
ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਭਲਕੇ ਕੀਤਾ ਤਲਬ
ਮੋਹਾਲੀ : ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੀਆਂ ਸਰਕਾਰਾਂ ਵਿਚ ਹੋਏ ਵੱਡੇ ਘਪਲਿਆਂ ਦੀ ਜਾਂਚ ਕਰ ਰਹੀ ਹੈ। ਪੰਜਾਬ ਵਿਜੀਲੈਂਸ ਦੀ ਰਾਡਾਰ ‘ਤੇ ਇਕ ਹੋਰ ਕਾਂਗਰਸੀ ਵਿਧਾਇਕ ਆ ਚੁੱਕੇ ਹਨ। ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ 'ਤੇ ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ਿਕੰਜਾ ਕੱਸਿਆ ਹੈ ਅਤੇ ਵਿਜੀਲੈਂਸ ਵਿਭਾਗ ਨੇ ਬਰਿੰਦਰਮੀਤ ਸਿੰਘ ਪਾਹੜਾ ਨੂੰ ਤਲਬ ਕੀਤਾ ਹੈ।
ਮੰਗਲਵਾਰ 6 ਦਸੰਬਰ ਨੂੰ ਉਹ ਵਿਜੀਲੈਂਸ ਦਫਤਰ ਗੁਰਦਾਸਪੁਰ ਵਿਖੇ ਸਵੇਰੇ 10 ਵਜੇ ਦੀ.ਐਸ.ਪੀ. ਸਾਹਮਣੇ ਪੇਸ਼ ਹੋਣਗੇ। ਵਿਜੀਲੈਂਸ ਬਿਊਰੋ ਨੇ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਗੁਰਦਾਸਪੁਰ ਦੇ ਵਿਧਾਇਕ ਪਾਹੜਾ ’ਤੇ ਸ਼ਿਕੰਜਾ ਕੱਸਦੇ ਹੋਏ ਉਨ੍ਹਾਂ ਨੂੰ ਵਿਜੀਲੈਂਸ ਦਫਤਰ ’ਚ ਤਲਬ ਕੀਤਾ ਹੈ। ਵਿਧਾਇਕ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਕਾਂਗਰਸ ਦੇ ਦਫਤਰ ’ਚ ਆਪਣੀ ਸੱਤਾ ਦੀ ਦੁਰਵਰਤੋਂ ਕਰਦੇ ਹੋਏ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕੀਤੀ ਹੈ। ਇਸੇ ਦੇ ਆਧਾਰ ’ਤੇ ਵਿਜੀਲੈਂਸ ਨੇ ਉਸ ਨੂੰ ਆਪਣਾ ਪੱਖ ਦੇਣ ਲਈ ਸੱਦਿਆ ਹੈ।
ਜ਼ਿਕਰਯੋਗ ਹੈ ਕਿ ਲੰਘੇ ਹਫ਼ਤੇਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ 'ਤੇ ਵੀ ਵਿਜੀਲੈਂਸ ਬਿਊਰੋ ਨੇ ਸ਼ਿਕੰਜਾ ਕੱਸਿਆ ਹੋਇਆ ਹੈ। ਇਸ ਦੌਰਾਨ ਉਨ੍ਹਾਂ ਨੂੰ ਪਿਛਲੇ ਹਫ਼ਤੇ ਬਿਊਰੋ ਦਫਤਰ ਪੇਸ਼ ਹੋਣ ਲਈ ਕਿਹਾ ਗਿਆ ਸੀ। ਓ.ਪੀ. ਸੋਨੀ ਖ਼ਿਲਾਫ਼ ਲੱਗੇ ਇਲਜ਼ਾਮਾਂ ਦੇ ਅਧਾਰ 'ਤੇ ਵਿਜੀਲੈਂਸ ਬਿਊਰੋ ਵਲੋਂ ਉਨ੍ਹਾਂ ਨੂੰ 35 ਸਵਾਲਾਂ ਦੀ ਇੱਕ ਪ੍ਰਸ਼ਨ ਸੂਚੀ ਵੀ ਦਿੱਤੀ ਗਈ ਸੀ। ਇਸ ਲਈ ਉਨ੍ਹਾਂ ਨੂੰ ਸੱਤ ਦਿਨ ਦਾ ਸਮਾਂ ਦਿੱਤਾ ਗਿਆ ਸੀ ਤਾਂ ਕਿ ਉਹ ਇਨ੍ਹਾਂ ਜਵਾਬਾਂ ਦੇ ਅਧਾਰ 'ਤੇ ਸੱਚ ਅਤੇ ਝੂਠ ਨੂੰ ਪਛਾਣ ਸਕਣ। ਜਾਣਕਾਰੀ ਅਨੁਸਾਰ ਓ.ਪੀ. ਸੋਨੀ ਮੰਗਲਵਾਰ 6 ਦਸੰਬਰ ਨੂੰ ਸਵੇਰੇ ਵਿਜੀਲੈਂਸ ਬਿਊਰੋ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਣਗੇ।
ਉਧਰ, ਭਲਕੇ ਹੀ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਵੀ ਪੇਸ਼ ਹੋਣਗੇ। ਅੰਮ੍ਰਿਤਸਰ ਵਿਚ ਓ.ਪੀ. ਸੋਨੀ ਵਿਜੀਲੈਂਸ ਬਿਊਰੋ ਦੇ ਐਸ.ਐਸ.ਪੀ. ਵਰਿੰਦਰ ਸਿੰਘ ਸੰਧੂ ਸਾਹਮਣੇ ਪੇਸ਼ ਹੋਣਗੇ ਅਤੇ ਉਧਰ ਵਿਧਾਇਕ ਪਾਹੜਾ ਦੀ.ਐਸ.ਪੀ. ਵਿਜੀਲੈਂਸ ਗੁਰਦਾਸਪੁਰ ਨਿਰਮਲ ਸਿੰਘ ਦੇ ਦਫਤਰ ਪਹੁੰਚਣਗੇ। ਗੁਰਦਾਸਪੁਰ ਦੇ ਵਿਧਾਇਕ ਪਾਹੜਾ ਵੀ ਰਸੂਖਦਾਰ ਕਾਂਗਰਸੀ ਆਗੂ ਹਨ। ਆਮ ਆਦਮੀ ਪਾਰਟੀ ਦੇ ਹੱਕ ਵਿਚ ਇਨ੍ਹਾਂ ਚੋਣਾਂ ਦੌਰਾਨ ਵੋਟਰਾਂ ਦੀ ਹਨ੍ਹੇਰੀ ਦੇ ਬਾਵਜੂਦ ਬਰਿੰਦਰਮੀਤ ਸਿੰਘ ਪਾਹੜਾ 'ਆਪ' ਉਮੀਦਵਾਰ 'ਤੇ ਜੇਤੂ ਰਹੇ।