
ਮੂਲ ਨਾਨਕਸ਼ਾਹੀ ਕੈਲੰਡਰ ਗੁਰਦਵਾਰਾ ਸ੍ਰੀ ਗੁਰੂ ਨਾਨਕ ਦਰਬਾਰ ਵਿਖੇ ਕੀਤਾ ਜਾਰੀ
ਮੂਲ ਨਾਨਕਸ਼ਾਹੀ ਕੈਲੰਡਰ ਸਿੱਖਾਂ ਦੀ ਆਨ ਤੇ ਸ਼ਾਨ ਦਾ ਪ੍ਰਤੀਕ : ਭਾਈ ਜਗਦੀਸ਼ ਸਿੰਘ, ਸੰਦੀਪ ਸਿੰਘ ਖਾਲੜਾ
ਖਾਲੜਾ, 5 ਜਨਵਰੀ (ਗੁਰਪ੍ਰੀਤ ਸਿੰਘ ਸ਼ੈਡੀ): ਸਾਹਿਬਜ਼ਾਦਿਆਂ ਦੇ ਸ਼ਹੀਦੀ ਅਤੇ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਨਿਊਨਕਿਰਚਨ (ਸਾਰਲੈਂਡ) ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ। ਉਪਰੰਤ ਬੱਚਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ।
ਇਸ ਮੌਕੇ ਸਮੂਹ ਸੰਗਤਾਂ ਅਤੇ ਵੱਖ-ਵੱਖ ਜਥੇਬੰਦੀਆਂ ਸਿੱਖ ਸੰਦੇਸ਼ਾਂ, ਸਿੰਘ ਸਭਾ ਜਰਮਨੀ, ਸਿੱਖ ਮਿਸ਼ਨ ਸਪੇਨ, ਸਿੱਖ ਯੂਥ ਫ਼ੋਰਮ ਜਰਮਨੀ, ਸਿੰਘ ਸਭਾ ਬੈਲਜ਼ੀਅਮ, ਸਿੱਖ ਮਿਸ਼ਨ ਇਟਲੀ, ਗੁਰੂ ਗ੍ਰੰਥ ਸਾਹਿਬ ਗੁਰਮਤਿ ਅਕੈਡਮੀ ਜਰਮਨੀ, ਸ਼ਬਦ ਸੁਰਤਿ ਸੁਮੇਲ ਪ੍ਰਚਾਰ ਵਹੀਰ ਜਰਮਨੀ ਅਤੇ ਸੋਲਾਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਮੂਲ ਨਾਨਕਸ਼ਾਹੀ ਕੈਲੰਡਰ ਜੋ ਕਿ ਗੁਰੂ ਤੇਗ਼ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ ਜਾਰੀ ਕੀਤਾ ਗਿਆ।
ਇਸ ਸਬੰਧ ਵਿਚ ਗੱਲ ਕਰਦਿਆ ਭਾਈ ਜਗਦੀਸ਼ ਸਿੰਘ ਅਤੇ ਪ੍ਰਚਾਰਕ ਸੰਦੀਪ ਸਿੰਘ ਖਾਲੜਾ ਨੇ ਕਿਹਾ ਕਿ ਇਹ ਕੈਲੰਡਰ ਸਿੱਖ ਕੌਮ ਦੇ ਗੁਰਪੁਰਬ ਅਤੇ ਇਤਿਹਾਸਕ ਦਿਨਾਂ ਦੀਆਂ ਹਰ ਸਾਲ ਆਉਣ ਵਾਲੀਆਂ ਪੱਕੀਆਂ ਤਰੀਕਾਂ ਵਾਲਾ ਮੂਲ ਨਾਨਕਸ਼ਾਹੀ ਕੈਲੰਡਰ 2003 ਵਾਲਾ ਹੈ ਜਿਸ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜੈਕਾਰਿਆਂ ਦੀਆਂ ਗੂੰਜਾਂ ਵਿਚ ਸ਼ਾਨੋ ਸ਼ੋਕਤ ਨਾਲ ਜਾਰੀ ਕੀਤਾ ਗਿਆ ਸੀ। ਇਸ ਲਈ ਇਹ ਸਿੱਖ ਕੌਮ ਦੀ ਆਨ ਸ਼ਾਨ ਅਤੇ ਇਕ ਵਖਰੀ ਕੌਮ ਅਡਰੀ ਪਹਿਚਾਣ ਦਾ ਪ੍ਰਤੀਕ ਹੈ। ਇਸ ਮੌਕੇ ਲਖਬੀਰ ਸਿੰਘ ਮੰਗੀ, ਭਾਈ ਕੁਲਦੀਪ ਸਿੰਘ , ਗੁਰਦੁਆਰਾ ਸਾਹਿਬ ਦੇ ਕਥਾ ਵਾਚਕ ਭਾਈ ਸੰਦੀਪ ਸਿੰਘ ਖਾਲੜਾ, ਭਾਈ ਬਲਜਿੰਦਰ ਸਿੰਘ, ਗੁਰਸ਼ਾਨ ਸਿੰਘ, ਮਨਜੋਸ਼ਬੀਰ ਸਿੰਘ, ਸਹਿਜਪ੍ਰੀਤ ਕੌਰ ਆਦਿ ਹਾਜ਼ਰ ਸਨ।