
ਏਸੀਪੀ ਸੈਂਟਰਲ ਨੇ ਮੀਡੀਆ ਨੂੰ ਦੱਸਿਆ ਕਿ ਮੁਲਜ਼ਮ ਮੁਹਾਲੀ ਦੇ ਫੇਜ਼ 7 ਦਾ ਰਹਿਣ ਵਾਲਾ ਹੈ
ਜਲੰਧਰ: ਥਾਣਾ ਡਵੀਜ਼ਨ 4 ਦੀ ਪੁਲਿਸ ਨੇ ਵਿਧਾਇਕ ਰਮਨ ਅਰੋੜਾ ਦਾ ਪੀਏ ਬਣ ਕੇ ਲੋਕਾਂ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਨੂੰ ਵਿਧਾਇਕ ਰਮਨ ਅਰੋੜਾ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਕੋਈ ਵਿਅਕਤੀ ਉਹਨਾਂ ਦਾ ਜਾਅਲੀ ਪੀਏ ਬਣ ਕੇ ਲੋਕਾਂ ਕੋਲੋਂ ਪੈਸੇ ਵਸੂਲ ਰਿਹਾ ਹੈ, ਜਿਸ ਤੋਂ ਬਾਅਦ ਸਥਾਨਕ ਪੁਲਿਸ ਨੇ ਥਾਣਾ ਨੰਬਰ 4 ਵਿਚ ਮੁਕੱਦਮਾ ਨੰਬਰ ਦਰਜ ਕੀਤਾ।
ਏਸੀਪੀ ਸੈਂਟਰਲ ਨੇ ਮੀਡੀਆ ਨੂੰ ਦੱਸਿਆ ਕਿ ਮੁਲਜ਼ਮ ਮੁਹਾਲੀ ਦੇ ਫੇਜ਼ 7 ਦਾ ਰਹਿਣ ਵਾਲਾ ਹੈ, ਜਿਸ ਦੀ ਪਛਾਣ ਭਲਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਜੋਂ ਹੋਈ ਹੈ। ਏਸੀਪੀ ਅਨੁਸਾਰ ਇਹ ਵਿਅਕਤੀ ਬਹੁਤ ਪੜ੍ਹਿਆ-ਲਿਖਿਆ ਹੈ ਅਤੇ ਉਸ ਖ਼ਿਲਾਫ਼ ਸੰਗਰੂਰ, ਮੁਕਤਸਰ ਸਾਹਿਬ ਅਤੇ ਜਲੰਧਰ ਵਿਚ ਕਈ ਅਪਰਾਧਿਕ ਮਾਮਲੇ ਦਰਜ ਹਨ।
ਉਕਤ ਵਿਅਕਤੀ 22 ਦਸੰਬਰ ਨੂੰ ਮੁਕਤਸਰ ਜੇਲ੍ਹ 'ਚੋਂ ਰਿਹਾਅ ਹੋਇਆ ਸੀ ਅਤੇ ਧੋਖਾਧੜੀ ਦੇ ਕੰਮ ਨੂੰ ਜਾਰੀ ਰੱਖਦਿਆਂ ਉਸ ਨੇ ਮਾਲ ਰੋਡ ਬਠਿੰਡਾ ਤੋਂ ਇਕ ਸਿਮ ਖਰੀਦੀ ਅਤੇ ਉਸੇ ਨੰਬਰ ਤੋਂ ਜਲੰਧਰ ਦੇ ਵਿਧਾਇਕ ਰਮਨ ਅਰੋੜਾ ਦਾ ਪੀਏ ਦੱਸ ਕੇ ਠੱਗੀ ਮਾਰਨੀ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਖਿਲਾਫ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।