
ਪ੍ਰਮੁੱਖ ਸਕੱਤਰ ਸਿਹਤ ਨੇ ਸਿਵਲ ਹਸਪਤਾਲ ਵਿਖੇ ਲਵਾਇਆ ਕੋਵਿਸ਼ੀਲਡ ਟੀਕਾ
ਮੁਹਾਲੀ / ਚੰਡੀਗੜ੍ਹ, 5 ਫ਼ਰਵਰੀ (ਸੁਖਦੀਪ ਸਿੰਘ ਸੋਈ) : ‘‘ਮੈਂ ਖ਼ੁਸ਼ੀ ਮਹਿਸੂਸ ਕਰਦੀ ਹਾਂ ਕਿ ਸੂਬੇ ਦੇ ਜਿਨ੍ਹਾਂ ਦੋ ਫ਼ਰੰਟਲਾਈਨ ਯੋਧਿਆਂ ਨੇ ਕੋਰੋਨਾ ਮਹਾਂਮਾਰੀ ਫ਼ੈਲਣ ਦੀ ਸ਼ੁਰੂਆਤ ਤੋਂ ਹੀ ਇਸ ਵਿਰੁਧ ਲੜਾਈ ਦੀ ਰਣਨੀਤੀ ਬਣਾਈ ਅਤੇ ਇਸ ਨੂੰ ਅੰਜਾਮ ਦਿਤਾ, ਦਾ ਅੱਜ ਟੀਕਾਕਰਨ ਕੀਤਾ ਗਿਆ। ਮੈਂ ਉਨ੍ਹਾਂ ਨੂੰ ਅਤੇ ਸਮੁੱਚੇ ਸਿਹਤ ਵਿਭਾਗ ਅਤੇ ਮੈਡੀਕਲ ਸਿਖਿਆ ਵਿਭਾਗ ਨੂੰ ਕੋਵਿਡ ਟੀਕਾਕਰਨ ਮੁਹਿੰਮ ਦੇ ਦੂਜੇ ਪੜਾਅ ਦੇ ਸਫ਼ਲ ਆਯੋਜਨ ਲਈ ਸੁੱਭਕਾਮਨਾਵਾਂ ਦਿੰਦੀ ਹਾਂ।” ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਸਕੱਤਰ ਸ਼੍ਰੀਮਤੀ ਵਿਨੀ ਮਹਾਜਨ ਨੇ ਸਿਵਲ ਹਸਪਤਾਲ ਮੁਹਾਲੀ ਵਿਖੇ ਅਪਣੇ ਦੌਰੇ ਦੌਰਾਨ ਕੀਤਾ।
ਉਹ ਵਿਸ਼ੇਸ਼ ਤੌਰ ’ਤੇ ਸਿਹਤ ਅਤੇ ਮੈਡੀਕਲ ਸਿਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦਾ ਮਨੋਬਲ ਵਧਾਉਣ ਲਈ ਆਏ ਸਨ ਜਿਨ੍ਹਾਂ ਨੇ ਸਿਵਲ ਹਸਪਤਾਲ ਵਿਖੇ ਕੋਵੀਸਲਿਡ ਦੇ ਟੀਕੇ ਲਗਵਾਏ। ਅੱਜ ਟੀਕਾ ਲਗਵਾਉਣ ਵਾਲਿਆਂ ਵਿਚ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਹੁਸਨ ਲਾਲ ਅਤੇ ਮੈਡੀਕਲ ਸਿਖਿਆ ਅਤੇ ਖੋਜ ਦੇ ਪ੍ਰਮੁੱਖ ਸਕੱਤਰ ਸ਼੍ਰੀ ਡੀ ਕੇ ਤਿਵਾੜੀ ਸ਼ਾਮਲ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਵੀ ਮੌਜੂਦ ਸਨ। ਮੁੱਖ ਸਕੱਤਰ ਨੇ ਕਿਹਾ, ‘‘ਵੱਡੀ ਗਿਣਤੀ ਵਿਚ ਸਿਵਲ, ਪੁਲਿਸ ਅਧਿਕਾਰੀ ਅਤੇ ਹੈਲਥ ਕੇਅਰ ਵਰਕਰਾਂ ਦੇ ਟੀਕਾਕਰਨ ਲਈ ਅੱਗੇ ਆਉਣ ਨਾਲ ਲੋਕਾਂ ਦੇ ਮਨਾਂ ਵਿਚ ਪਏ ਭੁਲੇਖੇ ਦੂਰ ਹੋ ਜਾਣਗੇ ਅਤੇ ਟੀਕਾਕਰਨ ਮੁਹਿੰਮ ਨੂੰ ਵੱਡਾ ਹੁਲਾਰਾ ਮਿਲੇਗਾ।”
ਹੁਣ ਤਕ ਸੂਬੇ ਭਰ ਵਿਚ 65345 ਹੈਲਥ ਕੇਅਰ ਵਰਕਰਾਂ ਅਤੇ 2516 ਫ਼ਰੰਟਲਾਈਨ ਵਰਕਰਾਂ ਦਾ ਟੀਕਾਕਰਨ ਮੁਕੰਮਲ ਹੋਇਆ ਹੈ।
ਮੁਹਾਲੀ ਸਿਵਲ ਹਸਪਤਾਲ ਸੀਨੀਅਰ ਸਿਵਲ ਅਫ਼ਸਰਾਂ ਅਤੇ ਵਿਜੀਲੈਂਸ ਅਧਿਕਾਰੀਆਂ ਦੇ ਟੀਕਾਕਰਨ ਲਈ ਆਉਣ ਨਾਲ ਅੱਜ ਹਾਈ ਪ੍ਰੋਫ਼ਾਈਲ ਆਵਾਜਾਈ ਦਾ ਕੇਂਦਰ ਬਣਿਆ ਰਿਹਾ। ਲਕਸ਼ਮੀ ਕਾਂਤ ਯਾਦਵ ਆਈਜੀ, ਵੀਬੂਰਾਜ ਆਈਜੀ, ਅਸ਼ੀਸ਼ ਕਪੂਰ ਐਸਪੀ, ਐਚਐਸ ਭੁੱਲਰ ਐਸਪੀ, ਈਸ਼ਵਰ ਸਿੰਘ ਏਡੀਜੀਪੀ ਸਮੇਤ 133 ਫ਼ਰੰਟਲਾਈਨ ਵਰਕਰਾਂ ਦਾ ਅੱਜ ਐਸ.ਏ.ਐਸ. ਨਗਰ ਵਿਖੇ ਟੀਕਾਕਰਨ ਹੋਇਆ।
photos 5-5
ਟੀਕਾਕਰਣ ਮੁਹਿੰਮ ਦੇ ਦੂਜੇ ਪੜਾਅ ਦੇ ਸਫ਼ਲ ਰਹਿਣ ਲਈ ਦਿਤੀਆਂ ਸੁੱਭਕਾਮਨਾਵਾਂ
ਸੂਬੇ ਵਿਚ 65345 ਹੈਲਥ ਕੇਅਰ ਵਰਕਰਾਂ ਅਤੇ 2516 ਫ਼ਰੰਟਲਾਈਨ ਵਰਕਰਾਂ ਨੇ ਲਵਾਏ ਟੀਕੇ