
ਕਾਂਗਰਸ ਵਲੋਂ CM ਚਿਹਰਾ ਬਣਾਉਣ 'ਤੇ CM ਚੰਨੀ ਨੇ ਕੀਤਾ ਪਾਰਟੀ ਦਾ ਧੰਨਵਾਦ
ਮੈਂ ਤੇ ਮੇਰੀ ਪਤਨੀ ਅੱਗੇ ਤੋਂ ਕੋਈ ਪ੍ਰਾਪਰਟੀ ਨਹੀਂ ਖਰੀਦਾਂਗੇ - CM ਚਰਨਜੀਤ ਸਿੰਘ ਚੰਨੀ
ਵਰਚੁਅਲ ਰੈਲੀ ਦੌਰਾਨ CM ਚੰਨੀ ਦੇ ਵਿਰੋਧੀ ਪਾਰਟੀਆਂ 'ਤੇ ਤਿੱਖੇ ਸ਼ਬਦੀ ਹਮਲੇ
ਲੁਧਿਆਣਾ : ਆਲ ਇੰਡੀਆ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਲੋਂ ਅੱਜ ਲੁਧਿਆਣਾ ਰੈਲੀ ਦੌਰਾਨ ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ। ਰਾਹੁਲ ਗਾਂਧੀ ਵਲੋਂ ਕੀਤੇ ਇਸ ਐਲਾਨ ਤੋਂ ਬਾਅਦ CM ਚੰਨੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਮੇਰੇ ’ਤੇ ਭਰੋਸਾ ਕਰਨ ਲਈ ਉਹ ਪਾਰਟੀ ਹਾਈਕਮਾਨ ਅਤੇ ਪੰਜਾਬ ਦੇ ਲੋਕਾਂ ਦੇ ਸ਼ੁਕਰ ਗੁਜ਼ਾਰ ਹਨ। ਜਿਸ ਤਰ੍ਹਾਂ ਸਾਰਿਆਂ ਨੇ ਸਾਨੂੰ ਪਿਛਲੇ 111 ਦਿਨਾਂ ਵਿਚ ਪੰਜਾਬ ਨੂੰ ਅੱਗੇ ਲੈ ਕੇ ਜਾਣ ਲਈ ਮਿਹਨਤ ਕਰਦਿਆਂ ਦੇਖਿਆ ਹੈ, ਉਹ ਯਕੀਨ ਦੁਆਉਂਦੇ ਹਨ ਕਿ ਅੱਗੇ ਵੀ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ’ਤੇ ਲੈ ਕੇ ਜਾਣਗੇ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਲੁਧਿਆਣਾ ਵਿਖੇ ਵਰਚੁਅਲ ਰੈਲੀ ਨੂੰ ਸੰਬੋਧਨ ਕਰਦਿਆਂ ਵੋਰੋਧੀ ਪਾਰਟੀਆਂ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਰਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ 700 ਕਿਸਾਨਾਂ ਦੀ ਜ਼ਿੰਮੇਵਾਰ ਭਾਜਪਾ ਸਰਕਾਰ ਹੈ। ਇਨ੍ਹਾਂ 700 ਸ਼ਹੀਦ ਕਿਸਾਨਾਂ ਦਾ ਘਾਟਾ ਕੌਣ ਪੂਰਾ ਕਰੇਗਾ?
ਪੰਜਾਬ ਦੇ ਕਿਸਾਨਾਂ ਨੇ ਆਪਣੇ ਸੂਬੇ ਦੀ ਅਰਥਵਿਵਸਥਾ ਨੂੰ ਕਾਇਮ ਰੱਖਣ ਲਈ ਸੰਘਰਸ਼ ਲੜਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਖੇਤੀ ਕਾਨੂੰਨ ਬਣਾਉਣ ’ਚ ਯੋਗਦਾਨ ਪਾਇਆ ਸੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ ਸੂਬੇ ’ਚ ਕਾਨੂੰਨ ਲਾਗੂ ਕਰਨ ਦਾ ਰਾਹ ਸਾਫ ਕੀਤਾ ਸੀ।
cm charanjit singh channi
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਮੇਰੇ ’ਤੇ ਬਹੁਤ ਵੱਡੇ ਇਲਜ਼ਾਮ ਲਾਏ ਜਾ ਰਹੇ ਹਨ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਗੱਲ ਕਿਸੇ ਦੀ ਹੋ ਰਹੀ ਹੋਵੇ ਪਰ ਮੇਰਾ ਨਾਂ ’ਚ ਲਿਆਂਦਾ ਜਾਂਦਾ ਹੈ।
ਸੀਐੱਮ ਚਰਨਜੀਤ ਚੰਨੀ ਨੇ ਕਿਹਾ ਕਿ ਮੈਂ ਪਗੜੀ 'ਤੇ ਦਾਗ ਨਹੀਂ ਲੱਗਣ ਦੇਵਾਂਗਾ, ਕਦੇ ਗ਼ਲਤ ਕੰਮ ਨਹੀਂ ਕਰਾਂਗਾ ਤੇ ਗ਼ਲਤ ਪੈਸਾ ਅਪਣੇ ਘਰ ਨਹੀਂ ਆਉਣ ਦੇਵਾਂਗਾ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਮੈਂ ਤੇ ਮੇਰੀ ਪਤਨੀ ਅੱਗੇ ਤੋਂ ਕੋਈ ਪ੍ਰਾਪਰਟੀ ਨਹੀਂ ਖਰੀਦਾਂਗੇ ਅਤੇ ਨਾ ਹੀ ਕੋਈ ਬਿਜ਼ਨੈੱਸ ਕਰਾਂਗੇ।
ਉਨ੍ਹਾਂ ਕਿਹਾ ਕਿ ਮੇਰੇ ’ਤੇ ਅੱਜ ਤਕ ਕਿਸੇ ਨੇ ਉਂਗਲ ਨਹੀਂ ਚੁੱਕੀ ਪਰ ਹੁਣ ਆਮ ਆਦਮੀ ਪਾਰਟੀ ਮੇਰੇ ’ਤੇ ਇਲਜ਼ਾਮ ਲਾਉਂਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਨਵੀਨਰ ਅਰਵਿੰਦ ਕੇਜਰੀਵਾਲ ਮਹਿੰਗੇ ਹੋਟਲਾਂ ’ਚ ਰਹਿੰਦਾ ਹੈ ਪਰ ਆਪਣੇ ਆਪ ਨੂੰ ਆਮ ਆਦਮੀ ਅਖਵਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਹੜਾ ਵੀ ਭ੍ਰਿਸ਼ਟ ਆਮ ਆਦਮੀ ਪਾਰਟੀ ’ਚ ਸ਼ਾਮਲ ਹੁੰਦਾ ਹੈ, ਉਹ ਦੁੱਧ ਧੋਤਾ ਹੋ ਜਾਂਦਾ ਹੈ। ਉਸ ਦੇ ਸਾਰੇ ਗੁਨਾਹ ਮੁਆਫ਼ ਹੋ ਜਾਂਦੇ ਹਨ।
ਇਸ ਤੋਂ ਇਲਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਤਿੰਨ ਮਹੀਨਿਆਂ ਵਿਚ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਸਰਕਾਰੀ ਖ਼ਜ਼ਾਨਾ ਲੋਕਾਂ ਦਾ ਹੈ ਅਤੇ ਉਨ੍ਹਾਂ ਕੋਲ ਹੀ ਆਉਂਦਾ ਹੈ। ਇਨ੍ਹਾਂ ਤਿੰਨ ਮਹੀਨਿਆਂ ਵਿਚ ਅਸੀਂ ਸਾਰੇ ਮਾਫ਼ੀਆ 'ਤੇ ਨਕੇਲ ਕੱਸੀ ਹੈ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਪੰਜਾਬ ਦਾ ਭਲਾ ਕਰਨਾ ਹੈ।