
ਸਿੱਧੂ ਨੇ ਕਿਹਾ ਕਿ ਜੇਕਰ ਸਿਰਫ 500 ਲੋਕ ਪ੍ਰਧਾਨ ਮੰਤਰੀ ਨੂੰ ਸੁਣਨ ਆਏ ਤਾਂ ਇਹ ਕੈਪਟਨ ਅਤੇ ਭਾਜਪਾ ਦੀ ਨਾਕਾਮੀ ਹੈ।
ਬਰਨਾਲਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਰੱਦ ਹੋਣ ਤੋਂ ਬਾਅਦ ਪੈਦਾ ਹੋਏ ਘਟਨਾਕ੍ਰਮ ’ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਅਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕਿਸਾਨ ਇਕ ਸਾਲ ਤੋਂ ਵੱਧ ਸਮਾਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਰਹੇ ਉਸ ਸਮੇਂ ਕੋਈ ਨਹੀਂ ਬੋਲਿਆ ਪਰ ਪ੍ਰਧਾਨ ਮੰਤਰੀ ਨੂੰ 15-20 ਮਿੰਟ ਰੁਕਣਾ ਪੈ ਗਿਆ ਤਾਂ ਸਾਰੇ ਪਾਸੇ ਰੌਲਾ ਪੈ ਗਿਆ। ਇਹ ਦੋਹਰੇ ਮਾਪਦੰਡ ਕਿਉਂ?
ਉਹਨਾਂ ਕਿਹਾ, ‘ਨਰਿੰਦਰ ਮੋਦੀ ਜੀ, ਤੁਸੀਂ ਕਿਹਾ ਸੀ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿਓਗੇ ਪਰ ਜੋ ਉਹਨਾਂ ਪੱਲੇ ਸੀ, ਤੁਸੀਂ ਉਹ ਵੀ ਖੋਹ ਲਿਆ। ਤੁਸੀਂ ਉਹਨਾਂ ਦੀ ਪੱਗ ਲਾਹੁਣ ਦੀ ਕੋਸ਼ਿਸ਼ ਕੀਤੀ’। ਸਿੱਧੂ ਨੇ ਖਾਲੀ ਕੁਰਸੀ ਸਾਹਮਣੇ ਭਾਸ਼ਣ ਦੇਣ 'ਤੇ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਹਮਲਾ ਬੋਲਿਆ। ਉਹਨਾਂ ਕਿਹਾ ਕੈਪਟਨ ਦਾ ਭਾਂਡਾ ਫੁੱਟ ਗਿਆ ਹੈ। ਜੇਕਰ ਸਿਰਫ 500 ਲੋਕ ਪ੍ਰਧਾਨ ਮੰਤਰੀ ਨੂੰ ਸੁਣਨ ਆਏ ਤਾਂ ਇਹ ਕੈਪਟਨ ਅਤੇ ਭਾਜਪਾ ਦੀ ਨਾਕਾਮੀ ਹੈ।