ਜਨਵਰੀ ਦੇ ਪਹਿਲੇ 4 ਦਿਨਾਂ 'ਚ 24 ਫ਼ੀਸਦੀ ਵਧੀ ਬਿਜਲੀ ਦੀ ਮੰਗ ਜਦਕਿ ਖ਼ਪਤ 'ਚ ਹੋਇਆ 21 ਫ਼ੀਸਦੀ ਦਾ ਵਾਧਾ
'ਜ਼ੀਰੋ' ਬਿੱਲਾਂ ਨੇ ਵਧਾਈ ਪਾਵਰਕੌਮ ਦੀ ਚਿੰਤਾ
ਦਸੰਬਰ ਵਿੱਚ ਬਿਜਲੀ ਦੀ ਮੰਗ
ਸਾਲ ਮੈਗਾਵਾਟ
2018 6640
2019 6787
2020 6707
2021 7337
2022 8008
ਮੋਹਾਲੀ : ਇੱਕ ਪਾਸੇ ਜਿਥੇ ਜ਼ੀਰੋ ਬਿਜਲੀ ਬਿੱਲ ਨਾਲ ਪੰਜਾਬ ਦੀ ਜਨਤਾ ਨੂੰ ਰਾਹਤ ਮਿਲੀ ਹੈ ਉਥੇ ਹੀ ਬਿਜਲੀ ਦੀ ਮੰਗ ਅਤੇ ਖ਼ਪਤ ਵਧਣ ਨਾਲ ਪਾਵਰਕੌਮ ਦੀ ਚਿੰਤਾ ਵਿੱਚ ਖ਼ਾਸਾ ਹੀ ਇਜ਼ਾਫ਼ਾ ਹੋਇਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਪਹਿਲੀ ਵਾਰ ਠੰਡ ਦੇ ਮੌਸਮ ਵਿੱਚ ਬਿਜਲੀ ਦੀ ਇੰਨੀ ਜ਼ਿਆਦਾ ਮੰਗ ਵਧੀ ਹੈ ਅਤੇ ਖ਼ਪਤ ਵਿੱਚ ਵੀ ਇਜ਼ਾਫ਼ਾ ਹੋਇਆ ਹੈ ਜਿਸ ਨੇ ਸਾਰੇ ਰਿਕਾਰਡ ਤੋੜ ਦਿਤੇ ਹਨ।
ਮਿਲੀ ਜਾਣਕਾਰੀ ਅਨੁਸਾਰ ਜਨਵਰੀ ਦੇ ਪਹਿਲੇ ਚਾਰ ਦਿਨਾਂ ਵਿੱਚ ਬਿਜਲੀ ਦੀ ਮੰਗ 24 ਫ਼ੀਸਦੀ ਵਧੀ ਹੈ ਜਦਕਿ ਖ਼ਪਤ 'ਚ 21 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਉਂਝ ਦੇਖਿਆ ਜਾਵੇ ਤਾਂ ਸਰਦੀ ਦੇ ਮੌਸਮ ਵਿੱਚ ਬਿਜਲੀ ਦੀ ਖ਼ਪਤ ਅਤੇ ਮੰਗ ਘਟ ਹੋ ਜਾਂਦੀ ਹੈ ਪਰ ਪਹਿਲੀ ਵਾਰ ਸੂਬੇ ਵਿੱਚ ਮਿਲੀ ਬਿਜਲੀ ਦੀ ਸਹੂਲਤ ਦਾ ਲਾਹਾ ਲੈਂਦਿਆਂ ਬਿਜਲੀ ਦੀ ਖ਼ਪਤ ਜ਼ਿਆਦਾ ਹੋ ਗਈ ਹੈ ਅਤੇ ਨਤੀਜਨ ਬਿਜਲੀ ਦੀ ਮੰਗ ਨੇ ਵੀ ਰਿਕਾਰਡ ਤੋੜ ਦਿਤੇ ਹਨ ਜੋ ਕਿ ਪਾਵਰਕੌਮ ਲਈ ਵੱਡੀ ਸਿਰਦਰਦੀ ਬਣ ਗਿਆ ਹੈ
ਦੱਸ ਦੇਈਏ ਕਿ ਬੀਤੀ 4 ਜਨਵਰੀ ਨੂੰ ਪੰਜਾਬ ਵਿੱਚ ਬਿਜਲੀ ਦੀ ਮੰਗ 8736 ਮੈਗਾਵਾਟ ਨੂੰ ਛੂਹ ਗਈ ਹੈ ਜਦਕਿ ਪਿਛਲੇ ਵਰ੍ਹੇ ਇਹੋ ਮੰਗ ਸਿਰਫ਼ 6321 ਮੈਗਾਵਾਟ ਸੀ। ਇੱਕੋ ਦਿਨ ’ਚ ਬਿਜਲੀ ਦੀ ਮੰਗ ’ਚ 36 ਫ਼ੀਸਦੀ ਦਾ ਵਾਧਾ ਹੋਇਆ ਹੈ। ਪ੍ਰਾਪਤ ਵਰਵੇਆਂ ਮੁਤਾਬਕ 22 ਦਸੰਬਰ ਤੋਂ ਬਿਜਲੀ ਦੀ ਮੰਗ ਤੇ ਖਪਤ ਨੇ ਰਫ਼ਤਾਰ ਫੜੀ ਹੈ। ਜਿਉਂ ਜਿਉਂ ਠੰਢ ਵੱਧ ਰਹੀ ਹੈ, ਉਵੇਂ ਉਵੇਂ ਹੀ ਖਪਤ ’ਚ ਵਾਧਾ ਹੋ ਰਿਹਾ ਹੈ।
ਜੇਕਰ ਮਾਹਰਾਂ ਦੀ ਮੰਨੀਏ ਤਾਂ ਆਮ ਘਰਾਂ ’ਚ ਸਰਦੀ ਦੇ ਮੌਸਮ ਦੌਰਾਨ ਬਿਜਲੀ ਦੀ ਖਪਤ ਔਸਤਨ 200 ਯੂਨਿਟਾਂ ਹੀ ਰਹਿ ਜਾਂਦੀ ਸੀ। ਹੁਣ ‘ਆਪ’ ਸਰਕਾਰ ਨੇ 300 ਯੂਨਿਟਾਂ ਦੀ ਮੁਆਫ਼ੀ ਦਿੱਤੀ ਹੋਈ ਹੈ। ਇਹ ਪਹਿਲਾ ਸਰਦੀ ਦਾ ਮੌਸਮ ਹੈ ਜਿਸ ਵਿਚ ਬਿਜਲੀ ਦੀ ਖਪਤ ਵਧੀ ਹੈ। ਦਸੰਬਰ ਮਹੀਨੇ ਵਿੱਚ ਬਿਜਲੀ ਦੀ ਔਸਤਨ ਖਪਤ 4 ਫ਼ੀਸਦੀ ਵਧੀ ਸੀ ਜੋ ਕਿ ਜਨਵਰੀ ’ਚ 21 ਫ਼ੀਸਦੀ ਹੋ ਗਈ ਹੈ।
ਮੀਂਹ ਨਾ ਪੈਣ ਅਤੇ ਸੀਤ ਲਹਿਰ ਚੱਲਣ ਕਾਰਨ ਵੀ ਬਿਜਲੀ ਦੀ ਖਪਤ ਵਿੱਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਨਹਿਰੀ ਮਹਿਕਮੇ ਨੇ 21 ਦਿਨਾਂ ਦੀ ਨਹਿਰੀ ਪਾਣੀ ਦੀ ਬੰਦੀ ਲੈ ਲਈ ਹੈ ਜਿਸ ਕਾਰਨ ਖੇਤੀ ਸੈਕਟਰ ’ਚ ਬਿਜਲੀ ਦੀ ਮੰਗ ਵੀ ਵਧਣ ਲੱਗੀ ਹੈ। ਜਿਹੜੀ ਬਿਜਲੀ ਪਹਿਲਾਂ ਸੋਲਰ ਪ੍ਰਾਜੈਕਟਾਂ ਤੋਂ ਮਿਲਦੀ ਸੀ, ਉਸ ਵਿਚ ਕਮੀ ਆਈ ਹੈ ਕਿਉਂਕਿ ਠੰਢ ਕਰ ਕੇ ਸੋਲਰ ਪ੍ਰਾਜੈਕਟਾਂ ਤੋਂ ਬਿਜਲੀ ਪੈਦਾਵਾਰ ਘਟੀ ਹੈ।
ਪਹਿਲਾਂ ਸਰਦੀ ਦੇ ਮੌਸਮ ਵਿੱਚ ਕੁਝ ਕੁ ਯੂਨਿਟ ਚਲਾਉਣ ਨਾਲ ਕੰਮ ਚੱਲ ਜਾਂਦਾ ਸੀ ਪਰ ਹੁਣ ਪਾਵਰਕੌਮ ਨੂੰ ਬਿਜਲੀ ਦੀ ਮੰਗ ਦੀ ਪੂਰਤੀ ਲਈ ਸਰਕਾਰੀ ਅਤੇ ਪ੍ਰਾਈਵੇਟ ਤਾਪ ਬਿਜਲੀ ਘਰ ਚਲਾਉਣੇ ਪੈ ਰਹੇ ਹਨ। ਇਸ ਵੇਲੇ ਰੋਪੜ ਥਰਮਲ ਦੇ ਚਾਰ ਯੂਨਿਟ, ਲਹਿਰਾ ਮੁਹੱਬਤ ਥਰਮਲ ਦੇ ਤਿੰਨ ਯੂਨਿਟ, ਤਲਵੰਡੀ ਸਾਬੋ ਤਾਪ ਬਿਜਲੀ ਘਰ ਦੇ ਤਿੰਨ ਯੂਨਿਟ, ਰਾਜਪੁਰਾ ਥਰਮਲ ਦੇ ਦੋ ਯੂਨਿਟ ਅਤੇ ਗੋਇੰਦਵਾਲ ਥਰਮਲ ਦਾ ਇੱਕ ਯੂਨਿਟ ਚੱਲ ਰਿਹਾ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ‘ਜ਼ੀਰੋ ਬਿੱਲ’ ਦੀ ਮੌਜ ਕਰਕੇ ਲੋਕ ਰੂਮ ਹੀਟਰ ਚਲਾ ਰਹੇ ਹਨ ਅਤੇ ਖਾਣਾ ਵੀ ਹੀਟਰਾਂ ’ਤੇ ਬਣਾ ਰਹੇ ਹਨ। ਪਾਵਰਕੌਮ ਦਾ ਸਬਸਿਡੀ ਬਿੱਲ ਹੋਰ ਭਾਰਾ ਹੋਵੇਗਾ ਅਤੇ ਕੇਂਦਰੀ ਐਕਸਚੇਂਜ ਵਿਚ ਬਿਜਲੀ ਦੀਆਂ ਦਰਾਂ ਵੀ ਵੱਧ ਗਈਆਂ ਹਨ। ਪੰਜਾਬ ਵਿਚ ਸਵੇਰ ਤੇ ਸ਼ਾਮ ਵਕਤ ਬਿਜਲੀ ਦਾ ਲੋਡ ਜ਼ਿਆਦਾ ਹੁੰਦਾ ਹੈ। ਐਕਸਚੇਂਜ ’ਚੋਂ ਬਿਜਲੀ ਔਸਤਨ 7 ਰੁਪਏ ਪ੍ਰਤੀ ਯੂਨਿਟ ਮਿਲ ਰਹੀ ਹੈ ਜਦਕਿ ਸਵੇਰ ਵਕਤ ਰੇਟ 12 ਰੁਪਏ ਪ੍ਰਤੀ ਯੂਨਿਟ ਤੱਕ ਚਲਾ ਜਾਂਦਾ ਹੈ।