
ਇਸ ਮੌਕੇ ਵਿਆਹ ਵਾਲੀ ਜੋੜੀ ਵਲੋਂ ਦੁਨਿਆਵੀ ਪਹਿਰਾਵੇ ਦੀ ਥਾਂ ਖ਼ਾਲਸਾਈ ਬਾਣਾ ਪਹਿਨਿਆ ਹੋਇਆ ਸੀ
ਲੁਧਿਆਣਾ (ਸਰਬਜੀਤ ਲੁਧਿਆਣਵੀ): ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਹਵਾਸ ਦੀ ਸਪੁੱਤਰੀ ਬੀਬੀ ਗਗਨਦੀਪ ਕੌਰ ਦਾ ਵਿਆਹ ਭਾਈ ਮੰਗਲ ਸਿੰਘ ਸਪੁੱਤਰ ਸਵ: ਗੁਰਮੇਲ ਸਿੰਘ ਨਾਲ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਵਾਣਤ ਰਹਿਤ ਮਰਿਆਦਾ ਅਨੁਸਾਰ ਬੜੇ ਹੀ ਸਾਦੇ ਅਤੇ ਪ੍ਰਭਾਵਸ਼ਾਲੀ ਮਾਹੌਲ ਵਿਚ ਭਾਈ ਰਣਧੀਰ ਸਿੰਘ ਨਗਰ ਈ ਬਲਾਕ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਲੁਧਿਆਣਾ ਵਿਖੇ ਹੋਇਆ।
marriege
ਇਸ ਮੌਕੇ ਵਿਆਹ ਵਾਲੀ ਜੋੜੀ ਵਲੋਂ ਦੁਨਿਆਵੀ ਪਹਿਰਾਵੇ ਦੀ ਥਾਂ ਖ਼ਾਲਸਾਈ ਬਾਣਾ ਪਹਿਨਿਆ ਹੋਇਆ ਸੀ। ਇਸ ਵਿਆਹ ਦੀ ਸੱਭ ਤੋਂ ਵਿਸ਼ੇਸ਼ ਅਤੇ ਵਿਲੱਖਣ ਗੱਲ ਇਹ ਰਹੀ ਕਿ ਆਮ ਦੁਨਿਆਵੀ ਵਿਆਹਾਂ ਵਾਂਗ ਕੰਨ ਪਾੜਵੇਂ ਡੀ.ਜੇ. ਅਤੇ ਬੈਂਡ ਵਾਜਿਆਂ ਦੀ ਥਾਂ ਸਿੱਖ ਨੌਜਵਾਨਾਂ ਵਲੋਂ ਸਾਡੇ ਗੌਰਵਮਈ ਅਤੇ ਬਹਾਦਰੀ ਭਰੇ ਵਿਰਸੇ ਨੂੰ ਦਰਸਾਉਂਦਾ ਸਿੱਖ ਮਾਰਸ਼ਲ ਆਰਟ ਗਤਕਾ ਖੇਡ ਕੇ ਵਿਆਹ ਵਿਚ ਪਹੁੰਚੇ ਮਹਿਮਾਨਾਂ ਦੇ ਮਨ ਪਰਚਾਵੇ ਦੇ ਨਾਲ- ਨਾਲ ਉਨ੍ਹਾਂ ਵਿਚ ਨਵਾਂ ਜੋਸ਼ ਵੀ ਭਰਿਆ ਅਤੇ ਬੱਚਿਆਂ, ਨੌਜਵਾਨਾਂ ਨੂੰ ਆਉਣ ਵਾਲੇ ਸਮੇਂ ਵਿਚ ਵਿਆਹਾਂ ਮੌਕੇ ਇਸ ਵਿਲੱਖਣ ਰੀਤੀ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ।
Bibi Gagandeep Kaur Khalsa
ਅਨੰਦ ਕਾਰਜ ਦੀ ਰਸਮ ਮੌਕੇ ਵਿਸ਼ੇਸ਼ ਸੱਦੇ 'ਤੇ ਪਹੁੰਚੀ ਪ੍ਰਸਿੱਧ ਸਿੱਖ ਪ੍ਰਚਾਰਕ ਬੀਬੀ ਗਗਨਦੀਪ ਕੌਰ ਖ਼ਾਲਸਾ (ਵਜੀਦਕੇ ਖ਼ੁਰਦ) ਨੇ ਬੜੇ ਹੀ ਵਿਸਥਾਰ ਪੂਰਵਕ ਅਨੰਦ ਕਾਰਜ ਸਬੰਧੀ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਪੰਥ ਪ੍ਰਵਾਣਤ ਸਿੱਖ ਰਹਿਤ ਮਰਿਆਦਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਉਂਦੇ ਹੋਏ ਅਜੋਕੇ ਸਿੱਖ ਸਮਾਜ ਨੂੰ ਇਸ ਮਰਿਆਦਾ ਉਪਰ ਦ੍ਰਿੜਤਾ ਨਾਲ ਪਹਿਰਾ ਦੇਣ ਦੀ ਗੱਲ ਆਖੀ।
Marriege
ਇਸ ਤੋਂ ਇਲਾਵਾ ਮੀਰੀ ਪੀਰੀ ਗਤਕਾ ਸਪੋਰਟਸ ਅਕੈਡਮੀ ਲੁਧਿਆਣਾ ਦੇ ਬੱਚਿਆਂ ਬੀਬੀ ਮਨਦੀਪ ਕੌਰ ਖ਼ਾਲਸਾ, ਬੀਬੀ ਸਿਮਰਨਜੀਤ ਕੌਰ ਖ਼ਾਲਸਾ ਦੇ ਕਵੀਸ਼ਰੀ ਜਥੇ ਨੇ ਧਾਰਮਕ ਕਵਿਤਾਵਾਂ ਗਾ ਕੇ ਸਿੱਖ ਸੰਗਤ ਨੂੰ ਨਿਹਾਲ ਕੀਤਾ।