
ਇੱਥੇ ਜਾਣੋ ਜਨਤਕ ਖੱਡਾਂ ਦੇ ਵੇਰਵੇ
ਚੰਡੀਗੜ੍ਹ: ਪੰਜਾਬ ਦੇ ਲੋਕਾਂ ਨੂੰ ਵਾਜਬ ਕੀਮਤਾਂ ਉਤੇ ਰੇਤ ਅਤੇ ਬੱਜਰੀ ਸਪਲਾਈ ਕਰਨ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ 16 ਜਨਤਕ ਖੱਡਾਂ ਲੋਕਾਂ ਨੂੰ ਸਮਰਪਿਤ ਕੀਤੀਆਂ ਗਈਆਂ। ਇਸ ਪਹਿਲਕਦਮੀ ਨਾਲ ਹੁਣ ਇਹਨਾਂ ਖੱਡਾਂ ਤੋਂ 5.50 ਰੁਪਏ ਪ੍ਰਤੀ ਕਿਊਬਕ ਫੁੱਟ ਦੇ ਭਾਅ ਨਾਲ ਰੇਤ ਅਤੇ ਬੱਜਰੀ ਮਿਲੇਗੀ। ਇਹ 16 ਜਨਤਕ ਖੱਡਾਂ ਸੂਬੇ ਦੇ 7 ਜ਼ਿਲ੍ਹਿਆਂ ਵਿਚ ਫੈਲੀਆਂ ਹੋਈਆਂ ਹਨ। ਅਗਲੇ ਮਹੀਨੇ ਤੱਕ ਸੂਬੇ ਭਰ ਵਿਚ ਅਜਿਹੀਆਂ 50 ਹੋਰ ਖੱਡਾਂ ਚਾਲੂ ਹੋ ਜਾਣਗੀਆਂ।
ਕਿਹੜੇ ਜ਼ਿਲ੍ਹੇ ਵਿਚ ਹਨ ਕਿੰਨੀਆਂ ਜਨਤਕ ਖੱਡਾਂ?
ਫਾਜ਼ਿਲਕਾ: ਜ਼ਿਲ੍ਹੇ ਵਿਚ ਕੁੱਲ ਤਿੰਨ ਜਨਤਕ ਖੱਡਾਂ ਚਾਲੂ ਕੀਤੀਆਂ ਗਈਆਂ ਹਨ। ਇਹਨਾਂ ਵਿਚੋਂ 2 ਫਾਜ਼ਿਲਕਾ ਤਹਿਸੀਲ ਦੇ ਬਾਧਾ-1 (2.18 ਹੈਕਟੇਅਰ)ਅਤੇ ਬਾਧਾ-2 (1.82 ਹੈਕਟੇਅਰ) ਵਿਖੇ ਚਾਲੂ ਹਨ ਜਦਕਿ ਇਕ ਖੱਡ ਜਲਾਲਾਬਾਦ ਦੇ ਚੱਕ ਗਰੀਬਾਂ ਸੰਦਰ (0.2 ਹੈਕਟੇਅਰ) ਵਿਖੇ ਚਾਲੂ ਕੀਤੀ ਗਈ ਹੈ।
ਲੁਧਿਆਣਾ: ਜ਼ਿਲ੍ਹੇ ਵਿਚ ਤਿੰਨ ਜਨਤਕ ਖੱਡਾਂ ਚਾਲੂ ਹਨ। ਇਕ ਖੱਡ ਜਗਰਾਓਂ ਤਹਿਸੀਲ ਦੇ ਗੋਰਸ਼ੀਆ ਖਾਨ ਮੁਹੰਮਦ (24.69 ਹੈਕਟੇਅਰ) ਇਲਾਕੇ ਵਿਚ ਹੈ ਜਦਕਿ ਦੋ ਖੱਡਾਂ ਤਹਿਸੀਲ ਲੁਧਿਆਣਾ ਪੂਰਬੀ ਦੇ ਜਮਾਲਪੁਰ ਲਿੱਲੀ ਤੇ ਸੁਜਾਤਵਾਲ (3.77 ਹੈਕਟੇਅਰ) ਅਤੇ ਧਨਾਸੁ ਤੇ ਭੁਖੜੀ ਖੁਰਦ (5.83 ਹੈਕਟੇਅਰ) ਵਿਖੇ ਸਥਿਤ ਹਨ।
ਸਾਹਿਬਜ਼ਾਦਾ ਅਜੀਤ ਸਿੰਘ ਨਗਰ: ਜ਼ਿਲ੍ਹੇ ਦੀ ਤਹਿਸੀਲ ਡੇਰਾਬੱਸੀ ਦੇ ਤਾਂਗੜੀ-3 (0.92 ਹੈਕਟੇਅਰ), ਤਾਂਗੜੀ-4 (0.98 ਹੈਕਟੇਅਰ) ਅਤੇ ਤਾਂਗੜੀ-5 (1.92 ਹੈਕਟੇਅਰ) ਵਿਖੇ ਤਿੰਨ ਜਨਤਕ ਖੱਡਾਂ ਚਾਲੂ ਕੀਤੀਆਂ ਗਈਆਂ ਹਨ।
ਰੂਪਨਗਰ: ਜ਼ਿਲ੍ਹੇ ਵਿਚ ਕੁੱਲ ਤਿੰਨ ਜਨਤਕ ਖੱਡਾਂ ਸ੍ਰੀ ਚਮਕੌਰ ਸਾਹਿਬ ਤਹਿਸੀਲ ਵਿਚ ਚਾਲੂ ਕੀਤੀਆਂ ਗਈਆਂ ਹਨ। ਇਹ ਪਿੰਡ ਸੁਲਤਾਨਪੁਰ (10.01 ਹੈਕਟੇਅਰ), ਮਲਾਣਾ (13.05 ਹੈਕਟੇਅਰ) ਅਤੇ ਮੱਲੇਵਾਲ (6.43 ਹੈਕਟੇਅਰ) ਵਿਖੇ ਸਥਿਤ ਹਨ।
ਸ਼ਹੀਦ ਭਗਤ ਸਿੰਘ ਨਗਰ: ਜ਼ਿਲ੍ਹੇ ਵਿਚ ਕੁੱਲ ਤਿੰਨ ਜਨਤਕ ਖੱਡਾਂ ਚਾਲੂ ਕੀਤੀਆਂ ਗਈਆਂ ਹਨ। ਇਹਨਾਂ ਵਿਚੋਂ ਇਕ ਬਲਾਚੌਰ ਤਹਿਸੀਲ ਦੇ ਦੁੱਗਰੀ (10.18 ਹੈਕਟੇਅਰ) ਅਤੇ ਦੋ ਤਹਿਸੀਲ ਔੜ ਦੇ ਖੋਜਾ (6.35 ਹੈਕਟੇਅਰ) ਅਤੇ ਬੁਰਜ ਤੇਹਲ ਦੱਸ (8.71 ਹੈਕਟੇਅਰ) ਵਿਖੇ ਸਥਿਤ ਹਨ।
ਤਰਨਤਾਰਨ: ਇਸ ਤੋਂ ਇਲਾਵਾ ਜ਼ਿਲ੍ਹਾ ਤਰਨਤਾਰਨ ਦੇ ਪੱਟੀ ਵਿਚ ਪੈਂਦੇ ਪਿੰਡ ਜੱਲੋਕੇ (3.23 ਹੈਕਟੇਅਰ) ਵਿਖੇ ਇਕ ਜਨਤਕ ਖੱਡ ਚਾਲੂ ਕੀਤੀ ਗਈ ਹੈ।
ਕਿਵੇਂ ਕੀਤੀ ਜਾ ਸਕਦੀ ਹੈ ਰੇਤੇ ਦੀ ਖੁਦਾਈ?
ਇਹਨਾਂ ਜਨਤਕ ਖੱਡਾਂ ਤੋਂ ਰੇਤੇ ਦੀ ਸਿਰਫ ਹੱਥੀਂ ਖੁਦਾਈ ਕਰਨੀ ਹੋਵੇਗੀ ਅਤੇ ਰੇਤੇ ਦੀ ਮਸ਼ੀਨੀ ਖੁਦਾਈ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਕਿਸੇ ਵੀ ਰੇਤ ਠੇਕੇਦਾਰ ਨੂੰ ਜਨਤਕ ਖੱਡਾਂ ਨੂੰ ਚਲਾਉਣ ਦੀ ਆਗਿਆ ਨਹੀਂ ਹੋਵੇਗੀ। ਜਨਤਕ ਖੱਡਾਂ ਵਾਲੀਆਂ ਥਾਵਾਂ ਤੋਂ ਰੇਤ ਸਿਰਫ ਗੈਰ-ਵਪਾਰਕ ਪ੍ਰਾਜੈਕਟਾਂ ਦੀ ਉਸਾਰੀ ਲਈ ਵਰਤਣ ਵਾਸਤੇ ਹੀ ਵੇਚਿਆ ਜਾਵੇਗਾ।
ਇੱਥੋਂ ਰੇਤ ਦੀ ਵਿਕਰੀ ਸੂਰਜ ਡੁੱਬਣ ਤੱਕ ਹੀ ਹੋਵੇਗੀ ਅਤੇ ਹਰੇਕ ਜਨਤਕ ਖੱਡ ਵਾਲੀ ਥਾਂ 'ਤੇ ਰੇਤ ਕੱਢੇ ਜਾਣ ਨੂੰ ਨਿਯਮਤ ਕਰਨ ਲਈ ਇਕ ਸਰਕਾਰੀ ਅਧਿਕਾਰੀ ਹਮੇਸ਼ਾ ਮੌਜੂਦ ਰਹੇਗਾ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਇਕ ਐਪ ਵੀ ਬਣਾਈ ਹੈ ਜੋ ਲੋਕਾਂ ਨੂੰ ਜਨਤਕ ਖੱਡਾਂ ਵਾਲੀਆਂ ਥਾਵਾਂ ਬਾਰੇ ਪੂਰੀ ਜਾਣਕਾਰੀ ਦੇਵੇਗੀ ਅਤੇ ਇੱਥੋਂ ਤੱਕ ਕਿ ਆਨਲਾਈਨ ਭੁਗਤਾਨ ਦੀ ਸਹੂਲਤ ਵੀ ਦੇਵੇਗੀ।
ਜਨਤਕ ਖੱਡਾਂ ’ਤੇ ਲਗਾਏ ਗਏ ਸੀ.ਸੀ.ਟੀ.ਵੀ. ਕੈਮਰੇ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਖੱਡਾਂ ਦੇ ਸੰਚਾਲਨ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੋਵੇਗੀ ਕਿਉਂਕਿ ਇਸ 'ਤੇ 24 ਘੰਟੇ ਨਿਗਰਾਨੀ ਰੱਖਣ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਇਹਨਾਂ ਜਨਤਕ ਥਾਵਾਂ 'ਤੇ ਪੁਲਿਸ ਦੀ ਗਸ਼ਤ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਇਹਨਾਂ 'ਤੇ ਪੂਰੀ ਨਜ਼ਰ ਰੱਖੀ ਜਾ ਸਕੇ। ਇਹ ਖੱਡਾਂ ਇਕ ਅਪ੍ਰੈਲ ਤੋਂ 30 ਸਤੰਬਰ ਤੱਕ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਅਤੇ 1 ਅਕਤੂਬਰ ਤੋਂ 31 ਮਾਰਚ ਤੱਕ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਣਗੀਆਂ।