
ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਮੰਗਲਵਾਰ ਨੂੰ ਵੀ ਰਿਹਾ ਬੰਦ, 250 ਤੋਂ ਵੱਧ ਵਾਹਨਾਂ ਨੂੰ ਕਢਿਆ
ਬਨਿਹਾਲ/ਜੰਮੂ, 5 ਜਨਵਰੀ : ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਕਈ ਥਾਵਾਂ ‘ਤੇ ਭਾਰੀ ਬਰਫ਼ਬਾਰੀ ਅਤੇ ਜ਼ਮੀਨ ਖਿਸਕਣ ਕਾਰਨ ਮੰਗਲਵਾਰ ਨੂੰ ਬੰਦ ਰਿਹਾ। ਹਾਲਾਂਕਿ, ਬਨਿਹਾਲ ਅਤੇ ਕਾਜ਼ੀਗੁੰਡ ਦੇ ਵਿਚਕਾਰਲੀ ਮੁੱਖ ਸੜਕ ਨੂੰ ਇਕ ਪਾਸਿਉਂ ਟ੍ਰੈਫ਼ਿਕ ਲਈ ਖੋਲ੍ਹਣ ਤੋਂ ਬਾਅਦ, ਇਥੇ ਫਸੀਆਂ 250 ਤੋਂ ਵੱਧ ਗੱਡੀਆਂ ਨੂੰ ਬਾਹਰ ਕੱਢਿਆ ਗਿਆ, ਜਿਨ੍ਹਾਂ ਵਿਚੋਂ ਬਹੁਤੇ ਯਾਤਰੀ ਵਾਹਨ ਸਨ।
ਜਵਾਹਰ ਸੁਰੰਗ ਨੇੜੇ ਭਾਰੀ ਬਰਫ਼ਬਾਰੀ ਤੋਂ ਬਾਅਦ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਸਨਿਚਰਵਾਰ ਰਾਤ ਨੂੰ ਬੰਦ ਹੋ ਗਿਆ ਸੀ, ਜਿਸ ਨਾਲ ਕਸ਼ਮੀਰ ਦਾ ਸੜਕੀ ਸੰਪਰਕ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਟੁਟ ਗਿਆ ਸੀ। ਇਸ ਕਾਰਨ ਇਥੇ ਦੋਵੇਂ ਪਾਸੇ 4500 ਤੋਂ ਵੱਧ ਵਾਹਨ ਫਸ ਗਏ ਸਨ। ਅਧਿਕਾਰੀਆਂ ਨੇ ਦਸਿਆ ਕਿ ਜਵਾਹਰ ਸੁਰੰਗ ਦੇ ਨੇੜੇ ਪੈ ਰਹੀ ਬਰਫ਼ਬਾਰੀ, ਜ਼ਮੀਨ ਖਿਸਕਣ, ਜ਼ਮੀਨੀ ਧੱਸਣ ਅਤੇ ਚੱਟਾਨਾਂ ਦੇ ਟੁਟਣ ਦੀਆਂ ਘਟਨਾਵਾਂ ਕਾਰਨ ਐਤਵਾਰ ਤੋਂ ਹੀ ਰਸਤਾ ਆਵਾਜਾਈ ਲਈ ਬੰਦ ਕਰ ਦਿਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸੀਮਾ ਸੜਕ ਸੰਗਠਨ (ਬੀਆਰਓ) ਵਲੋਂ ਸੋਮਵਾਰ ਸ਼ਾਮ ਤਕ ਸੜਕ ਤੋਂ ਕਾਈ ਹੱਦ ਤਕ ਬਰਫ਼ ਹਟਾਉਣ ਤੋਂ ਬਾਅਦ ਜੰਮੂ ਜਾ ਰਹੇ 100 ਟਰੱਕਾਂ ਨੂੰ ਇਥੋਂ ਕਢਿਆ ਗਿਆ ਸੀ£ ਸੋਮਵਾਰ ਦੀ ਰਾਤ ਅੱਠ ਵਜੇ ਮੁੜ ਤੋਂ ਆਵਾਜਾਈ ਨੂੰ ਰੋਕਣ ਤੋਂ ਪਹਿਲਾਂ ਕਸ਼ਮੀਰ ਘਾਟੀ ਵਲ ਜਾਣ ਵਾਲੇ ਰਸਤੇ ਨੂੰ 250 ਤੋਂ ਵੱਧ ਯਾਤਰੀ ਵਾਹਨ ਅਤੇ ਜ਼ਰੂਰੀ ਸਮਾਨ ਲੈ ਜਾਣ ਵਾਲੇ ਦਰਜਨਾਂ ਟਰੱਕਾਂ ਲਈ ਸਾਫ਼ ਕਰ ਦਿਤਾ ਗਿਆ ਸੀ। ਇਸ ਦੌਰਾਨ, ਬਨੀਹਾਲ ਦੇ ਪਿੰਡ ਤਥਾਰ-ਨੌਗਮ ਦੇ ਲੋਕਾਂ ਨੇ ਕੈਂਸਰ ਦੇ ਤਿੰਨ ਮਰੀਜ਼ਾਂ ਸਮੇਤ ਦਰਜਨਾਂ ਯਾਤਰੀਆਂ ਨੂੰ ਪਨਾਹ ਦਿਤੀ ਅਤੇ ਉਨ੍ਹਾਂ ਨੂੰ ਖੁਆਇਆ। ਬਾਅਦ ਵਿਚ ਅਧਿਕਾਰੀਆਂ ਨੇ ਉਨ੍ਹਾਂ ਨੂੰ ਅਪਣੀਆਂ ਮੰਜ਼ਲਾਂ ’ਤੇ ਜਾਣ ਦੀ ਆਗਿਆ ਦਿਤੀ। ਜੰਮੂ ਅਤੇ ਹੋਰ ਮੈਦਾਨੀ ਇਲਾਕਿਆਂ ਵਿਚ ਭਾਰੀ ਬਾਰਸ਼ ਹੋਈ ਅਤੇ ਉੱਚਾਈ ਵਾਲੇ ਇਲਾਕਿਆਂ ਵਿਚ ਲਗਾਤਾਰ ਤੀਜੇ ਦਿਨ ਰੁਕ-ਰੁਕ ਕੇ ਬਰਫ਼ਬਾਰੀ ਹੋਈ।
ਇਸ ਦੌਰਾਨ, ਕਸ਼ਮੀਰ ਵਿਚ ਅਧਿਕਾਰੀਆਂ ਨੇ ਮੰਗਲਵਾਰ ਨੂੰ ਬਰਫ਼ਬਾਰੀ ਕਾਰਨ ਰਾਸ਼ਟਰੀ ਰਾਜ ਮਾਰਗ ਬੰਦ ਹੋਣ ਕਾਰਨ ਬਾਲਣ ਦੀ ਘਾਟ ਨੂੰ ਦੂਰ ਕਰਨ ਲਈ ਵਾਹਨਾਂ ਲਈ ਪਟਰੌਲ ਅਤੇ ਡੀਜ਼ਲ ਕੋਟੇ ਨਿਰਧਾਰਤ ਕੀਤੇ। ਕਸ਼ਮੀਰ ਦੇ ਮੰਡਲ ਕਮਿਸ਼ਨਰ ਪੀ.ਕੇ. ਪੋਲ ਵਲੋਂ ਜਾਰੀ ਕੀਤੇ ਗਏ ਆਦੇਸ਼ ਅਨੁਸਾਰ ਬਸਾਂ, ਟਰੱਕਾਂ ਅਤੇ ਵਪਾਰਕ ਵਾਹਨਾਂ ਨੂੰ ਵੱਧ ਤੋਂ ਵੱਧ 20 ਲੀਟਰ ਮਿਲੇਗਾ, ਜਦਕਿ ਨਿਜੀ ਵਾਹਨ (ਚਾਰ ਪਹੀਆ ਵਾਹਨ) ਸਿਰਫ਼ 10 ਲੀਟਰ ਬਾਲਣ ਪ੍ਰਾਪਤ ਕਰਨਗੇ। ਤਿੰਨ ਪਹੀਆ ਵਾਹਨ ਚਾਲਕਾਂ ਨੂੰ ਪੰਜ ਲੀਟਰ ਮਿਲੇਗਾ ਜਦਕਿ ਦੋ ਪਹੀਆ ਵਾਹਨ ਚਾਲਕਾਂ ਨੂੰ ਸਿਰਫ਼ ਤਿੰਨ ਲੀਟਰ ਬਾਲਣ ਮਿਲੇਗਾ। ਪ੍ਰਸ਼ਾਸਨ ਨੇ ਐਲਪੀਜੀ ਸਿਲੰਡਰ ਨੂੰ ਮੁੜ ਭਰਨ ਲਈ 21 ਦਿਨਾਂ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਹੈ। (ਪੀਟੀਆਈ)