Khanuri Border News : ਕਿਹਾ -ਕਿਸਾਨਾਂ ਨੂੰ MSP ਦੇਣ ਨਾਲ 5 ਗੁਣਾਂ ਪੈਸਾ ਕਿਸਾਨਾਂ ਕੋਲ ਵਾਪਿਸ ਆਵੇਗਾ, ਡੱਲੇਵਾਲ ਦਾ ਮਰਨ ਵਰਤ ਦਾ 10ਵਾਂ ਦਿਨ ਜਾਰੀ
Khanuri Border News : ਮਾਣਯੋਗ ਉਪ ਰਾਸ਼ਟਰਪਤੀ ਵੱਲੋਂ ਕਿਸਾਨਾਂ ਉੱਪਰ ਦਿੱਤੇ ਬਿਆਨਾਂ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਅਸੀਂ ਮਾਣਯੋਗ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਤੱਥਾਂ ਸਮੇਤ ਇੱਕ ਵਿਸਤ੍ਰਿਤ ਪੱਤਰ ਲਿਖਿਆ ਹੈ ਜੋ ਹੇਠ ਲਿਖੇ ਅਨੁਸਾਰ ਹੈ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ MSP ਗਾਰੰਟੀ ਕਾਨੂੰਨ ਬਣਾਉਣ ਅਤੇ ਸਵਾਮੀਨਾਥਨ ਕਮਿਸ਼ਨ ਦੇ C2+50% ਫਾਰਮੂਲੇ ਅਨੁਸਾਰ MSP ਨਿਰਧਾਰਤ ਕਰਨ ਸਮੇਤ 12 ਮੰਗਾਂ ਦੀ ਪੂਰਤੀ ਲਈ ਮਰਨ ਵਰਤ ਦਾ ਅੱਜ 10ਵਾਂ ਦਿਨ ਹੈ। ਉਹਨਾਂ ਐਲਾਨ ਕੀਤਾ ਹੋਇਆ ਹੈ ਕਿ ਜਾਂ ਤਾਂ ਕੇਂਦਰ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰੇ ਜਾਂ ਫੇਰ ਖਨੌਰੀ ਬਾਰਡਰ ਉੱਪਰ ਹੀ ਆਪਣੀ ਜਾਨ ਆਪਣੇ ਲੋਕਾਂ ਲਈ ਸੰਘਰਸ਼ ਲੜਦੇ ਹੋਏ ਕੁਰਬਾਨ ਕਰ ਦੇਣਗੇ।
ਮਾਣਯੋਗ ਉਪ ਰਾਸ਼ਟਰਪਤੀ ਜੀ, ਹਾਲ ਹੀ ਦੇ ਸਮੇਂ ’ਚ ਤੁਸੀਂ ਕਿਸਾਨਾਂ ਦੇ ਮੁੱਦਿਆਂ 'ਤੇ ਗੰਭੀਰਤਾ ਅਤੇ ਡੂੰਘੀ ਸਮਝ ਨੂੰ ਦਰਸਾਉਂਦੇ ਹੋਏ ਬਹੁਤ ਸਾਰੇ ਮਹੱਤਵਪੂਰਨ ਬਿਆਨ ਦਿੱਤੇ ਹਨ, ਜਿਸ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਆਉਣ ਵਾਲੇ ਸਮੇਂ 'ਚ ਇਨ੍ਹਾਂ ਮੁੱਦਿਆਂ 'ਤੇ ਕੇਂਦਰ ਸਰਕਾਰ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦੇਵੋਗੇ।2020-21 ਦੇ ਅੰਦੋਲਨ 'ਚ ਕਿਸਾਨ 13 ਮਹੀਨੇ ਸੜਕਾਂ 'ਤੇ ਬੈਠੇ ਰਹੇ ਅਤੇ ਹੁਣ 2024 'ਚ ਸ਼ੰਭੂ, ਖਨੌਰੀ ਅਤੇ ਰਤਨਾਪੁਰਾ ਬਾਰਡਰ 'ਤੇ 10 ਮਹੀਨੇ ਤੋ ਕਿਸਾਨ ਸੜਕਾਂ 'ਤੇ ਬੈਠੇ ਹਨ ਅਤੇ ਸਰਕਾਰਾਂ ਵੱਲੋਂ ਵੱਖ-ਵੱਖ ਸਮਿਆਂ 'ਤੇ ਕਿਸਾਨਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਲਈ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ 13 ਫਰਵਰੀ ਤੋਂ 'ਦਿੱਲੀ ਚੱਲੋ' ਪ੍ਰੋਗਰਾਮ ਸ਼ੁਰੂ ਕੀਤਾ ਸੀ। ਜਿਸ ਨੂੰ ਰੋਕਣ ਲਈ ਪੁਲਿਸ ਨੇ ਹਿੰਸਕ ਕਾਰਵਾਈ ਕਰਦੇ ਹੋਏ ਇੱਕ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਹੀਦ ਕੀਤਾ ਅਤੇ 5 ਕਿਸਾਨਾਂ ਦੀਆਂ ਅੱਖਾਂ ਦੀ ਰੌਸ਼ਨੀ ਖੋਹ ਲਈ ਅਤੇ 433 ਕਿਸਾਨ ਜ਼ਖਮੀ ਕੀਤੇ।
ਮਾਣਯੋਗ ਉਪ ਰਾਸ਼ਟਰਪਤੀ ਜੀ, ਜਿਨ੍ਹਾਂ ਮੁੱਦਿਆਂ 'ਤੇ ਸਾਡਾ ਅੰਦੋਲਨ ਚੱਲ ਰਿਹਾ ਹੈ, ਉਹ ਸਿਰਫ਼ ਸਾਡੀਆਂ ਮੰਗਾਂ ਹੀ ਨਹੀਂ ਸਗੋਂ ਸਰਕਾਰਾਂ ਵੱਲੋਂ ਵੱਖ-ਵੱਖ ਸਮੇਂ 'ਤੇ ਸਾਡੇ ਨਾਲ ਕੀਤੇ ਵਾਅਦੇ ਹਨ 2011 ’ਚ ਜਦੋਂ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਦੇ ਅਹੁਦੇ ਉੱਪਰ ਹੁੰਦੇ ਹੋਏ ਜਦੋਂ ਉਹ ਖਪਤਕਾਰ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨ ਸਨ ਤਾਂ ਉਨ੍ਹਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਮਾਣਯੋਗ ਡਾ. ਮਨਮੋਹਨ ਸਿੰਘ ਨੂੰ ਇੱਕ ਰਿਪੋਰਟ ਭੇਜੀ ਸੀ ਜਿਸ ’ਚ ਕਿਹਾ ਗਿਆ ਸੀ ਕਿ ਕਿਸੇ ਵੀ ਕਿਸਾਨ ਦੀ ਫ਼ਸਲ ਕਿਸੇ ਵੀ ਵਪਾਰੀ ਵੱਲੋਂ ਸਰਕਾਰ ਵੱਲੋਂ ਨਿਰਧਾਰਤ MSP ਤੋਂ ਘੱਟ ਨਾਂ ਖਰੀਦੀ ਜਾਵੇ, ਉਸ ਰਿਪੋਰਟ ਦੀ ਕਾਪੀ ਇਸ ਪੱਤਰ ਨਾਲ ਨੱਥੀ ਹੈ।
ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ ਲਈ ਬਣੇ ਡਾ. ਸਵਾਮੀਨਾਥਨ ਕਮਿਸ਼ਨ ਨੇ 2006 'ਚ ਆਪਣੀ ਰਿਪੋਰਟ ਦਿੱਤੀ ਸੀ, ਯੂ.ਪੀ.ਏ. ਸਰਕਾਰ 2014 ਤੱਕ ਸੱਤਾ 'ਚ ਰਹੀ ਪਰ ਉਹਨਾਂ ਨੇ ਉਹ ਰਿਪੋਰਟ ਲਾਗੂ ਨਹੀਂ ਕੀਤੀ। 2014 ਦੀਆਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਮਾਣਯੋਗ ਨਰਿੰਦਰ ਮੋਦੀ ਨੇ ਵਾਅਦਾ ਕੀਤਾ ਸੀ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣੇ ਤਾ ਉਹ ਸਵਾਮੀਨਾਥਨ ਕਮਿਸ਼ਨ ਦੇ C2+50% ਫਾਰਮੂਲੇ ਅਨੁਸਾਰ MSP ਤੈਅ ਕਰਨਗੇ। 2014 'ਚ ਸੱਤਾ 'ਚ ਆਉਣ ਤੋਂ ਬਾਅਦ 2015 'ਚ ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਹਲਫਨਾਮਾ ਦੇ ਕੇ ਕਿਹਾ ਸੀ ਕਿ ਉਹ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਨਹੀਂ ਕਰ ਸਕਦੀ, ਉਸ ਹਲਫਨਾਮੇ ਦੀ ਕਾਪੀ ਵੀ ਨੱਥੀ ਹੈ।
2018 ਵਿੱਚ ਪੰਜਾਬ ਦੀ ਚੀਮਾ ਮੰਡੀ ’ਚ 35 ਦਿਨਾਂ ਦੇ ਧਰਨੇ ਤੋਂ ਬਾਅਦ, ਮਾਣਯੋਗ ਅੰਨਾ ਹਜ਼ਾਰੇ ਅਤੇ ਮਾਣਯੋਗ ਜਗਜੀਤ ਸਿੰਘ ਡੱਲੇਵਾਲ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਮਰਨ ਵਰਤ ਰੱਖਿਆ, ਉਸ ਸਮੇਂ ਦੇ ਖੇਤੀਬਾੜੀ ਮੰਤਰੀ ਮਾਣਯੋਗ ਰਾਧਾ ਮੋਹਨ ਸਿੰਘ ਅਤੇ ਮਹਾਰਾਸ਼ਟਰ ਦੇ ਮਾਣਯੋਗ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਪ੍ਰਧਾਨ ਮੰਤਰੀ ਦਫ਼ਤਰ ਦੀ ਤਰਫੋ ਮਾਣਯੋਗ ਜਤਿੰਦਰ ਸਿੰਘ ਵੱਲੋ ਦਸਤਖਤ ਕੀਤੀ ਚਿੱਠੀ ਅੰਦੋਲਨਕਾਰੀ ਆਗੂਆਂ ਨੂੰ ਸੌਂਪੀ ਗਈ। ਜਿਸ ਵਿਚ ਸਪੱਸ਼ਟ ਲਿਖਿਆ ਗਿਆ ਸੀ ਕਿ ਕੇਂਦਰ ਸਰਕਾਰ ਸਵਾਮੀਨਾਥਨ ਕਮਿਸ਼ਨ ਦਾ ਸੀ2+50% ਫਾਰਮੂਲਾ 3 ਮਹੀਨਿਆਂ ਵਿਚ ਲਾਗੂ ਕਰੇਗੀ, ਪਰ 6 ਸਾਲ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਇਸ ਨੂੰ ਲਾਗੂ ਨਹੀਂ ਕੀਤਾ ਗਿਆ।
ਉਸ ਪੱਤਰ ਦੀ ਇੱਕ ਕਾਪੀ ਵੀ ਇਸ ਨਾਲ ਨੱਥੀ ਹੈ। 2020-2021 ਵਿੱਚ 378 ਦਿਨਾਂ ਤੱਕ ਚੱਲੋ ਅੰਦੋਲਨ ਨੂੰ ਮੁਅੱਤਲ ਕਰਦੇ ਹੋਏ, 9 ਦਸੰਬਰ, 2021 ਨੂੰ ਖੇਤੀਬਾੜੀ ਮੰਤਰਾਲੇ ਦੁਆਰਾ ਸਾਨੂੰ ਇੱਕ ਪੱਤਰ ਸੌਂਪਿਆ ਗਿਆ ਸੀ, ਜਿਸ ’ਚ MSP ਨੂੰ ਪ੍ਰਭਾਵੀ ਬਣਾਉਣ, ਖੇਤੀਬਾੜੀ ਦੇ ਕੰਮਾਂ ਨੂੰ ਪ੍ਰਦੂਸ਼ਣ ਕਾਨੂੰਨ ਤੋਂ ਬਾਹਰ ਕੱਢਣਾ, ਲਖੀਮਪੁਰ ਖੀਰੀ ਦੇ ਜ਼ਖਮੀਆਂ ਨੂੰ ਉਚਿਤ ਮੁਆਵਜ਼ਾ ਦੇਣਾ,ਬਿਜਲੀ ਬਿੱਲ ਨੂੰ ਸੰਸਦ ਵਿੱਚ ਪੇਸ਼ ਕਰਨ ਤੋਂ ਪਹਿਲਾਂ ਕਿਸਾਨਾਂ ਨਾਲ ਕਰਨਾ ਅਤੇ ਅੰਦੋਲਨ ਸਮੇਂ ਸਾਰੇ ਦੇਸ਼ ਵਿੱਚ ਅੰਦੋਲਨਕਾਰੀ ਕਿਸਾਨਾਂ ਦਰਜ ਮੁਕੱਦਮੇ ਵਾਪਸ ਲੈਣ ਸਮੇਤ ਕਈ ਲਿਖਤ ਵਾਅਦੇ ਕੀਤੇ ਗਏ ਸਨ ਜੋ ਅਜੇ ਤੱਕ ਪੂਰੇ ਨਹੀਂ ਹੋਏ, ਉਸ ਪੱਤਰ ਦੀ ਕਾਪੀ ਵੀ ਨੱਥੀ ਹੈ।
ਮਾਣਯੋਗ ਉਪ ਰਾਸ਼ਟਰਪਤੀ, ਸਾਰੀਆਂ ਸਰਕਾਰਾਂ ਨੇ ਸਾਡੇ ਨਾਲ ਇੰਨੇ ਵਾਅਦੇ ਕੀਤੇ ਹਨ ਕਿ ਹੁਣ ਅਸੀਂ ਇਨ੍ਹਾਂ ਸਰਕਾਰਾਂ ਦੇ ਵਾਅਦਿਆਂ 'ਤੇ ਭਰੋਸਾ ਨਹੀਂ ਕਰ ਸਕਦੇ, ਇਸ ਲਈ ਅਸੀਂ ਸੜਕਾਂ 'ਤੇ ਬੈਠ ਕੇ ਪ੍ਰਦਰਸ਼ਨ ਕਰਨ ਲਈ ਮਜਬੂਰ ਹਾਂ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਭਾਰਤ ਦੇ ਸਭ ਤੋਂ ਉੱਚੇ ਅਹੁਦੇ ਉੱਪਰ ਹੋਣ ਦੇ ਨਾਤੇ ਤੁਸੀਂ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਹੁਕਮ ਦਿਓ ਅਤੇ ਜੇਕਰ ਤੁਸੀਂ ਚਾਹੋ ਤਾਂ ਅਸੀਂ ਤੁਹਾਨੂੰ ਮਿਲ ਸਕਦੇ ਹਾਂ ਅਤੇ ਤੱਥਾਂ ਸਮੇਤ ਸਾਰੇ ਮੁੱਦਿਆਂ ਨੂੰ ਵਿਸਥਾਰ ਨਾਲ ਤੁਹਾਡੇ ਸਾਹਮਣੇ ਰੱਖ ਸਕਦੇ ਹਾਂ।
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ
ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ 9 ਦਸੰਬਰ ਨੂੰ ਜਦੋਂ ਮੋਰਚੇ ਦੇ 300 ਦਿਨ ਪੂਰੇ ਹੋ ਜਾਣਗੇ ਤਾਂ ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਆਪਣੇ ਖੇਤਰ ਦੇ MP ਦੇ ਘਰਾਂ ਅੱਗੇ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਵਿੱਚ 1 ਦਿਨ ਦੀ ਭੁੱਖ ਹੜਤਾਲ ਕਰਨਗੇ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਡਿਊਟੀ ਖਨੌਰੀ ਅਤੇ ਸ਼ੰਭੂ ਮੋਰਚੇ ਨੂੰ ਲਗਾਤਾਰ ਮਜ਼ਬੂਤ ਕਰਨ ਲਈ ਲਗਾਈ ਗਈ ਹੈ।