
ਪੁਛਿਆ! ਇਸ ਤੋਂ ਪਹਿਲਾਂ ਮਾਰੇ ਗਏ ਦੋ ਸਿੱਖਾਂ ਦਾ ਕਿਉਂ ਨਾ ਮਿਲਿਆ ਇਨਸਾਫ਼?
ਕੋਟਕਪੂਰਾ, 5 ਫ਼ਰਵਰੀ (ਗੁਰਿੰਦਰ ਸਿੰਘ) : ਬੇਅਦਬੀ ਮਾਮਲਿਆਂ ਦਾ ਇਨਸਾਫ਼ ਮੰਗ ਰਹੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਦੌਰਾਨ ਬਹਿਬਲ ਗੋਲੀਕਾਂਡ ਵਿਚ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਦੋ ਸਿੱਖ ਨੌਜਵਾਨਾ ਦੇ ਪੀੜਤ ਪ੍ਰਵਾਰਾਂ ਨੇ ਫਰੀਦਕੋਟ ਦੀ ਅਦਾਲਤ ਵਲੋਂ ਗੁਰਪ੍ਰੀਤ ਸਿੰਘ ਸਮੇਤ ਤਿੰਨ ਨੌਜਵਾਨਾਂ ਨੂੰ ਇਕ ਡੇਰਾ ਪੇ੍ਰਮੀ ਦੇ ਕਤਲ ਦੇ ਦੋਸ਼ ਵਿਚ ਸੁਣਾਈ ਗਈ ਉਮਰ ਕੈਦ ਦੀ ਸਜ਼ਾ ’ਤੇ ਸਵਾਲ ਖੜੇ ਕੀਤੇ ਹਨ। ਮੀਡੀਆ ਨੂੰ ਜਾਰੀ ਕੀਤੇ ਬਿਆਨ ਵਿਚ ਸ਼ਹੀਦ ਕਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਅਦਾਲਤੀ ਫ਼ੈਸਲੇ ’ਤੇ ਅਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਕ ਵਾਰ ਫਿਰ ਭਾਰਤੀ ਜਸਟਿਸ ਸਿਸਟਮ ਨੇ ਸਾਬਿਤ ਕਰ ਦਿਤਾ ਹੈ ਕਿ ਸਿੱਖਾਂ ਨਾਲ ਹਮੇਸ਼ਾਂ ਹੀ ਧੱਕਾ ਹੁੰਦਾ ਆਇਆ ਹੈ, ਜੋ ਅੱਜ ਵੀ ਬਰਕਰਾਰ ਹੈ।
ਉਨ੍ਹਾਂ ਕਿਹਾ ਕਿ 6 ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਕੇਸਾਂ ਦਾ ਨਿਪਟਾਰਾ ਨਹੀਂ ਹੋਇਆ ਪਰ ਉਸ ਹੀ ਬੇਅਦਬੀ ਕਾਂਡ ਨਾਲ ਸਬੰਧਤ ਸਾਲ ਬਾਅਦ ਇਕ ਵਿਅਕਤੀ ਦੇ ਕਤਲ ਦੇ ਦੋਸ਼ ਹੇਠ ਮੁਲਜ਼ਮਾ ਖ਼ਿਲਾਫ਼ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿਤੀ। ਸੁਖਰਾਜ ਸਿੰਘ ਨੇ ਆਖਿਆ ਕਿ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਜਿੰਨਾ ਸਮਾਂ ਕੇਸ ਚੱਲਦਾ ਰਿਹਾ, ਉਨਾਂ ਸਮਾਂ ਉਕਤ ਤਿੰਨਾ ਨੌਜਵਾਨਾਂ ਨੂੰ ਜਮਾਨਤ ਤੱਕ ਨਹੀਂ ਦਿਤੀ ਗਈ ਅਰਥਾਤ ਜੇਲ ਵਿਚ ਬੰਦ ਰਖਿਆ ਗਿਆ ਤੇ ਲੰਮੀ ਸੁਣਵਾਈ ਤੋਂ ਬਾਅਦ ਸਜ਼ਾ ਸੁਣਾ ਦਿਤੀ। ਪਰ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀ ਅੱਜ ਵੀ ਜੇਲਾਂ ’ਚੋਂ ਬਾਹਰ ਹਨ ਤੇ ਉਹ ਵੀ ਭਾਰੀ ਪੁਲਿਸ ਸੁਰੱਖਿਆ ਨਾਲ ਆਜ਼ਾਦ ਘੁੰਮ ਰਹੇ ਹਨ। ਸੁਖਰਾਜ ਸਿੰਘ ਨੇ ਸਮੇਂ ਦੀਆਂ ਸਰਕਾਰਾਂ ’ਤੇ ਵਿਤਕਰੇਬਾਜ਼ੀ ਕਰਨ ਦਾ ਦੋਸ਼ ਲਾਉਂਦਿਆਂ ਸਵਾਤ ਕੀਤਾ ਕਿ ਕੀ ਬਹਿਬਲ ਕਲਾਂ ਗੋਲੀਕਾਂਡ ਵਿਚ ਮਾਰੇ ਗਏ ਇਨਸਾਨ ਨਹੀਂ ਸਨ? ਕੀ ਸਮੇਂ ਦੀਆਂ ਸਰਕਾਰਾਂ ਦੇ ਐਡਵੋਕੇਟ ਜਨਰਲਾਂ ਸਮੇਤ ਮਹਿੰਗੇ ਵਕੀਲਾਂ ਦੀ ਪੀੜਤ ਪ੍ਰਵਾਰਾਂ ਨੂੰ ਇਨਸਾਫ਼ ਦਿਵਾਉਣ ਦੀ ਜ਼ਿੰਮੇਵਾਰੀ ਨਹੀਂ ਸੀ ਬਣਦੀ?
ਫੋਟੋ :- ਕੇ.ਕੇ.ਪੀ.-ਗੁਰਿੰਦਰ-5-8ਐੱਚ