
ਦੀਵਾਨ ਟੋਡਰ ਮੱਲ ਦੇ ਸਤਿਕਾਰ ਵਿਚ ਸੋਨੇ ਦਾ ਯਾਦਗਾਰੀ ਸਿੱਕਾ ਜਾਰੀ ਕਰਨ ਲਈ ਆਖਿਆ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਮ 'ਕੌਮੀ ਬਹਾਦਰੀ ਐਵਾਰਡ' ਜਾਰੀ ਕਰਨ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਵੱਲ ਲਿਖੀ ਚਿੱਠੀ 'ਚ ਸਾਹਿਬਜ਼ਾਦਾ ਫਤਹਿ ਸਿੰਘ ਜੀ ਦੇ ਨਾਂ 'ਤੇ ਕੌਮੀ ਬਹਾਦਰੀ ਐਵਾਰਡ ਜਾਰੀ ਕਰਨ ਤੋਂ ਇਲਾਵਾ ਦੀਵਾਨ ਟੋਡਰ ਮੱਲ ਦੇ ਸਤਿਕਾਰ ਵਿਚ ਸੋਨੇ ਦਾ ਯਾਦਗਾਰੀ ਸਿੱਕਾ ਜਾਰੀ ਕਰਨ ਦੀ ਅਪੀਲ ਵੀ ਕੀਤੀ ਹੈ।
Photo
ਪ੍ਰਧਾਨ ਮੰਤਰੀ ਵੱਲ ਲਿਖੇ ਪੱਤਰ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਦੀਵਾਨ ਟੋਡਰ ਮੱਲ ਨੇ ਨਿਆਂ ਅਤੇ ਮਾਨਵਤਾ ਦੀ ਖਾਤਰ ਸਭ ਕੁਝ ਤਿਆਗ ਦਿਤਾ ਜਦਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਦੀ ਲਾਸਾਨੀ ਬਹਾਦਰੀ ਅੱਗੇ ਦੁਨੀਆ ਭਰ ਵਿਚ ਵਸਦੇ ਪੰਜਾਬੀ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਸਿਰ ਝੁਕਾਉਂਦੇ ਹਨ।
Photo
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਤੋਂ ਬਾਹਰ ਖਾਸ ਕਰਕੇ ਵਿਸ਼ਵ ਭਰ ਦੇ ਲੋਕਾਂ ਨੂੰ ਸਾਡੇ ਇਤਿਹਾਸ ਦੇ ਪੰਨਿਆਂ ਵਿਚ ਦਰਜ ਇਸ ਮਹਾਨ ਅਧਿਆਏ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਮਹਾਨ ਸਿੱਖ ਗੁਰੂ ਸਾਹਿਬਾਨ ਦੀ ਮਿਸਾਲੀ ਕੁਰਬਾਨੀ ਅਤੇ ਸ਼ਹਾਦਤ ਦਾ ਜ਼ਿਕਰ ਕੀਤਾ ਜਿਸ ਨੇ ਸਾਡੀਆਂ ਪੀੜ੍ਹੀਆਂ ਨੂੰ ਸਦਾ ਪ੍ਰੇਰਿਤ ਕੀਤਾ ਹੈ ਅਤੇ ਸਾਡੇ ਮੁਲਕ ਦੇ ਇਤਿਹਾਸ ਦੇ ਗੌਰਵਮਈ ਹਿੱਸੇ ਵਿਚ ਦਰਜ ਹੈ।
Photo
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੇ ਅਨਿਆਂ ਅਤੇ ਦਮਨ ਖਿਲਾਫ਼ ਲੜਾਈ ਲੜਦਿਆਂ ਸਮੁੱਚਾ ਪਰਿਵਾਰ ਵਾਰ ਦਿਤਾ ਜਿਸ ਕਰ ਕੇ ਇਤਿਹਾਸ ਵਿੱਚ ਗੁਰੂ ਸਾਹਿਬ ਜੀ ਨੂੰ 'ਸਰਬੰਸ ਦਾਨੀ' ਵਜੋਂ ਸਤਿਕਾਰਿਆ ਜਾਂਦਾ ਹੈ। ਉਨ੍ਹਾਂ ਦਸਿਆ ਕਿ ਦਸਮੇਸ਼ ਪਿਤਾ ਜੀ ਦੇ ਦੋ ਵੱਡੇ ਸਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਚਮਕੌਰ ਸਾਹਿਬ ਦੀ ਜੰਗ ਵਿਚ ਸ਼ਹਾਦਤ ਦਿਤੀ।
Photo
ਮੁੱਖ ਮੰਤਰੀ ਨੇ ਅਪਣੇ ਪੱਤਰ ਵਿਚ ਲਿਖਿਆ ਕਿ ਗੁਰੂ ਸਾਹਿਬ ਜੀ ਦੇ ਦੋ ਛੋਟੇ ਸਪੁੱਤਰਾਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਹਿ ਸਿੰਘ ਨੂੰ ਅਣਮਨੁੱਖੀ ਅਤੇ ਬੇਰਹਿਮ ਢੰਗ ਨਾਲ ਸਰਹਿੰਦ ਵਿਚ ਜਿੰਦਾ ਨੀਂਹਾਂ ਵਿਚ ਚਿਣਵਾ ਦਿਤਾ ਗਿਆ ਸੀ। ਉਨ੍ਹਾਂ ਕਿਹਾ ਕਿ ਨਿੱਕੀ ਉਮਰ ਦੇ ਬਾਵਜੂਦ ਛੋਟੇ ਸਾਹਿਬਜ਼ਾਦਿਆਂ ਨੇ ਸਰਹਿੰਦ ਦੇ ਮੁਗਲ ਹਾਕਮ ਦੀ ਤਾਕਤ ਵਿਰੁੱਧ ਮਿਸਾਲੀ ਬਹਾਦਰੀ ਅਤੇ ਦਲੇਰੀ ਦਿਖਾਈ ਸੀ।