
ਕਿਸਾਨ ਜਥੇਬੰਦੀਆਂ ਦੇ ਚੱਕਾਜਾਮ ਨੂੰ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਵਲੋਂ ਪੂਰਨ ਹਮਾਇਤ
ਸੰਸਦ ਵਿਚ ਕਿਸਾਨਾਂ ਦੇ ਹੱਕ ਵਿਚ ਆਵਾਜ਼ ਚੁੱਕਣ ਵਾਲੇ ਵਿਰੋਧੀ ਧਿਰ ਦੇ ਮੈਂਬਰਾਂ ਦੀ ਕੀਤੀ ਸ਼ਲਾਘਾ
ਅੰਮਿ੍ਤਸਰ, 5 ਫ਼ਰਵਰੀ (ਸਪੋਕਸਮੈਨ ਸਮਾਚਾਰ ਸੇਵਾ) : ਕੇਂਦਰ ਸਰਕਾਰ ਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁਧ ਦੇਸ਼ ਭਰ ਵਿਚ ਕਿਸਾਨ ਅੰਦੋਲਨ ਚਲ ਰਿਹਾ ਹੈ | ਇਸ ਸਬੰਧੀ ਕਿਸਾਨ ਜਥੇਬੰਦੀਆਂ ਵਲੋਂ ਦੇਸ਼ ਭਰ ਵਿਚ ਚੱਕਾ ਜਾਮ ਦੇ ਦਿਤੇ ਸੱਦੇ ਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਪੂਰਨ ਹਮਾਇਤ ਕੀਤੀ ਹੈ ਅਤੇ ਕਿਸਾਨ ਵੀਰਾਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਪੂਰਨ ਭਰੋਸਾ ਦਿਤਾ ਹੈ | ਬਾਬਾ ਬਲਬੀਰ ਸਿੰਘ ਨੇ ਦੇਸ਼ ਭਰ ਦੇ ਸਾਰੇ ਹੀ ਵਰਗਾਂ ਨੂੰ ਇਸ ਜਾਮ ਵਿਚ ਅਪਣਾ ਹਿੱਸਾ ਪਾਉਣ ਦੀ ਅਪੀਲ ਵੀ ਕੀਤੀ ਹੈ | ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਕੀਤੇ ਗਏ ਇਕ ਬਿਆਨ ਵਿਚ ਨਿਹੰਗ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੀਤਾ ਜਾ ਰਿਹਾ ਸੰਘਰਸ਼ ਬਿਲਕੁਲ ਜਾਇਜ਼ ਅਤੇ ਹੱਕਾਂ ਅਧਾਰਤ ਹੈ | ਕੇਂਦਰ ਸਰਕਾਰ ਇਸ ਨੂੰ ਕੁਚਲਣ ਦਾ ਇਰਾਦਾ ਮੂਲ਼ੋਂ ਤਿਆਗ ਦੇਵੇ | ਉਨ੍ਹਾਂ ਕਿਹਾ ਕਿ ਦੇਸ਼ ਦੀ ਰੀੜ ਦੀ ਹੱਡੀ ਅਖਵਾਉਣ ਵਾਲੀ ਸ਼੍ਰੇਣੀ ਕਿਸਾਨੀ ਨਾਲ ਜੇਕਰ ਸਰਕਾਰ ਜਬਰ, ਜ਼ੁਲਮ ਜਾਂ ਧੱਕੇਸ਼ਾਹੀ ਕਰਦੀ ਹੈ ਤਾਂ ਇਹ ਕੰਧ 'ਤੇ ਲਿਖੇ ਵਾਂਗ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਸਰਕਾਰ ਦੇ ਅਪਣੇ ਰਾਜ ਤਖ਼ਤੇ ਵਿਚ ਜਲਦ ਹੀ ਕਿਲ ਠੁਕ ਜਾਣਗੇ | ਉਨ੍ਹਾਂ ਕਿਹਾ ਕਿ ਅਜਿਹੀਆਂ ਤਾਨਾਸ਼ਾਹੀ ਸਰਕਾਰਾਂ ਲੋਕਤੰਤਰੀ ਸਰਕਾਰਾਂ ਨਹੀਂ ਅਖਵਾ ਸਕਣਗੀਆਂ |
ਸੰਸਦ ਅੰਦਰ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਕਿਸਾਨ ਮੰਗਾਂ ਦੇ ਸਮਰਥਨ ਬਾਰੇ ਜ਼ੋਰਦਾਰ ਤਰੀਕੇ ਨਾਲ ਅਵਾਜ਼ ਉਠਾਉਣ 'ਤੇ ਨਿਹੰਗ ਮੁਖੀ ਨੇ ਪ੍ਰਸੰਸ਼ਾ ਕਰਦਿਆਂ ਕਿਹਾ ਕੀ ਹਾਕਮ ਏਨਾ ਗੂੰਗਾ ਤੇ ਬੋਲਾ ਹੋ ਗਿਆ ਕਿ ਉਸ ਨੂੰ ਸਹੀ ਅਵਾਜ਼ ਵੀ ਸੁਣ ਨਹੀਂ ਰਹੀ | ਉਨ੍ਹਾਂ ਕਿਸਾਨ ਆਗੂਆਂ ਨੂੰ ਵੀ ਅਪੀਲ ਕੀਤੀ ਹੈ ਕਿ ਸਰਕਾਰ ਦੀਆਂ ਲੂੰਬੜਚਾਲਾਂ ਤੋਂ ਸੁਚੇਤ ਰਹਿਣ, ਅਪਣੇ ਅੰਦੋਲਨ ਵਿਚ ਕਿਸੇ ਅਜਿਹੇ ਆਗੂ, ਅਨਸਰ ਨੂੰ ਦਾਖ਼ਲ ਨਾ ਹੋਣ ਦੇਣ ਜੋ ਅੰਦੋਲਨ ਨੂੰ ਢਾਹ ਲਾਉਣ ਵਾਲਾ ਜਾਂ ਮਾਰੂ ਅਸਰ ਪਾਉਣ ਵਾਲਾ ਹੋਵੇ | ਉਨ੍ਹਾਂ ਕਿਹਾ ਕਿ ਭਾਵੇਂ ਅimageਜਿਹੇ ਬੰਦ ਜਾਂ ਚੱਕਾ ਜਾਮ ਨਾਲ ਸੂਬੇ ਦਾ ਆਰਥਕ ਨੁਕਸਾਨ ਤਾਂ ਹੁੰਦਾ ਹੈ ਪਰ ਜਦ ਅੰਨ੍ਹੇ ਬੋਲੇ ਹਾਕਮ ਇਨਸਾਫ਼ ਨਾ ਦੇਣ ਤਾਂ ਅਜਿਹੇ ਰਾਹ ਹੀ ਅਪਨਾਉਣੇ ਪੈਂਦੇ ਹਨ | ਉਨ੍ਹਾਂ ਚੱਕਾ ਜਾਮ ਦੀ ਪੂਰਨ ਹਮਾਇਤ ਕਰਦਿਆਂ ਸੱਭ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ |