
ਹੁਣ ਉਮਰਾਨੰਗਲ ਨੇ ਮੰਗੀ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੀ ਸੀਬੀਆਈ ਜਾਂਚ
ਚੰਡੀਗੜ੍ਹ, 5 ਜਨਵਰੀ (ਸੁਰਜੀਤ ਸਿੰਘ ਸੱਤੀ): ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਕੇਸਾਂ ’ਚ ਨਾਮਜ਼ਦ ਆਈ ਜੀ (ਮੁਅੱਤਲ) ਪਰਮਰਾਜ ਸਿੰਘ ਉਮਰਾਨੰਗਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਕਰ ਕੇ ਉਨ੍ਹਾਂ ਵਿਰੁਧ ਕੀਤੀਆਂ ਵਿਭਾਗੀ ਕਾਰਵਾਈਆਂ ਰੱਦ ਕਰਨ ਤੇ ਇਨ੍ਹਾਂ ਕੇਸਾਂ ਦੀ ਜਾਂਚ ਸੀਬੀਆਈ ਕੋਲੋਂ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਮਾਮਲਿਆਂ ’ਚ ਸਰਕਾਰ ਬਦਲਣ ’ਤੇ ਬਦਲਾਖੋਰੀ ਦੀ ਭਾਵਨਾਵਾਂ ਨਾਲ ਨਾਮਜ਼ਦ ਕੀਤਾ ਗਿਆ ਹੈ, ਜਦੋਂਕਿ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਬਹਿਬਲਕਲਾਂ ਕੇਸ ’ਚ ਉਮਰਾਨੰਗਲ ਨੂੰ ਉਸ ਵੇਲੇ ਲੁਧਿਆਣਾ ਦੋ ਆਈਜੀ ਹੋਣ ਕਾਰਨ ਸੁਪਰਵਿਜਨ ਦੀ ਘਾਟ ਕਾਰਨ ਨਾਮਜ਼ਦ ਕੀਤਾ ਗਿਆ ਹੈ ਜਦੋਂਕਿ ਕੋਟਕਪੂਰਾ ਗੋਲੀਕਾਂਡ ਕੇਸ ’ਚ 2018 ’ਚ ਮੁੜ ਕੀਤੀ ਐਫ਼ਆਈਆਰ ’ਚ ਨਾਮਜ਼ਦ ਕੀਤਾ ਗਿਆ ਹੈ। ਉਮਰਾਨੰਗਲ ਦੇ ਵਕੀਲ ਜਤਿੰਦਰ ਸਿੰਘ ਗਿੱਲ ਮੁਤਾਬਕ ਸੁਪਰੀਮ ਕੋਰਟ ਦੀ ਗਾਈਡ ਲਾਈਨਸ ਹੈ ਕਿ ਇਕ ਵਾਰ ਇਕ ਘਟਨਾ ’ਚ ਐਫ਼ਆਈਆਰ ਹੋ ਚੁਕੀ ਹੋਵੇ ਤਾਂ ਮੁੜ ਦੂਜੀ ਐਫ਼ਆਈਆਰ ਨਹੀਂ ਕੀਤੀ ਜਾ ਸਕਦੀ, ਲਿਹਾਜਾ ਨਵੀਂ ਐਫ਼ਆਈਆਰ ਰੱਦ ਕੀਤੀ ਜਾਣੀ ਚਾਹੀਦੀ ਹੈ। ਪਟੀਸ਼ਨ ’ਚ ਉਮਰਾਨੰਗਲ ਨੇ ਇਹ ਦੋਸ਼ ਵੀ ਲਗਾਇਆ ਹੈ ਕਿ ਐਸਆਈਟੀ ਦੇ ਕਈ ਮੈਂਬਰ ਹਨ ਪਰ ਕੁੰਵਰ ਵਿਜੈ ਪ੍ਰਤਾਪ ਸਿੰਘ ਸਾਰੇ ਮੈਂਬਰਾਂ ਨੂੰ ਲਾਮੇ ਕਰ ਕੇ ਖ਼ੁਦਮੁਖਤਾਰੀ ਕਰ ਰਹੇ ਹਨ ਤੇ ਪੁਰਾਣੇ ਕੇਸਾਂ ਦੇ ਮੁਲਜ਼ਮਾਂ ਤੋਂ ਕਥਿਤ ਤੌਰ ਝੂਠੇ ਬਿਆਨ ਲੈ ਕੇ ਉਨ੍ਹਾਂ ਨੂੰ (ਉਮਰਾਨੰਗਲ ਨੂੰ) ਫਸਾ ਰਹੇ ਹਨ, ਲਿਹਾਜਾ ਕੋਟਕਪੂਰਾ ਕੇਸ ਦੀ ਅਦਾਲਤੀ ਪੈਰਵੀ ਬੰਦ ਕਰ ਕੇ ਇਸ ਕੇਸ ਦੀ ਜਾਂਚ ਸੀਬੀਆਈ ਕੋਲੋਂ ਕਰਵਾਈ ਜਾਵੇ।