
ਪੱਛਮੀ ਹਿਮਾਲਿਆਈ ਖੇਤਰ ਵਿਚ ਬਣ ਰਹੀ ਪੱਛਮੀ ਗੜਬੜੀ ਦਾ ਅਸਰ ਮੈਦਾਨੀ ਇਲਾਕਿਆ ਵਿਚ ਹੋਣ ਦੇ ਆਸਾਰ
ਚੰਡੀਗੜ੍ਹ : ਸਰਦ ਰੁਤ ਦੀ ਰਵਾਨਗੀ ਤੋਂ ਬਾਅਦ ਉੱਤਰੀ ਭਾਰਤ ਵਿਚ ਗਰਮੀ ਦਾ ਵਧਣਾ ਲਗਾਤਾਰ ਜਾਰੀ ਹੈ। ਸਵੇਰ-ਸ਼ਾਮ ਦੇ ਮੌਸਮ ਵਿਚ ਠੰਡਕ ਹੋਣ ਦੇ ਬਾਵਜੂਦ ਦੁਪਹਿਰ ਵੇਲੇ ਗਰਮੀ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸੇ ਦੌਰਾਨ ਮੌਸਮ ਵਿਚ ਇਕ ਵਾਰ ਫਿਰ ਬਦਲਾਅ ਆਉਣ ਦੀ ਸੰਭਵਨਾ ਬਣ ਰਹੀ ਹੈ। ਪਹਾੜੀ ਇਲਾਕਿਆਂ ਵਿਚ ਆਉਣ ਵਾਲੀਆਂ ਪੱਛਮੀ ਗੜਬੜੀ ਕਾਰਨ ਪਹਾੜੀ ਇਲਾਕਿਆਂ ਵਿਚ ਚੰਗੀ ਬਾਰਸ਼ ਦੇ ਨਾਲ-ਨਾਲ ਨੇੜਲੇ ਮੈਦਾਨੀ ਇਲਾਕਿਆਂ ਵਿਚ ਤੇਜ਼ ਹਵਾਵਾਂ ਅਤੇ ਮੀਂਹ ਦੇ ਛਰਾਟੇ ਪੈ ਸਕਦੇ ਹਨ।
Wheather in Punjab
ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਕਾਰਨ ਪੰਜਾਬ ਵਿਚ 6 ਮਾਰਚ ਸ਼ਾਮ ਤੋਂ ਮੌਸਮ ਦਾ ਮਿਜ਼ਾਜ਼ ਬਦਲਣ ਸੀ ਸੰਭਾਵਨਾ ਹੈ। ਇਸ ਕਾਰਨ 6 ਮਾਰਚ ਰਾਤ ਅਤੇ ਅਗਲੇ 7 ਮਾਰਚ ਨੂੰ ਤੇਜ਼ ਹਵਾਵਾਂ ਦੇ ਨਾਲ ਨਾਲ ਹਲਕਾ ਮੀਂਹ ਪੈ ਸਕਦਾ ਹੈ। ਇਸ ਦਾ ਅਸਰ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਵਿਚ ਵੀ ਵੇਖਣ ਨੂੰ ਮਿਲ ਸਕਦਾ ਹੈ। ਇਸ ਕਾਰਨ ਕਈ ਇਲਾਕਿਆਂ ਵਿਚ ਗੜੇਮਾਰੀ ਵੀ ਹੋ ਸਕਦੀ ਹੈ।
Bad Wheather
ਮੌਸਮ ਵਿਗਿਆਨੀਆਂ ਦੀ ਮੰਨੀਏ ਤਾਂ 7 ਮਾਰਚ ਨੂੰ ਹਰਿਆਣਾ, ਚੰਡੀਗੜ੍ਹ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਵੱਖ-ਵੱਖ ਥਾਂਵਾਂ 'ਤੇ ਬਿਜਲੀ ਚਮਕਣ ਦੇ ਨਾਲ ਤੇਜ਼ ਹਨ੍ਹੇਰੀ ਦੀ ਸੰਭਾਵਨਾ ਹੈ। ਭਾਰਤ ਮੌਸਮ ਵਿਭਾਗ ਨੇ ਮੌਸਮ ਵਿੱਚ ਲਗਾਤਾਰ ਤੇਜ਼ੀ ਨਾਲ ਤਬਦੀਲੀਆਂ ਆਉਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਮੌਸਮ ਪੂਰਵ ਅਨੁਮਾਨ ਮੁਤਾਬਕ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਜ਼ਿਆਦਾਤਰ ਹਿੱਸਿਆਂ ਵਿਚ ਲਗਾਤਾਰ ਬਾਰਸ਼ ਅਤੇ ਬਰਫਬਾਰੀ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ।
Wheather in Punjab
ਉਧਰ ਦੂਜੇ ਪਾਸੇ ਜੰਮੂ-ਕਸ਼ਮੀਰ ਵਿਚ ਸਾਫ ਮੌਸਮ ਦੇ ਚੱਲਦਿਆਂ ਦਿਨ ਦਾ ਤਾਪਮਾਨ 'ਚ ਉਛਾਲ ਰਿਕਾਰਡ ਕੀਤਾ ਗਿਆ ਹੈ। ਇੱਥੇ ਤਾਪਮਾਨ ਆਮ ਨਾਲੋਂ 5-7 ਡਿਗਰੀ ਵੱਧ ਚੱਲ ਰਿਹਾ ਹੈ, ਰਿਪੋਰਟਾਂ ਅਨੁਸਾਰ ਮੌਸਮ ਅੱਜ ਅਤੇ ਕੱਲ੍ਹ ਬਦਲ ਸਕਦਾ ਹੈ। ਮੌਸਮ ਵਿਚ ਆਉਣ ਵਾਲਾ ਇਹ ਬਦਲਾਅ ਕਿਸਾਨਾਂ ਲਈ ਕਾਫੀ ਅਹਿਮ ਹੈ। ਇਸ ਵੇਲੇ ਕਣਕ ਦੀ ਫ਼ਸਲ ਨਿਸਾਰੇ 'ਤੇ ਹੈ ਜਾਂ ਨਿਸਰ ਚੁੱਕੀ ਹੈ ਅਤੇ ਕਈ ਥਾਈ ਅਖੀਰੀ ਪਾਣੀ ਲਾਇਆ ਜਾ ਰਿਹਾ ਹੈ। ਪਾਣੀ ਤਾਜ਼ਾ ਲੱਗਣ ਦੀ ਸੂਰਤ ਵਿਚ ਹਨੇਰੀ ਕਾਰਨ ਕਣਕ ਦੇ ਡਿੱਗਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ ਜਦਕਿ ਗੜੇਮਾਰੀ ਕਾਰਨ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਹੈ। ਮੌਸਮ ਵਿਚ ਜ਼ਿਆਦਾ ਖਰਾਬੀ ਕਾਰਨ ਵੀ ਫਸਲ ਦੇ ਝਾੜ 'ਤੇ ਅਸਰ ਪੈ ਸਕਦਾ ਹੈ।