
ਕਿਸਾਨਾਂ ਦੇ ਸਮਰਥਨ ’ਚ ਪ੍ਰਦਰਸ਼ਨ ਕਰਨ ਦੇ ਦੋਸ਼ ’ਚ 60 ਵਿਅਕਤੀ ਫੜੇ
ਨਵੀਂ ਦਿੱਲੀ, 6 ਫ਼ਰਵਰੀ : ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਅੰਦੋਲਨ ਕਰ ਰਹੇ ਕਿਸਾਨਾਂ ਦੇ ਚੱਕਾ ਜਾਮ ਦੇ ਸੱਦੇ ਦੇ ਸਮਰਥਨ ’ਚ ਕਥਿਤ ਤੌਰ ’ਤੇ ਪ੍ਰਦਰਸ਼ਨ ਕਰਨ ਲਈ ਸਨਿਚਰਵਾਰ ਨੂੰ ਮੱਧ ਦਿੱਲੀ ਦੇ ਸ਼ਹੀਦੀ ਪਾਰਕ ਦੇ ਨੇੜੇ 60 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ। ਇਹ ਸਾਰੇ ਲੋਕ ਖੱਬੇਪੱਖੀ ਝੰਡੇ ਨਾਲ ਆਈ ਟੀ ਓ ’ਤੇ ਪ੍ਰਦਰਸ਼ਨ ਕਰ ਰਹੇ ਸਨ। ਪੁਲਿਸ ਇਨ੍ਹਾਂ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਇਕ ਬੱਸ ਵਿਚ ਬਿਠਾ ਕੇ ਰਾਜਿੰਦਰ ਨਗਰ ਥਾਣੇ ਲੈ ਗਈ। ਰਾਕੇਸ ਟਿਕੈਤ ਦੇ ਫ਼ੈਸਲੇ ਦੇ ਵਿਰੁਧ ਜਾਂਦੇ ਹੋਏ, ਕੁੱਝ ਲੋਕ ਅਪਣੇ ਹੱਥ ਵਿਚ ਝੰਡਾ ਫੜ ਕੇ ਆਈਟੀਓ ਕੋਲ ਗਏ। ਇਹ ਦੇਖ ਕੇ ਮੌਕੇ ’ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪ੍ਰਦਰਸ਼ਨ ਕਰਨ ’ਤੇ ਅੜੇ ਹੋਏ ਸਨ। ਜਿਸ ਕਾਰਨ ਪੁਲਿਸ ਨੇ ਸਾਰਿਆਂ ਨੂੰ ਹਿਰਾਸਤ ਵਿਚ ਲੈ ਲਿਆ।
ਕਿਸਾਨ ਜਥੇਬੰਦੀਆਂ ਨੇ ਅਪਣੇ ਅੰਦੋਲਨ ਸਥਲਾਂ ਦੇ ਕੋਲ ਦੇ ਖੇਤਰਾਂ ’ਚ ਇੰਟਰਨੈਟ ’ਤੇ ਰੋਕ ਲਗਾਏ ਜਾਣ, ਅਧਿਕਾਰੀਆਂ ਵਲੋਂ ਕਥਿਤ ਤੌਰ ’ਤੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤੇ ਜਾਣ ਅਤੇ ਹੋਰ ਮੁੱਦਿਆਂ ਨੂੰ ਲੈ ਕੇ 6 ਫ਼ਰਵਰੀ ਨੂੰ ਦੇਸ਼ ਵਿਆਪੀ ‘ਚੱਕਾ ਜਾਮ’ ਦਾ ਐਲਾਨ ਕੀਤਾ ਸੀ ਜਿਸ ਦੌਰਾਨ ਉਨ੍ਹਾਂ ਨੇ ਦੁਪਹਿਰ 12 ਵਜੇ ਤੋਂ ਤਿੰਨ ਵਜੇ ਤਕ ਰਾਸ਼ਟਰੀ ਅਤੇ ਰਾਜ ਮਾਰਗਾਂ ਨੂੰ ਬੰਦ ਕਰਨ ਦੀ ਗੱਲ ਕਹੀ ਸੀ। (ਪੀਟੀਆਈ)