
10 ਦਸੰਬਰ ਤੱਕ ਦਾ ਦਿੱਤਾ ਸਮਾਂ
ਸੰਗਰੂਰ - ਗੰਨਾ ਕਾਸ਼ਤਕਾਰਾਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਧੂਰੀ ਸ਼ੂਗਰ ਮਿੱਲ ਵੱਲ੍ਹ ਉਨ੍ਹਾਂ ਦੇ ਬਕਾਏ (6 ਕਰੋੜ ਰੁਪਏ) 10 ਦਸੰਬਰ ਤੋਂ ਪਹਿਲਾਂ ਜਾਰੀ ਨਾ ਕੀਤੇ, ਤਾਂ ਉਹ ਅੰਦੋਲਨ ਕਰਨਗੇ।
ਗੰਨਾ ਉਤਪਾਦਕ ਸੰਘਰਸ਼ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਬੁਗਰਾ ਨੇ ਕਿਹਾ, “ਅਸੀਂ ਮਿੱਲ ਪ੍ਰਬੰਧਕਾਂ ਵੱਲੋਂ ਸਾਡੇ 6 ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ ਦੀ ਉਡੀਕ ਕਰ ਰਹੇ ਹਾਂ। ਸਾਡੇ ਪੈਸੇ ਮਾਰਚ ਤੱਕ ਜਾਰੀ ਹੋ ਜਾਣੇ ਚਾਹੀਦੇ ਸਨ, ਕਿਉਂਕਿ ਗੰਨੇ ਦਾ ਸੀਜ਼ਨ ਫਰਵਰੀ ਵਿੱਚ ਖਤਮ ਹੋ ਗਿਆ ਸੀ।
ਕਿਸਾਨ ਧੂਰੀ ਵਿੱਚ ਮੁੱਖ ਮੰਤਰੀ ਦਫ਼ਤਰ ਦੇ ਬਾਹਰ ਧਰਨਾ ਦੇ ਰਹੇ ਸਨ, ਪਰ ਸੂਬਾ ਸਰਕਾਰ ਵੱਲੋਂ ਭਰੋਸਾ ਦਿੱਤੇ ਜਾਣ ਮਗਰੋਂ ਪ੍ਰਦਰਸ਼ਨ ਟਾਲ ਦਿੱਤਾ ਗਿਆ।
ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਮਿੱਲ ਅਧਿਕਾਰੀਆਂ ਨੇ 21 ਨਵੰਬਰ ਨੂੰ 24 ਲੱਖ ਰੁਪਏ ਜਾਰੀ ਕੀਤੇ ਸਨ, ਪਰ ਉਸ ਤੋਂ ਬਾਅਦ ਕੋਈ ਅਦਾਇਗੀ ਨਹੀਂ ਕੀਤੀ ਗਈ।
ਬੁਗਰਾ ਨੇ ਕਿਹਾ, "ਸਰਕਾਰ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹ ਬਕਾਇਦਾ ਰਕਮ 10 ਦਸੰਬਰ ਤੋਂ ਪਹਿਲਾਂ ਅਦਾ ਕਰਵਾ ਦੇਣਗੇ। ਜੇਕਰ ਪ੍ਰਸ਼ਾਸਨ ਅਜਿਹਾ ਕਰਨ ਵਿੱਚ ਨਾਕਾਮ ਰਹਿੰਦਾ ਹੈ, ਤਾਂ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ।"
ਧੂਰੀ ਦੇ ਐਸ.ਡੀ.ਐਮ. ਅਮਿਤ ਗੁਪਤਾ ਨੇ ਕਿਹਾ ਕਿ ਉਹ ਗੰਨਾ ਉਤਪਾਦਕਾਂ ਦੀ ਅਦਾਇਗੀ ਜਾਰੀ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।