂ ਦੂਜੇ ਪਾਸੇ ਬੱਲੇਬਾਜ਼ਾਂ ਨੇ ਵੀ ਅਜਿਹਾ ਰਿਕਾਰਡ ਟੀਮ ਦੇ ਨਾਂ ਕੀਤਾ, ਜਿਸ ਨੂੰ ਉਹ ਕਦੇ ਯਾਦ ਨਹੀਂ ਰਖਣਾ ਚਾਹੇਗੀ। ਭਾਰਤ ਦੀਆਂ ਮਯੰਕ ਅਗਰਵਾਲ ਦੀਆਂ 150 ਦੌੜਾਂ ਅਤੇ ਅਕਸ਼ਰ ਪਟੇਲ ਦੀਆਂ 52 ਦੌੜਾਂ ਦੀ ਮਦਦ ਨਾਲ ਪਹਿਲੀ ਪਾਰੀ ਵਿਚ 325 ਦੌੜਾਂ ਸਨ। ਗੇਂਦਬਾਜ਼ੀ ਵਿਚ ਭਾਰਤ ਦੇ ਰਵੀਚੰਦਰਨ ਅਸ਼ਵਿਨ ਨੇ 4, ਮੁਹੰਮਦ ਸਿਰਾਜ ਨੇ 3, ਅਕਸ਼ਰ ਪਟੇਲ 2 ਅਤੇ ਜਯੰਤ ਯਾਦਵ ਨੇ ਇਕ ਵਿਕਟ ਹਾਸਲ ਕੀਤੀ। (ਏਜੰਸੀ)