
ਕੈਪਟਨ ਨੂੰ ਰਾਹਤ, ਚੋਣ ਨੂੰ ਚੁਨੌਤੀ ਦਿੰਦੀ ਪਟੀਸ਼ਨ ਖ਼ਾਰਜ
ਚੰਡੀਗੜ੍ਹ, 5 ਜਨਵਰੀ (ਸੁਰਜੀਤ ਸਿੰਘ ਸੱਤੀ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਰਾਹਤ ਦੀ ਖ਼ਬਰ ਹੈ | ਉਨ੍ਹਾਂ ਦੀ ਚੋਣ ਨੂੰ ਚੁਨੌਤੀ ਦਿੰਦੀ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਹਿਲਾ ਜਸਟਿਸ ਦਿਆ ਚੌਧਰੀ ਦੀ ਬੈਂਚ ਨੇ ਖ਼ਾਰਜ ਕਰ ਦਿਤੀ ਹੈ | ਪਟਿਆਲਾ ਵਾਸੀ ਹਰਕੀਰਤ ਸਿੰਘ ਨੇ ਸਾਲ 2002 ਦੀਆਂ ਵਿਧਾਨਸਭਾ ਚੋਣਾਂ ਵਿਚ ਕੈਪਟਨ ਵਲੋਂ ਕਥਿਤ ਭਿ੍ਸ਼ਟ ਹਥਕੰਡੇ ਵਰਤਣ ਦਾ ਦੋਸ਼ ਲਦਾਉਾਦਿਆਂ ਚੋਣ ਰੱਦ ਕਰਨ ਦੀ ਮੰਗ ਕੀਤੀ ਸੀ ਤੇ 18 ਸਾਲ ਲੰਮੀ ਸੁਣਵਾਈ ਉਪਰੰਤ ਬੈਂਚ ਨੇ ਦੋਵਾਂ ਧਿਰਾਂ ਦੀ ਬਹਿਸ ਸੁਣ ਕੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ ਤੇ ਅੱਜ ਪਟੀਸ਼ਨ ਖ਼ਾਰਜ ਕਰ ਦਿਤੀ ਹੈ | ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਸੀ ਕਿ ਕੈਪਟਨ ਵਲੋਂ ਤਤਕਾਲੀ ਅਫ਼ਸਰ ਭਰਤ ਇੰਦਰ ਸਿੰਘ ਚਹਿਲ ਦਾ ਮੀਡੀਆ ਲਈ ਪ੍ਰਭਾਵ ਵਰਤਿਆ ਗਿਆ, ਪਟਿਆਲਾ ਦੇ ਮੋਤੀ ਮਹਿਲ ਬਾਗ਼ ਵਿਖੇ ਚਾਹ ਪਾਰਟੀ ਦਾ ਖਰਚ ਚੋਣ ਖਰਚ 'ਚ ਨਹੀਂ ਜੋੜਿਆ ਗਿਆ, ਇਕ ਤਤਕਾਲੀ ਐਸਪੀ ਹਰਨਾਮ ਸਿੰਘ ਮਹਿਰਾ ਦੀ ਮਦਦ ਲਈ ਤੇ ਉਸ ਨੇ ਇਕ ਸਮਾਗਮ ਵਿਚ ਕੈਪਟਨ ਬਾਰੇ ਕਿਹਾ ਸੀ ਕਿ ਇਹ ਮੁੱਖ ਮੰਤਰੀ ਗ਼ਰੀਬੋਂ ਕਾ ਮਸੀਹਾ ਹੈ | ਦੋਸ਼ ਇਹ ਵੀ ਲਗਾਇਆ ਗਿਆ ਸੀ ਕਿ ਚੋਣ ਦੌਰਾਨ ਕੈਪਟਨ ਵਲੋਂ ਪੋਸਟਰ ਵੰਡੇ ਗਏ, ਜਿਸ ਵਿਚ ਉਨ੍ਹਾਂ ਨੂੰ ਮਹਾਰਾਜਾ ਕਹਿ ਕੇ ਸੰਬੋਧਨ ਕੀਤਾ ਗਿਆ | ਕੈਪਟਨ ਵਲੋਂ ਸੀਨੀਅਰ ਵਕੀਲ ਐਮ.ਐਲ.ਸੱਗੜ ਨੇ ਪੈਰਵੀ ਕੀਤੀ ਸੀ ਅਤੇ ਕਈ ਵਾਰ ਕੈਪਟਨ ਨੇ ਹਾਈ ਕੋਰਟ 'ਚ ਬਿਆਨ ਵੀ ਦਰਜ ਕਰਵਾਏ | ਬਚਾਅ ਪੱਖ ਵਲੋਂ ਕਿਹਾ ਗਿਆ ਕਿ ਕੈਪਟਨ ਦੀ ਪ੍ਰੈੱਸ ਕਾਨਫ਼ੰਰਸ 'ਚ ਚਹਿਲ ਦੀ ਮੌਜੂਦਗੀ ਕੋਈ ਗ਼ਲਤ ਗੱਲ ਨਹੀਂ ਹੈ, ਉਹ ਮੀਡੀਆ ਨਾਲ ਸਬੰਧਤ ਅਫ਼ਸਰ ਸੀ | ਇਹ ਵੀ ਹਾਈ ਕੋਰਟ ਨੂੰ ਦਸਿਆ ਕਿ ਮੋਤੀ ਮਹਿਲ ਵਿਖੇ ਆਉਣ ਵਾਲੇ ਨੂੰ ਚਾਹ ਪਾਣੀ ਦੇਣਾ ਸਾਰੀ ਪ੍ਰਵਾਰ ਦੀ ਰਵਾਇਤ ਹੈ ਤੇ ਇਸ ਖ਼ਰਚ ਨੂੰ ਚੋਣ ਖ਼ਰਚ ਵਿਚ ਨਹੀਂ ਗਿਣਿਆ ਜਾ ਸਕਦਾ ਅਤੇ ਇਹ ਚੋਣ ਮੀਟਿੰਗ ਨਹੀਂ ਸੀ | ਐਸਪੀ ਵਲੋਂ ਸਮਾਗਮ ਵਿਚ ਕੀਤੀ ਬਿਆਨਬਾਜ਼ੀ ਬਾਰੇ ਕਿਹਾ ਗਿਆ ਕਿ ਉਸ ਸਮਾਗਮ ਵਿਚ ਕੈਪਟਨ ਮੌਜੂਦ ਹੀ ਨਹੀਂ ਸੀ | ਇਹ ਵੀ ਕਿਹਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਮਹਾਰਾਜਾ ਨਹੀਂ ਹਨ ਤੇ ਉਹ ਅਪਣੇ ਆਪ ਨੂੰ ਕੈਪਟਨ ਲਿਖਦੇ ਹਨ ਤੇ ਉਨ੍ਹਾਂ ਨੇ ਮਹਾਰਾਜਾ ਲਫ਼ਜ਼ ਵਾਲੇ ਪੋਸਟਰ ਨਹੀਂ ਵੰਡੇ |
ਹਾਈ ਕੋਰਟ ਨੇ ਕੈਪਟਨ ਪੱਖ ਦੀਆਂ ਦਲੀਲਾਂ ਸੁਣਨ ਉਪਰੰਤ ਪਟੀਸ਼ਨ ਖ਼ਾਰਜ ਕਰ ਦਿਤੀ ਹੈ |