
ਅਕਾਲੀ ਦਲ 'ਚ ਉਚ ਅਹੁਦਿਆਂ ਦਾ ਅਨੰਦ ਮਾਣਨ ਵਾਲੇ ਪਾਰਟੀ ਨੂੰ ਵਿਖਾ ਰਹੇ ਨੇ ਅੱਖਾਂ : ਲੌਂਗੋਵਾਲ
ਧਨੌਲਾ (ਰਾਮ ਸਿੰਘ ਧਨੌਲਾ) : ਜਿਸ ਪਾਰਟੀ ਨੇ ਕਿਸੇ ਵੀ ਆਗੂ ਨੂੰ ਹਮੇਸ਼ਾ ਮੂਹਰਲੀਆ ਕਤਾਰਾਂ ਵਿਚ ਰੱਖ ਕੇ ਵੱਡੇ ਅਹੁਦੇ ਦੇ ਕੇ ਨਿਵਾਜਿਆ ਹੋਵੇ ਹੁਣ ਉਹੀ ਆਗੂ ਅਪਣੇ ਕਿਸੇ ਨਿੱਜੀ ਸਵਾਰਥ ਨੂੰ ਮੁੱਖ ਰੱਖ ਕੇ ਪਾਰਟੀ ਨੂੰ ਹੀ ਅੱਖਾਂ ਦਿਖਾਉਣ ਲੱਗ ਪਏ ਹਨ ਢੀਂਡਸਾ ਪਿਉ ਪੁੱਤਰ ਵਲੋਂ ਸ਼੍ਰਮੋਣੀ ਅਕਾਲੀ ਦਲ ਅਤੇ ਪਾਰਟੀ ਪ੍ਰਧਾਨ ਵਿਰੁਧ ਕੀਤੀਆਂ ਜਾਂਦੀਆਂ ਟਿੱਪਣੀਆ ਅਤਿ ਮੰਦ ਭਾਗੀ ਹਨ।
Gobind Singh Longowal
ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਸ਼ਹੀਦ ਬਾਬਾ ਨੱਥਾ ਸਿੰਘ ਦੇ ਸਾਲਾਨਾ ਸਮਾਗਮ ਦੌਰਾਨ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਕੀਤੇ। ਢੀਂਡਸਾ ਪਰਵਾਰ ਨੂੰ ਅਗਰ ਕੋਈ ਗੁੱਸਾ ਗਿਲਾ ਸੀ ਤਾਂ ਪਾਰਟੀ ਦੇ ਜ਼ਿੰਮੇਵਾਰ ਆਗੂ ਹੁੰਦੇ ਹੋਏ ਅਪਣੀ ਗੱਲ ਪਾਰਟੀ ਵਿਚ ਰੱਖਣੀ ਚਾਹੀਦੀ ਸੀ ਨਾ ਕਿ ਸ਼ਰੇਆਮ ਭੰਡੀ ਪ੍ਰਚਾਰ ਕਰਨ ਦਾ ਰਸਤਾ ਅਖਤਿਆਰ ਕਰਨਾ ਚਾਹੀਦਾ ਸੀ।
Parminder Singh Dhindsa
ਜਦੋਂ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਗੋਬਿੰਦ ਨੂੰ ਨਹੀਂ ਕਰਨੀਆਂ ਚਾਹੀਦੀਆਂ ਕੀ ਉਸਨੂੰ ਮੇਰੀਆਂ ਕੁਰਬਾਨੀਆਂ ਬਾਰੇ ਪਤਾ ਹੈ, ਰਹੀ ਗੱਲ ਪਰਮਿੰਦਰ ਦੀ ਮੰਤਰੀ ਪਦ ਦੇ ਅਹੁਦਿਆਂ 'ਤੇ ਹੁੰਦੇ ਹੋਏ ਉਸਦੀ ਕਾਰਗੁਜ਼ਾਰੀ ਇਕ ਨੰਬਰ ਦੀ ਰਹੀ ਹੈ।
Sukhbir Badal and Sukhdev Singh Dhindsa
ਉਨ੍ਹਾਂ ਕਿਹਾ ਕਿ 'ਛੱਜ ਤਾਂ ਬੋਲੇ ਛਾਨਣੀ ਕੀ ਬੋਲੇ' ਲੌਂਗੋਵਾਲ ਤਾਂ ਇਕ ਸੁਖਬੀਰ ਦੀ ਰਬੜ ਦੀ ਮੋਹਰ ਹੈ ਅਤੇ ਉਹ ਅਪਣੇ ਤੌਰ 'ਤੇ ਕੋਈ ਫ਼ੈਸਲਾ ਲੈ ਸਕਦਾ ਹੈ ? ਮੇਰੇ ਵਲੋਂ ਤਾਂ ਕੌਰ ਕਮੇਟੀ ਦੀ ਪਹਿਲੀ ਮੀਟਿੰਗ ਵਿਚ ਹੀ ਸੁਖਬੀਰ ਦੀ ਡਿਕਟੇਟਰਸ਼ਿਪ ਵਾਲੀ ਨੀਤੀ ਦੀ ਵਿਰੋਧਤਾ ਕਰਕੇ ਅਸਤੀਫ਼ਾ ਮੰਗਿਆ ਸੀ।
Shiromani Akali Dal
ਢੀਂਡਸਾ ਨੇ ਕਿਹਾ ਕਿ ਸੁਖਬੀਰ ਨੇ ਇਕ ਅਨਾੜੀ ਆਗੂ ਹੋਣ ਕਾਰਣ ਸ਼੍ਰੋਮਣੀ ਅਕਾਲੀ ਦਲ ਦੇ ਮਾਣਮੱਤੇ ਇਤਿਹਾਸ ਨੂੰ ਰੋਲ ਕੇ ਰੱਖ ਦਿਤਾ ਹੈ ਅਤੇ ਇਸਦੀ ਅਗਵਾਈ ਵਿਚ ਪਾਰਟੀ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਦੇਖਣਾ ਪਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿਚ ਹੀ ਪਹਿਲਾ ਮੌਕਾ ਹੈ ਜਦ ਅਕਾਲੀ ਦਲ ਤੋਂ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਵੀ ਜਾਂਦਾ ਰਿਹਾ।