
ਐਮਸੀਡੀ ਚੋਣਾਂ : ਕੇਜਰੀਵਾਲ ਸਮੇਤ ਕਈ ਸਿਆਸੀ ਆਗੂਆਂ ਨੇ ਪਾਈ ਵੋਟ
ਨਵੀਂ ਦਿੱਲੀ, 4 ਦਸੰਬਰ : ਦਿੱਲੀ ਨਗਰ ਨਿਗਮ ਦੇ 250 ਵਾਰਡਾਂ 'ਚ ਚੋਣਾਂ ਲਈ ਸਖ਼ਤ ਸੁਰੱਖਿਆ ਦਰਮਿਆਨ ਵੋਟਾਂ ਪੈ ਰਹੀਆਂ ਹਨ | ਵੋਟਾਂ ਸਵੇਰੇ 8 ਵਜੇ ਤੋਂ ਸ਼ੁਰੂ ਹੋਈਆਂ, ਜੋ ਕਿ ਸ਼ਾਮ ਸਾਢੇ 5 ਵਜੇ ਪਈਆਂ | ਵੋਟਾਂ ਨੂੰ ਲੈ ਕੇ ਜਿਥੇ ਆਮ ਜਨਤਾ 'ਚ ਉਤਸ਼ਾਹ ਵੇਖਣ ਨੂੰ ਮਿਲਿਆ, ਉਥੇ ਹੀ ਨੇਤਾ ਵੀ ਵੋਟ ਪਾਉਣ ਲਈ ਪੁੱਜੇ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਵੋਟ ਪਾਉਣ ਲਈ ਪੁੱਜੇ | ਕੇਜਰੀਵਾਲ ਨੇ ਸਿਵਲ ਲਾਈਨ ਖੇਤਰ ਦੇ ਇਕ ਪੋਲਿੰਗ ਸਟੇਸ਼ਨ 'ਤੇ ਵੋਟ ਪਾਈ | ਕੇਜਰੀਵਾਲ ਤੋਂ ਇਲਾਵਾ ਭਾਜਪਾ ਨੇਤਾ ਹਰਸ਼ਵਰਧਨ, ਪ੍ਰਵੇਸ਼ ਵਰਮਾ, ਕਾਂਗਰਸ ਨੇਤਾ ਅਜੇ ਮਾਕਨ, ਅਲਕਾ ਲਾਂਬਾ ਸਮੇਤ ਕਈ ਸਿਆਸੀ ਆਗੂਆਂ ਨੇ ਐਮਸੀਡੀ ਚੋਣਾਂ ਲਈ ਵੋਟ ਪਾਈ |
ਸਾਰੇ ਨੇਤਾਵਾਂ ਨੇ ਲੋਕਾਂ ਨੂੰ ਵਧ ਤੋਂ ਵਧ ਗਿਣਤੀ 'ਚ ਵੋਟ ਪਾਉਣ ਦੀ ਅਪੀਲ ਕੀਤੀ ਹੈ | ਕੇਜਰੀਵਾਲ ਨੇ ਲੋਕਾਂ ਨੂੰ ਇਕ ਈਮਾਨਦਾਰ ਸਰਕਾਰ ਬਣਾਉਣ ਲਈ ਵੋਟ ਪਾਉਣ ਦੀ ਅਪੀਲ ਕੀਤੀ ਹੈ | ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਵਾਸੀਆਂ ਨੂੰ ਭਿ੍ਸ਼ਟਾਚਾਰ ਮੁਕਤ ਸਰਕਾਰ ਲਈ ਵੋਟ ਪਾਉਣ ਦੀ ਅਪੀਲ ਕੀਤੀ |
ਉਧਰ ਡਾ. ਹਰਸ਼ਵਰਧਨ ਨੇ ਵੋਟ ਪਾਉਣ ਮਗਰੋਂ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਦਿੱਲੀ ਤੋਂ ਵੱਡੀ ਗਿਣਤੀ 'ਚ ਲੋਕ ਵੋਟ ਪਾਉਣਗੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਜਪਾ ਨੇ ਦੇਸ਼ ਨੂੰ ਨਵੀਆਂ ਉੱਚਾਈਆਂ 'ਤੇ ਪਹੁੰਚਾਇਆ ਹੈ ਅਤੇ ਇਥੋਂ ਤਕ ਕਿ ਦਿੱਲੀ ਨੇ ਵੀ ਪਿਛਲੇ 15 ਸਾਲਾਂ
'ਚ ਭਾਜਪਾ ਦਾ ਕੰਮ ਵੇਖਿਆ ਹੈ | ਦਸਣਯੋਗ ਹੈ ਕਿ ਦਿੱਲੀ ਨਗਰ ਨਿਗਮ ਦੇ 250 ਵਾਰਡਾਂ ਲਈ ਵੋਟਿੰਗ ਸ਼ਾਮ ਸਾਢੇ 5 ਵਜੇ ਖ਼ਤਮ ਹੋਈ | ਵੋਟਾਂ ਦੀ ਗਿਣਤੀ ਬੁਧਵਾਰ 7 ਦਸੰਬਰ ਨੂੰ ਹੋਵੇਗੀ | 250 ਵਾਰਡਾਂ 'ਚੋਂ 104 ਵਾਰਡ ਔਰਤਾਂ ਲਈ ਰਾਖਵੇਂ ਹਨ | ਇਨ੍ਹਾਂ ਚੋਣਾਂ 'ਚ 709 ਔਰਤਾਂ ਅਤੇ 640 ਪੁਰਸ਼ ਉਮੀਦਵਾਰਾਂ ਸਮੇਤ ਕੁਲ 1,349 ਉਮੀਦਵਾਰ ਮੈਦਾਨ ਵਿਚ ਹਨ | ਇਸ ਚੋਣਾਂ 'ਚ ਭਾਜਪਾ ਅਤੇ 'ਆਪ' ਦੋਹਾਂ ਨੇ 250 ਉਮੀਦਵਾਰ ਉਤਾਰੇ ਹਨ, ਜਦਕਿ ਕਾਂਗਰਸ 247 ਸੀਟਾਂ 'ਤੇ ਚੋਣ ਲੜ ਰਹੀ ਹੈ | (ਏਜੰਸੀ)