
ਬਾਣੀ ਉਚਾਰਨ ਦੀ ਪਰੰਪਰਾ ਅਤੇ ਸਿਧਾਂਤ ਨੂੰ ਨਿਰੰਤਰ ਸੰਵਾਦ ਰਾਹੀਂ ਜਾਰੀ ਰੱਖਣ ਦੀ ਲੋੜ : ਸਿੱਖ ਵਿਦਵਾਨ
ਪੰਥਕ ਸਮਾਗਮ ’ਚ ਗਿਆਨੀ ਕੇਵਲ ਸਿੰਘ, ਪ੍ਰੋ. ਮਨਜੀਤ ਸਿੰਘ ਤੇ ਗਿਆਨੀ ਜਾਚਕ ਨੇ ਵੀ ਰੱਖੇ ਵਿਚਾਰ
ਚੰਡੀਗੜ੍ਹ, 5 ਦਸੰਬਰ (ਭੁੱਲਰ) : ਅੱਜ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਵਿਖੇ ਪੰਥਕ ਸਮਾਗਮ ਵਿਚ ਸਿੱਖ ਵਿਦਵਾਨਾਂ ਵਲੋਂ ਬਿਆਨ ਜਾਰੀ ਕੀਤਾ ਗਿਆ ਕਿ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨਾਲ ਗੁਰਸਿੱਖਾਂ ਵਾਂਗ ਨਿਭਦਿਆਂ, ਬਾਣੀ ਉਚਾਰਨ ਦੀ ਪਰੰਪਰਾ ਅਤੇ ਸਿਧਾਂਤ ਨੂੰ ਨਿਰੰਤਰ ਸੰਵਾਦ ਰਾਹੀਂ ਜਾਰੀ ਰੱਖਣ ਦੀ ਲੋੜ ਹੈ ਕਿਉਂਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਵਿਖੇ ਪ੍ਰਚਾਰੀ ਉਚਾਰਨ ਪ੍ਰਣਾਲੀ ਗੁਰੂ-ਕਾਲ ਸਮੇਤ ਸੰਪਰਦਾਈ, ਸਿੰਘ ਸਭਾਈ ਅਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਦੁਆਰਾ ਸਥਾਪਤ ਸੰਥਿਆ ਪ੍ਰਣਾਲੀ ਨੂੰ ਮੁੱਢੋਂ ਹੀ ਰੱਦ ਕਰਦੀ ਹੈ। ‘ਜਥੇਦਾਰ’ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅਜਿਹੀ ਵਿਚਾਰ ਚਰਚਾ ਅਤੇ ਇਸ ’ਤੇ ਆਧਾਰਤ ਲਿਖਤਾਂ ਨੂੰ ਲਿਖਣ ਜਾਂ ਛਾਪਣ ’ਤੇ ਪਾਬੰਦੀ ਲਗਾਉਣ ਦੀ ਇਕ ਪਾਸੜ ਸੋਚ ਤੋਂ ਗੁਰੇਜ਼ ਕੀਤਾ ਜਾਵੇ, ਤਾਕਿ ਗੁਰੂਕਿਆਂ ਵਿਚ ਗੁਰਬਾਣੀ ਦੇ ਉਚਾਰਨ ਜਾਂ ਅਰਥਾਂ ਕਾਰਨ ਦੁਬਿਧਾ ਪੈਦਾ ਨਾ ਹੋ ਸਕੇ। ਇਸ ਮਤੇ ਦੀ ਕਾਪੀ ‘ਜਥੇਦਾਰ’ ਨੂੰ ਵਿਚਾਰ ਲਈ ਭੇਜੀ ਜਾਵੇਗੀ।
ਇਸ ਸਮਾਗਮ ਦੀ ਪ੍ਰਧਾਨਗੀ ਪਿ੍ਰੰਸੀਪਲ ਨਰਿੰਦਰਬੀਰ ਸਿੰਘ ਵਲੋਂ ਕੀਤੀ ਗਈ। ਪ੍ਰੋਫ਼ੈਸਰ ਸ਼ਾਮ ਸਿੰਘ ਨੇ ਸਵਾਗਤੀ ਭਾਸ਼ਣ ਕੀਤਾ, ਗਿਆਨੀ ਕੇਵਲ ਸਿੰਘ ਵਲੋਂ ਕੂੰਜੀਵਤ ਸ਼ਬਦ ਕਹੇ ਗਏ। ਸਮਾਗਮ ਦਾ ਮੁੱਖ ਪਰਚਾ ਡਾ. ਬਲਕਾਰ ਸਿੰਘ ਨੇ ਪੇਸ਼ ਕੀਤਾ ਜਿਸ ਬਾਰੇ ਡਾ. ਕੇਹਰ ਸਿੰਘ ਨੇ ਸੰਖੇਪ ਟਿਪਣੀ ਕੀਤੀ। ਗਿਆਨੀ ਜਗਤਾਰ ਸਿੰਘ ਜਾਚਕ ਨੇ ਗੁਰਬਾਣੀ ਦੀ ਵਿਆਕਰਣ ਬਾਰੇ ਵਿਚਾਰ ਪੇਸ਼ ਕੀਤੇ। ਗਿਆਨੀ ਅਵਤਾਰ ਸਿੰਘ ਨੇ ਗੁਰਬਾਣੀ ਦੇ ਉਚਾਰਨ ਬਾਰੇ ਕੀਤੇ ਜਾ ਰਹੇ ਫੁੱਟ-ਪਾਉ ਕਾਰਜਾ ਬਾਰੇ ਜਾਣਕਾਰੀ ਦਿਤੀ।
ਪਿ੍ਰੰਸੀਪਲ ਰਾਜਵਿੰਦਰ ਸਿੰਘ ਅਕਾਲ ਕਾਲਜ ਮਸਤੂਆਣਾ ਨੇ ਸ਼ੁਧ ਉਚਾਰਨ ਬਾਰੇ ਟਿਪਣੀਆਂ ਕੀਤੀਆਂ। ਗਿਆਨੀ ਸਵਰਨ ਸਿੰਘ ਮਹਿਰੋਲੀ ਦਿੱਲੀ ਨੇ ਵਿਚਾਰ ਚਰਚਾ ਵਿਚ ਭਾਗ ਲਿਆ।
ਭਾਈ ਹਰਦੀਪ ਸਿੰਘ ਮੈਂਬਰ ਸ਼੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖ਼ਤ ਦੇ ਜਥੇਦਾਰ ਦੀ ਇਕ ਪਾਸੜ ਭੂਮਿਕਾ ਤੇ ਸ਼ੰਕੇ ਪ੍ਰਗਟ ਕੀਤੇ। ਪ੍ਰੋ. ਮਨਜੀਤ ਸਿੰਘ ਜਥੇਦਾਰ ਕੇਸਗੜ੍ਹ ਸਾਹਿਬ ਨੇ ਸਮਾਗਮ ਦਾ ਤੱਤ ਸਾਰ ਪੇਸ਼ ਕੀਤਾ। ਗੁਰਪ੍ਰੀਤ ਸਿੰਘ ਅਤੇ ਜਸਵਿੰਦਰ ਸਿੰਘ ਐਡਵੋਕੇਟ ਨੇ ਵਿਚਾਰ ਚਰਚਾ ਵਿਚ ਭਾਗ ਲਿਆ। ਆਈ ਹੋਈ ਸੰਗਤ ਦਾ ਧਨਵਾਦ ਡਾ. ਖ਼ੁਸ਼ਹਾਲ ਸਿੰਘ ਵਲੋਂ ਕੀਤਾ ਗਿਆ।