ਪੰਜਾਬ ਪੁਲਿਸ ਦੇ ਟ੍ਰੈਫਿਕ ਵਿੰਗ ਨੇ ਵੀਰਵਾਰ ਨੂੰ 'ਵਿਜ਼ਨ 2023-ਸੁਰੱਖਿਅਤ ਸੜਕਾਂ-ਸੁਰੱਖਿਅਤ ਪੰਜਾਬ' 2023 ਲਈ 11-ਨੁਕਾਤੀ ਏਜੰਡਾ ਜਾਰੀ ਕੀਤਾ ਹੈ।
ਚੰਡੀਗੜ੍ਹ: ਹੁਣ ਪੰਜਾਬ 'ਚ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀਆਂ ਜੇਬਾਂ ਸੜਕ 'ਤੇ ਹੀ ਢਿੱਲੀਆਂ ਹੋ ਜਾਣਗੀਆਂ। ਪੰਜਾਬ ਪੁਲਿਸ ਦਾ ਟ੍ਰੈਫਿਕ ਵਿੰਗ ਨਵੇਂ ਸਾਲ 'ਚ ਚੰਡੀਗੜ੍ਹ ਪੈਟਰਨ 'ਤੇ ਈ-ਚਲਾਨ ਸਿਸਟਮ ਲਾਗੂ ਕਰਨ ਜਾ ਰਿਹਾ ਹੈ। ਚਲਾਨ ਕੱਟਣ ਦੇ ਨਾਲ-ਨਾਲ ਪੁਲਿਸ ਮੁਲਾਜ਼ਮ ਜੁਰਮਾਨੇ ਦੀ ਰਕਮ ਦੀ ਆਨਲਾਈਨ ਵਸੂਲੀ ਵੀ ਕਰਨਗੇ। ਪੰਜਾਬ ਪੁਲਿਸ ਦੇ ਟ੍ਰੈਫਿਕ ਵਿੰਗ ਨੇ ਵੀਰਵਾਰ ਨੂੰ 'ਵਿਜ਼ਨ 2023-ਸੁਰੱਖਿਅਤ ਸੜਕਾਂ-ਸੁਰੱਖਿਅਤ ਪੰਜਾਬ' 2023 ਲਈ 11-ਨੁਕਾਤੀ ਏਜੰਡਾ ਜਾਰੀ ਕੀਤਾ ਹੈ।
ਇਸ ਤਹਿਤ ਸਾਰੇ ਲੋਕਾਂ ਲਈ ਇਕ ਕੁਸ਼ਲ ਅਤੇ ਸੁਰੱਖਿਅਤ ਟ੍ਰੈਫਿਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਸੜਕ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਤਕਨਾਲੋਜੀ ਰਾਹੀਂ ਜਨਤਕ ਸੁਰੱਖਿਆ ਅਤੇ ਜਾਗਰੂਕਤਾ ਵਧਾਉਣ 'ਤੇ ਧਿਆਨ ਦਿੱਤਾ ਜਾਵੇਗਾ। ਪੰਜਾਬ ਪੁਲਿਸ ਵੱਲੋਂ ਜਾਰੀ ਇੱਕ ਬਿਆਨ ਵਿਚ ਕਿਹਾ ਗਿਆ ਹੈ, “ਸਾਡਾ ਉਦੇਸ਼ ਸੜਕ 'ਤੇ ਸਾਰੇ ਲੋਕਾਂ ਵਿਚ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਕੇ ਸੜਕ ਹਾਦਸਿਆਂ ਅਤੇ ਮੌਤਾਂ ਨੂੰ ਘਟਾਉਣਾ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਕੰਮ ਕਰਾਂਗੇ ਕਿ ਸਾਰੇ ਡਰਾਈਵਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਪੰਜਾਬ ਦੇ ਨਾਗਰਿਕ ਸੜਕਾਂ 'ਤੇ ਸੁਰੱਖਿਅਤ ਯਾਤਰਾ ਕਰ ਸਕਣ”।
ਟ੍ਰੈਫਿਕ ਵਿੰਗ ਵੱਲੋਂ ਜਾਰੀ 11-ਨੁਕਾਤੀ ਏਜੰਡੇ ਅਨੁਸਾਰ ਪੰਜਾਬ ਪੁਲਿਸ ਦੇ ਟ੍ਰੈਫਿਕ ਵਿੰਗ ਦਾ ਪੁਨਰਗਠਨ ਕੀਤਾ ਜਾਵੇਗਾ ਤਾਂ ਜੋ ਟ੍ਰੈਫਿਕ ਪ੍ਰਬੰਧਨ ਅਤੇ ਆਵਾਜਾਈ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਯਕੀਨੀ ਬਣਾਇਆ ਜਾ ਸਕੇ। ਇਸ ਤਹਿਤ ਵਿੰਗ ਦੇ ਸੰਚਾਲਨ ਦੇ ਢੰਗ ਵਿਚ ਕਈ ਬਦਲਾਅ ਕੀਤੇ ਜਾਣਗੇ, ਜਿਸ ਵਿਚ ਨਵੀਂ ਤਕਨਾਲੋਜੀ ਦੀ ਸ਼ੁਰੂਆਤ ਅਤੇ ਹੋਰ ਵਿਭਾਗਾਂ ਨਾਲ ਵਧੇ ਹੋਏ ਸਹਿਯੋਗ ਸ਼ਾਮਲ ਹਨ। ਰਾਜ ਮਾਰਗਾਂ 'ਤੇ ਇੱਕ ਮਜ਼ਬੂਤ ਗਸ਼ਤ ਪ੍ਰਣਾਲੀ ਸਥਾਪਤ ਕਰਨ ਲਈ 150 ਹਾਈਵੇ ਪੈਟਰੋਲਿੰਗ ਵਾਹਨਾਂ ਨੂੰ ਤਾਇਨਾਤ ਕੀਤਾ ਜਾਵੇਗਾ, ਜੋ ਸੂਬੇ ਵਿਚ ਹਾਈਵੇ ਪੈਟਰੋਲਿੰਗ ਦੀ ਮੌਜੂਦਾ ਪ੍ਰਣਾਲੀ ਨੂੰ ਵੀ ਸੁਧਾਰੇਗਾ।
ਪੰਜਾਬ ਪੁਲਿਸ ਵਿਗਿਆਨਕ ਟ੍ਰੈਫਿਕ ਪ੍ਰਬੰਧਨ ਲਈ ਸੜਕ ਸੁਰੱਖਿਆ ਪੇਸ਼ੇਵਰਾਂ ਦੀ ਵੀ ਭਰਤੀ ਕਰੇਗੀ, ਜੋ ਦੇਸ਼ ਵਿਚ ਆਪਣੀ ਕਿਸਮ ਦੀ ਪਹਿਲੀ ਕੋਸ਼ਿਸ਼ ਹੋਵੇਗੀ। ਇਸ ਦੇ ਲਈ ਇਸ ਸਾਲ 15 ਸੜਕ ਸੁਰੱਖਿਆ ਪੇਸ਼ੇਵਰ ਟ੍ਰੈਫਿਕ ਪੁਲਿਸ ਵਿੰਗ ਦਾ ਹਿੱਸਾ ਬਣਨਗੇ। ਕੁਸ਼ਲ ਟ੍ਰੈਫਿਕ ਪ੍ਰਬੰਧਨ ਪ੍ਰਣਾਲੀ ਨੂੰ ਯਕੀਨੀ ਬਣਾਉਣ ਲਈ ਲੋਕਾਂ ਅਤੇ ਪੁਲਿਸ ਵਿਚਕਾਰ ਬਿਹਤਰ ਤਾਲਮੇਲ ਲਈ ਸੋਸ਼ਲ ਮੀਡੀਆ ਅਤੇ ਹੋਰ ਡਿਜੀਟਲ ਮਾਧਿਅਮਾਂ ਦੀ ਵਰਤੋਂ ਕੀਤੀ ਜਾਵੇਗੀ। ਸਮਾਰਟ ਬੈਰੀਕੇਡਸ, 5ਜੀ ਸਮਰਥਿਤ ਸੀਸੀਟੀਵੀ ਕੈਮਰਿਆਂ ਦਾ ਨੈੱਟਵਰਕ, ਬਾਡੀ ਸਕੈਨਰ, ਸਪੀਡ ਮੈਨੇਜਮੈਂਟ ਸਿਸਟਮ ਅਤੇ ਈ-ਚਲਾਨ ਸਿਸਟਮ ਦੀ ਵਰਤੋਂ ਅਤਿ-ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਪ੍ਰਭਾਵਸ਼ਾਲੀ ਟ੍ਰੈਫਿਕ ਪ੍ਰਬੰਧਨ ਲਈ ਕੀਤੀ ਜਾਵੇਗੀ। ਈ-ਚਲਾਨ ਪ੍ਰਣਾਲੀ ਰਾਹੀਂ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਗੀ। ਇਸ ਦੇ ਲਈ ਪੰਜਾਬ ਵਿਚ ਪਹਿਲੀ ਵਾਰ ਈ-ਚਲਾਨ ਸਿਸਟਮ ਲਾਗੂ ਕੀਤਾ ਜਾਵੇਗਾ।