
ਦੇਸ਼ ਵਿੱਚ 24.2 ਮਿਲੀਅਨ ਬੇਰੁਜ਼ਗਾਰ ਨੌਜਵਾਨ ਨੌਕਰੀ ਦੀ ਤਲਾਸ਼ ਕਰ ਰਿਹਾ
ਚੰਡੀਗੜ੍ਹ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਤੇ ਨਾਮਵਾਰ ਅਰਥ ਸਾਸ਼ਤਰੀ ਪ੍ਰੋ. ਅਰੁਣ ਕੁਮਾਰ ਨੇ ਕਿਹਾ ਕਿ ਭਾਰਤ ਦੀਆਂ ਸਰਕਾਰਾਂ ਅੰਦਰ ਬੇਰੁਜ਼ਗਾਰੀ ਦੂਰ ਕਰਨ ਦੀ ਕੋਈ ਬਚਨ ਬਧਤਾ ਨਹੀਂ, ਇਸ ਕਰਕੇ ਸੁਚੇਤ ਲੋਕਾਂ ਨੂੰ ਇਸ ਸਮੱਸਿਆਂ ਦੇ ਹੱਲ ਕਰਨ ਲਈ ਸਮਾਜਿਕ ਰਾਜਨੀਤਿਕ ਲਹਿਰ ਖੜ੍ਹੀ ਕਰਨੀ ਪਵੇਗੀ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕੈਪਸ ਵਿੱਚ ਬੇਰੁਜ਼ਗਾਰੀ ਉੱਤੇ ਬੋਲਦਿਆਂ ਕਿਹਾ ਕਿ ਦੇਸ਼ ਵਿੱਚ 24.2 ਮਿਲੀਅਨ ਬੇਰੁਜ਼ਗਾਰ ਨੌਜਵਾਨ ਨੌਕਰੀ ਦੀ ਤਲਾਸ਼ ਕਰ ਰਿਹਾ ਜਦੋਂ ਸਰਕਾਰ 6 ਤੋਂ 8 ਮਿਲੀਅਨ ਨੌਕਰੀਆਂ ਪੈਂਦਾ ਕਰਨ ਦੀਆਂ ਟਾਹਰਾਂ ਮਾਰ ਰਹੀ ਹੈ। ਉਹਨਾਂ ਕਿਹਾ ਕਿ ਦੇਸ਼ ਵਿੱਚ 94 ਪ੍ਰਤੀਸ਼ਤ ਗੈਰ ਸੰਗਠਤ ਸੈਕਟਰ ਹੈ ਜਦੋਂ ਸਿਰਫ 6 ਪ੍ਰਤੀਸ਼ਤ ਸੰਗਠਤ ਸੈਕਟਰ ਹੈ। ਦੋਨੋਂ ਸਰਕਾਰੀ ਤੇ ਸੰਗਠਤ ਖੇਤਰਾਂ ਵਿੱਚ ਕੁੱਲ 35 ਮਿਲੀਅਨ ਨੌਕਰੀਆਂ ਹਨ। ਇਸ ਸੰਗਠਤ ਸੈਕਟਰ ਵਿੱਚ ਰੁਜ਼ਗਾਰ ਦੀ ਗਿਣਤੀ 1990-91 ਤੋਂ 2011-12 ਤੱਕ ਕੁੱਲ ਵਰਕਫੋਰਸ਼ ਦੇ 3.32 ਪ੍ਰਤੀਸ਼ਤ ਜਿਹੜੀ ਅਜਕਲ ਘੱਟ ਕੇ 2.47 ਪ੍ਰਤੀਸ਼ਤ ਹੋ ਗਈ ਹੈ।
ਇਸ ਸਮੇਂ ਦੁਰਾਣ ਰੁਜ਼ਗਾਰ ਦਫ਼ਤਰਾਂ ਵਿੱਚ ਨੌਕਰੀਆਂ ਲਈ ਦਰਜ਼ ਬੇਰੁਜ਼ਗਾਰਾਂ ਦੀ ਗਿਣਤੀ 34.6 ਮਿਲੀਅਨ ਤੋਂ ਵੱਧਕੇ 40.2 ਮਿਲੀਅਨ ਹੋ ਗਈ ਹੈ। ਪ੍ਰੋ. ਕੁਮਾਰ ਨੇ ਕਿਹਾ ਸਰਕਾਰ ਜਾਣ ਬੁਝਕੇ ਵਿਕਾਸ ਦਰ ਦੇ ਅੰਕੜਿਆਂ ਦਾ ਭਰਮਜਾਲ ਖੜ੍ਹਾ ਕਰਕੇ ਬੇਰੁਜ਼ਗਾਰੀ ਦੀ ਸਮੱਸਿਆਂ ਤੇ ਪੜਦਾਪੋਸ਼ੀ ਕਰ ਰਹੀ ਹੈ। ਕਿਉਂਕਿ ਜੀ.ਡੀ.ਪੀ (ਸਮੁੱਚੇ ਵਿਕਾਸ) ਦੀ ਗਿਣਤੀ ਸਿਰਫ ਸੰਗਠਤ ਸੈਕਟਰ ਵਿੱਚੋਂ ਹੀ ਤਹਿ ਕੀਤੀ ਜਾਂਦੀ ਹੈ। ਜੇ ਅਣਸੰਗਠਤ 94 ਪ੍ਰਤੀਸ਼ਤ ਸੈਕਟਰ ਨੂੰ ਗਿਣਤੀ ਵਿੱਚ ਲਿਆਂਦੀ ਜਾਵੇ ਤਾਂ ਵਿਕਾਸ ਦੀ ਦਰ (ਜੀ.ਡੀ.ਪੀ) ਸਿਰਫ ਇਕ ਪ੍ਰਤੀਸ਼ਤ ਹੀ ਰਹਿ ਜਾਵੇਗੀ। ਦੁਖਦਾਈ ਪਹਿਲੂ ਇਹ ਹੈ, ਪ੍ਰੋ. ਕੁਮਾਰ ਨੇ ਕਿਹਾ, ਪੂੰਜੀਨਿਵੇਸ ਦਾ 80 ਪ੍ਰਤੀਸ਼ਤ ਹਿੱਸਾ 6 ਪ੍ਰਤੀਸ਼ਤ ਸੰਗਠਤ ਸੈਕਟਰ ਵਿੱਚ ਲਗਦਾ ਹੈ ਪਰ ਇਸ ਸੈਕਟਰ ਵਿੱਚ ਹਾਈਟੈਕ ਮਸ਼ੀਨਰੀ ਦੀ ਵਰਤੋਂ ਦਿਨ-ਬ-ਦਿਨ ਵਧਣ ਕਰਕੇ, ਕੋਈ ਨਵੀਆਂ ਨੌਕਰੀਆਂ ਪੈਂਦਾ ਨਹੀਂ ਹੁੰਦੀਆਂ। ਇਸ ਨੂੰ ਅਸੀਂ ਨੌਕਰੀਆਂ ਰਹਿਤ ਵਿਕਾਸ ਕਹਿੰਦੇ ਹਾਂ।
ਗੈਰ-ਸੰਗਠਤ ਸੈਕਟਰ ਨੂੰ ਨਿਵੇਸ ਦੀ ਪੂੰਜੀ ਅਤੇ ਤਿਆਰ ਕੀਤੀਆਂ ਵਸਤਾਂ ਦੀ ਮੰਡੀ ਤੋਂ ਵਾਝਾਂ ਰਹਿਦਾ ਹੈ। ਦੂਜੇ ਪਾਸੇ ਗੈਰ ਸਰਕਾਰੀ ਸੰਗਠਤ ਸੈਕਟਰ ਦਾ ਲਗਾਤਾਰ ਵਿਕਾਸ ਹੋ ਰਿਹਾ। ਇਹ ਸੈਕਟਰ ਐਸੋਂ ਇਸ਼ਰਤ ਦਾ ਸਮਾਨ ਤਿਆਰ ਕਰਕੇ, ਭਾਰਤੀ ਸਮਾਜ ਅੰਦਰ ਖਪਤਵਾਦ ਵਿੱਚ ਵਾਧਾ ਕਰ ਰਿਹਾ ਹੈ। ਇਸ ਨਾਲ ਦਰਾਮਦ, (ਇੰਮਪੋਰਟ) ਵਿੱਚ ਵਾਧਾ ਹੋ ਰਿਹਾ ਜਿਸ ਕਰਕੇ ਦੇਸ਼ ਕਰਜ਼ਈ ਵੀਂ ਹੋ ਰਿਹਾ ਅਤੇ ਵਿਦੇਸ਼ੀ ਮੁਦਰਾ ਵੀਂ ਖਤਮ ਹੋ ਰਹੀ ਹੈ। ਪ੍ਰੋਫੈਸਰ ਕੁਮਾਰ ਨੇ ਕਿਹਾ ਭਾਰਤ ਨੂੰ ਆਪਣਾ ਵਿਕਾਸ ਮਾਡਲ ਤਿਆਰ ਕਰਨਾ ਪਵੇਗਾ ਕਾਰਪੋਰੇਟ ਦੀ ਥਾਂ ਤੇ ਸਹਿਕਾਰਤਾਂ ਨੂੰ ਲਿਆਂਦਾ ਜਾਵੇਗਾ। ਜਿਸਨੂੰ “ਬਰਾਬਰੀ ਅਧਾਰਤ ਅਤੇ ਥਲੋਂ ਤੋਂ ਉਪਰ ਦੀ ਤਰਜ਼ ਵਾਲਾ ਵਿਕਾਸ ਕਰਨਾ ਪਵੇਗਾ। ਅਜਿਹੇ ਵਿਕਾਸ ਪ੍ਰਚੱਲਤ ਵਿਕਾਸ ਮਾਡਲ ਸਮਾਜਵਾਦੀ, ਸਰਮਾਏਦਾਰੀ ਜਾਂ ਕਮਿਉਨਿਸਟ ਵੰਨਗੀ ਦੇ ਬ੍ਰਾਂਡ ਤੋਂ ਮੁਕਤ ਹੋਵੇਗਾ ਕਿਉਂਕਿ ‘ਲੇਬਲ’ (ਠੱਪੇ) ਲਾਉਣ ਨਾਲ ਸਾਂਝੀ ਸਮਾਜਿਕ ਸਿਆਸੀ ਲਹਿਰ ਨਹੀਂ ਹੋ ਸਕਦੀ।
ਪ੍ਰੋਫੈਸਰ ਅਰੁਣ ਕੁਮਾਰ ਜਹੇ ਉੱਘੇ ਅਰਥ ਸਾਸ਼ਤਰੀ ਦਾ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਿੱਚ ਪਹਿਲਾਂ ਅਰਥ ਵਿਵਸਥਾ ਉੱਤੇ ਭਾਸ਼ਣ ਸੀ। ਬਿਲਕਿਸ ਬਾਨੋ ਮੰਚ ਦੀ ਕਾਰਕੁੰਨ ਸ਼ਾਲਨੀ ਮਾਲਵਿਆਂ ਅਤੇ ਪ੍ਰੋ. ਮਨਜੀਤ ਸਿੰਘ ਨੇ ਪ੍ਰੋ. ਅਰੁਣ ਕੁਮਾਰ ਦੀ ਜਾਣ ਪਹਿਚਾਣ ਅਤੇ ਲੈਕਚਰ ਦੇ ਵਿਸ਼ੇ ਦੀ ਜਾਣ ਪਹਿਚਾਣ ਕਰਵਾਈ। ਖੇਤੀ ਮਾਹਿਰ ਦਵਿੰਦਰ ਸ਼ਰਮਾ, ਨਾਮਵਾਰ ਪੱਤਰਕਾਰ, ਬੁੱਧੀਜੀਵੀ,ਸਮਾਜਿਕ ਕਾਰਕੁੰਨ, ਹਰਪਾਲ ਸਿੰਘ (ਅਮਰੀਕਾ ਵਾਲੇ), ਪ੍ਰੀਤਮ ਸਿੰਘ ਰੁਪਾਲ, ਗੁਰਪ੍ਰੀਤ ਸਿੰਘ (ਪ੍ਰਤੀਨਿਧ ਗਲੋਬਲ ਸਿੱਖ ਕੌਂਸਲ), ਇੰਜ. ਰਣਜੀਤ ਸਿੰਘ, ਪੱਤਰਕਾਰ ਜਸਪਾਲ ਸਿੰਘ ਸਿੱਧੂ ਅਤੇ ਸਰਬਜੀਤ ਸਿੰਘ ਧਾਲੀਵਾਲ ਹਾਜ਼ਿਰ ਸਨ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਜਾਰੀ ਕਰਤਾ:- ਡਾ. ਖੁਸ਼ਹਾਲ ਸਿੰਘ ਜਨਰਲ ਸਕੱਤਰ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, 93161-07093