
ਮਲੋਟ : ਕਾਂਗਰਸ ਪਾਰਟੀ ਦੇ 2 ਸਾਲ ਦੇ ਕਾਰਜਕਾਲ ਦੌਰਾਨ ਅਕਾਲੀ ਦਲ ਬਾਦਲ ਨੂੰ ਪੰਥਕ ਮੁੱਦਿਆਂ 'ਤੇ ਖੋਰਾ ਲੱਗਣ ਕਾਰਨ ਅਕਾਲੀ ਦਲ ਦੇ ਵਰਕਰਾਂ ਦਾ ਜੋਸ਼ ਪਹਿਲਾਂ ਭਾਵੇਂ...
ਮਲੋਟ : ਕਾਂਗਰਸ ਪਾਰਟੀ ਦੇ 2 ਸਾਲ ਦੇ ਕਾਰਜਕਾਲ ਦੌਰਾਨ ਅਕਾਲੀ ਦਲ ਬਾਦਲ ਨੂੰ ਪੰਥਕ ਮੁੱਦਿਆਂ 'ਤੇ ਖੋਰਾ ਲੱਗਣ ਕਾਰਨ ਅਕਾਲੀ ਦਲ ਦੇ ਵਰਕਰਾਂ ਦਾ ਜੋਸ਼ ਪਹਿਲਾਂ ਭਾਵੇਂ ਕੁੱਝ ਢਿੱਲਾ ਪੈ ਗਿਆ ਸੀ ਪਰ ਯੂਥ ਅਕਾਲੀ ਦਲ ਦੀਆਂ ਪੰਜਾਬ ਭਰ ਵਿਚ ਜ਼ਿਲ੍ਹਾ ਵਾਰ ਰੈਲੀਆਂ ਕਰਨ ਦੇ ਫ਼ੈਸਲੇ ਮਗਰੋਂ ਪਹਿਲੀ ਰੈਲੀ ਦਾ ਆਗ਼ਾਜ਼ ਇਤਿਹਾਸਕ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸ਼ਹਿਰ ਮਲੋਟ ਤੋਂ ਕੀਤਾ ਗਿਆ। ਰੈਲੀ ਦੀ ਸਫ਼ਲਤਾ ਵੇਖ ਕੇ ਜਿਥੇ ਯੂਥ ਇੰਚਾਰਜ ਬਿਕਰਮ ਸਿੰਘ ਮਜੀਠੀਆ ਗਦਗਦ ਹੋ ਉਠੇ ਉਥੇ ਹੀ ਪੂਰੇ ਅਕਾਲੀ ਦਲ ਬਾਦਲ ਦੀ ਬੈਟਰੀ ਵੀ ਫਿਰ ਤੋਂ ਚਾਰਜ ਹੋ ਗਈ।
ਇਸ ਖ਼ੁਸ਼ੀ ਦੇ ਰੌਂਅ ਵਿਚ ਸ. ਮਜੀਠੀਆ ਨੇ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਅਪਣੇ ਸ਼ਹਿਰ ਦੀ ਲੋਕ ਸਭਾ ਸੀਟ ਫ਼ਿਰੋਜ਼ਪੁਰ ਤੋਂ ਚੋਣ ਲੜਨ ਦਾ ਖੁਲ੍ਹਾ ਚੈਲੰਜ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਨੇ 2 ਸਾਲਾਂ ਵਿਚ ਕੋਈ ਵੀ ਭਲੇ ਦਾ ਕੰਮ ਕੀਤਾ ਹੈ ਤਾਂ ਉਨ੍ਹਾਂ ਦੇ ਪ੍ਰਧਾਨ ਅਪਣਾ ਪਿੰਡ ਛੱਡ ਕੇ ਨਾਲ ਭੱਜਣ ਤੇ ਇਥੋਂ ਦੇ ਲੋਕਾਂ ਨੂੰ ਤਹਿ ਕਰਨ ਦੇਣ ਕਿ ਪੰਜਾਬ ਦੇ ਲੋਕਾਂ ਨਾਲ ਕਾਂਗਰਸ ਨੇ ਕੀ ਸਲੂਕ ਕੀਤਾ ਹੈ। ਉਨ੍ਹਾਂ ਨਵਜੋਤ ਸਿੱਧੂ 'ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸੀ ਆਗੂ ਸੋਸ਼ਲ ਮੀਡੀਆ 'ਤੇ ਭਾਰਤੀ ਹਵਾਈ ਸੈਨਾ ਬਾਰੇ ਊਲ-ਜਲੂਲ ਸਵਾਲ ਖੜੇ ਕਰ ਕੇ ਦੇਸ਼ ਦੀ ਬਹਾਦਰ ਸੈਨਾ ਦਾ ਮਜ਼ਾਕ ਉਡਾ ਰਹੇ ਹਨ ।
Bikram Singh Majithia rally-2ਉਨ੍ਹਾਂ ਕਿਹਾ ਕਿ ਵਿੰਗ ਕਮਾਂਡਰ ਅਭਿਨੰਦਨ ਸਮੇਤ ਸਮੁੱਚੀ ਫ਼ੌਜ ਨੇ ਦੇਸ਼ ਦੀ ਅਖੰਡਤਾ ਤੇ ਮਾਣ ਬਰਕਰਾਰ ਰੱਖਣ ਲਈ ਦੁਸ਼ਮਣ ਦੇਸ਼ ਅੰਦਰ ਜਾ ਕੇ ਅਤਿਵਾਦੀ ਠਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਜਿਸ 'ਤੇ ਹਰ ਭਾਰਤੀ ਨੂੰ ਸਿਰਫ਼ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਅਤੇ ਸਵਾਲ ਦੀ ਕਿਧਰੇ ਕੋਈ ਗੁੰਜਾਇਸ਼ ਨਹੀਂ। ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲੱਪੀ ਈਨਾਖੇੜਾ ਤੇ ਅਕਾਸ਼ਦੀਪ ਮਿੱਡੂਖੇੜਾ ਦੀ ਅਗਵਾਈ ਵਿਚ ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਤਕ ਇਕ ਵਿਸ਼ਾਲ ਰੋਡ ਸ਼ੋਅ ਦੇ ਰੂਪ ਵਿਚ ਸ. ਮਜੀਠੀਆ ਨੂੰ ਸਵਾਗਤ ਕਰ ਕੇ ਲਿਆਂਦਾ ਗਿਆ।
ਇਸ ਮੌਕੇ ਉਨ੍ਹਾਂ ਨਾਲ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਰੋਜ਼ੀ ਬਰਕੰਦੀ, ਗਿੱਦੜਬਾਹਾ ਦੇ ਡਿੰਪੀ ਢਿੱਲੋਂ, ਮਾਲਵਾ ਜ਼ੋਨ-1 ਦੇ ਯੂਥ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਤਜਿੰਦਰ ਸਿੰਘ ਮਿੱਡੂਖੇਡਾ, ਅਵਤਾਰ ਸਿੰਘ ਵਣਵਾਲਾ, ਪਰਮਿੰਦਰ ਸਿੰਘ ਕੋਲਿਆਂਵਾਲੀ, ਕਾਕਾ ਭਾਈਕੇਰਾ ਆਦਿ ਹਾਜ਼ਰ ਸੀ।