‘ਪੰਜਾਬ ’ਚ ਇਸ ਵੇਲੇ ਸੱਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਦਾ’
Published : Mar 6, 2022, 11:50 pm IST
Updated : Mar 6, 2022, 11:50 pm IST
SHARE ARTICLE
image
image

‘ਪੰਜਾਬ ’ਚ ਇਸ ਵੇਲੇ ਸੱਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਦਾ’

ਕੋਟਕਪੂਰਾ, 6 ਮਾਰਚ (ਗੁੁਰਿੰਦਰ ਸਿੰਘ) : ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਿਆ ਕੇ ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਮੱਥੇ ਨਾਲ ਪਵਿੱਤਰ ਗੁਟਕਾ ਸਾਹਿਬ ਲਗਾ ਕੇ ਘਰ ਘਰ ਨੌਕਰੀ ਦੇਣ ਦਾ ਐਲਾਨ ਕਰ ਦਿਤਾ, ਸਮੇਂ ਦੀਆਂ ਸਰਕਾਰਾਂ ਭਾਵੇਂ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਰਨ ਅਤੇ ਬੇਸ਼ੱਕ ਜੋ ਮਰਜ਼ੀ ਸਬਜ਼ਬਾਗ ਦਿਖਾਈ ਜਾਣ ਪਰ ਪੰਜਾਬ ’ਚ ਇਸ ਵੇਲੇ ਸੱਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਦਾ ਹੈ ਤੇ ਬੇਰੁਜ਼ਗਾਰੀ ਨੂੰ ਘਟਾਉਣ ਲਈ ਸਮੇਂ ਦੀਆਂ ਸਰਕਾਰਾਂ ਨੇ ਕੱਖ ਨਹੀਂ ਕੀਤਾ। ਜਿਸ ਕਰ ਕੇ ਪੜ੍ਹੇ-ਲਿਖੇ ਬੇਰੁਜ਼ਗਾਰਾਂ ਦੀ ਗਿਣਤੀ ਦਿਨੋ-ਦਿਨ ਹੋਰ ਵਧਦੀ ਗਈ। ਸਰਕਾਰਾਂ ਦੇ ਵਾਅਦੇ ਵਫ਼ਾ ਨਹੀਂ ਹੋਏ ਤੇ ਝੂਠੇ ਲਾਰੇ ਸਾਬਤ ਹੋਏ। ਪੜੀ-ਲਿਖੀ ਨੌਜਵਾਨ ਪੀੜ੍ਹੀ ਸਰਕਾਰੀ ਨੌਕਰੀਆਂ ਨੂੰ ਉਡੀਕ ਰਹੀ ਹੈ ਪਰ ਹੋਇਆ ਉਲਟਾ ਹੈ। 
ਬੇਰੁਜ਼ਗਾਰੀ ਦਾ ਸੰਤਾਪ : ਪੰਜਾਬ ’ਚ ਲੱਖਾਂ ਪੜ੍ਹੇ-ਲਿਖੇ ਨੌਜਵਾਨ ਲੜਕੇ/ਲੜਕੀਆਂ ਬੇਰੁਜ਼ਗਾਰੀ ਦਾ ਸੰਤਾਪ ਅਪਣੇ ਪਿੰਡੇ ’ਤੇ ਹੰਢਾਅ ਰਹੇ ਹਨ। ਜੇ ਨੌਜਵਾਨ ਪੀੜ੍ਹੀ ਨੂੰ ਨੌਕਰੀਆਂ ਮਿਲਣਗੀਆਂ ਤਾਂ ਹੀ ਸਾਡੇ ਸਮਾਜ ਦੇ ਲੋਕ ਤੇ ਸੂਬਾ ਖ਼ੁਸ਼ਹਾਲ ਹੋਵੇਗਾ। ਭਾਵੇਂ ਵੱਖ-ਵੱਖ ਸਿਆਸੀ ਪਾਰਟੀਆਂ ਚੋਣਾਂ ਵੇਲੇ ਜਨਤਾ ਨਾਲ ਸੱਤਾ ’ਚ ਆਉਣ ਤੋਂ ਬਾਅਦ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਦਾਅਵੇ ਕਰਦੀਆਂ ਹਨ ਪਰ ਸਚਾਈ ਇਹ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਬੇਰੁਜ਼ਗਾਰੀ ਦੇ ਇਸ ਅਹਿਮ ਮੁੱਦੇ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ। ਇਸ ਕਰ ਕੇ ਬੇਰੁਜ਼ਗਾਰੀ ਪਹਿਲਾਂ ਨਾਲੋਂ ਵੀ ਵਧਦੀ ਗਈ, ਜਦੋਂਕਿ ਨੌਜਵਾਨਾਂ ਨੂੰ ਨੌਕਰੀਆਂ ਅਤੇ ਰੁਜ਼ਗਾਰ ਦੀ ਬਹੁਤ ਲੋੜ ਹੈ। 
ਨੌਕਰੀਆਂ ਦੀ ਤਲਾਸ਼ : ਸੂਬੇ ਦੇ ਜੋ ਹਾਲਾਤ ਹਨ ਤੇ ਜੋ ਅੰਕੜੇ ਮਿਲ ਰਹੇ ਹਨ, ਉਨ੍ਹਾਂ ਅਨੁਸਾਰ ਇਸ ਵੇਲੇ ਸੂਬੇ ’ਚ ਪੜਿ੍ਹਆਂ-ਲਿਖਿਆਂ ਦੀ ਬਹੁਤ ਵੱਡੀ ਫ਼ੌਜ ਬਣ ਚੁੱਕੀ ਹੈ। ਲਗਭਗ 80 ਤੋਂ 90 ਲੱਖ ਨੌਜਵਾਨ ਲੜਕੇ/ਲੜਕੀਆਂ ਨੂੰ ਰੁਜ਼ਗਾਰ ਦੀ ਤਲਾਸ਼ ਹੈ ਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ। ਹੁਣ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਜੇਕਰ ਪੰਜਾਬ ਦੀ ਆਬਾਦੀ ਦਾ ਇਕ ਤਿਹਾਈ ਨੌਜਵਾਨ ਬੇਰੁਜ਼ਗਾਰੀ ਨਾਲ ਪ੍ਰੇਸ਼ਾਨ ਹੈ ਤਾਂ ਉਸ ਸੂਬੇ ਨੂੰ ਖ਼ੁਸ਼ਹਾਲ ਕਿਵੇਂ ਕੀਤਾ ਜਾਵੇਗਾ? 
ਰੁਜ਼ਗਾਰ ਲਈ ਧਰਨੇ/ਮੁਜ਼ਾਹਰੇ : ਬੜੀ ਤਰਾਸਦੀ ਹੈ ਕਿ ਪੜ੍ਹੇ-ਲਿਖੇ ਬੇਰੁਜ਼ਗਾਰਾਂ ਨੂੰ ਸਰਕਾਰ ਕੋਲੋਂ ਨੌਕਰੀਆਂ ਲੈਣ ਲਈ ਸੜਕਾਂ ’ਤੇ ਰੋਸ ਧਰਨੇ ਅਤੇ ਮੁਜ਼ਾਹਰੇ ਕਰਨੇ ਪਏ ਹਨ ਅਤੇ ਉਹ ਬੁਰੀ ਤਰ੍ਹਾਂ ਰੁਲ ਰਹੇ ਹਨ। ਸਰਕਾਰਾਂ ਵਲੋਂ ਉਲਟਾ ਨੌਕਰੀਆਂ ਅਤੇ ਰੁਜ਼ਗਾਰ ਮੰਗਣ ਵਾਲਿਆਂ ’ਤੇ ਪੁਲਿਸ ਰਾਹੀਂ ਡਾਂਗਾਂ ਵਰ੍ਹਾਈਆਂ ਜਾਂਦੀਆਂ ਹਨ ਅਤੇ ਕਈ ਵਾਰ ਕੇਸ ਵੀ ਦਰਜ ਕਰ ਲਏ ਜਾਂਦੇ ਹਨ। ਨੌਜਵਾਨਾ ਉਪਰ ਲਾਠੀਚਾਰਜ, ਅੱਥਰੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਬੁਛਾੜਾਂ ਆਦਿ ਤਸ਼ੱਦਦ ਆਮ ਗੱਲ ਹੋ ਗਈ ਹੈ, ਇੱਥੋਂ ਤਕ ਕਿ ਮਾਪਿਆਂ ਦੀਆਂ ਲਾਡਲੀਆਂ ਧੀਆਂ ਅਰਥਾਤ ਨੌਜਵਾਨ ਲੜਕੀਆਂ ਨੂੰ ਵੀ ਧੂਹਿਆ-ਘੜੀਸਿਆ ਜਾਂਦਾ ਹੈ, ਉਨ੍ਹਾਂ ਦੇ ਕਪੜੇ ਫਟ ਜਾਂਦੇ ਹਨ ਅਤੇ ਜ਼ਖ਼ਮੀ ਵੀ ਹੋ ਜਾਂਦੀਆਂ ਹਨ। ਇਸ ਤੋਂ ਮਾੜੀ ਗੱਲ ਕਿਸੇ ਸੂਬੇ ਲਈ ਹੋਰ ਕੋਈ ਨਹੀਂ ਹੋ ਸਕਦੀ, ਜਿਥੇ ਨੌਕਰੀਆਂ ਨਾ ਮਿਲਣ ਕਰ ਕੇ ਨੌਜਵਾਨਾਂ ਨੂੰ ਖ਼ੁਦਕੁਸ਼ੀਆਂ ਲਈ ਮਜਬੂਰ ਹੋਣਾ ਪਵੇ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਫਿਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਲੱਖਾਂ ਨੌਜਵਾਨਾਂ ਦੇ ਪੇਪਰ ਲਏ ਪਰ ਨਾ ਤਾਂ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਤੇ ਨਾ ਪੁਲਿਸ ਦੀ ਭਰਤੀ ਸਿਰੇ ਚੜ੍ਹਾਈ, ਹੋਰ ਵੀ ਬਹੁਤ ਸਾਰੀਆਂ ਭਰਤੀਆਂ ਵਿਚੇ ਰਹਿ ਗਈਆਂ।
ਲੱਖਾਂ ਰੁਪਏ ਹੋਇਆ ਹੈ ਖ਼ਰਚਾ : ਬਹੁਤ ਸਾਰੇ ਮਾਪਿਆਂ ਨੇ ਅਪਣੇ ਧੀਆਂ-ਪੁੱਤਾਂ ਦੀਆਂ ਪੜ੍ਹਾਈਆਂ ’ਤੇ ਲੱਖਾਂ ਰੁਪਏ ਇਸ ਕਰ ਕੇ ਖ਼ਰਚੇ ਹਨ ਕਿ ਉਹ ਪੜ੍ਹ-ਲਿਖ ਕੇ ਨੌਕਰੀਆਂ ’ਤੇ ਲੱਗ ਜਾਣਗੇ ਪਰ ਡਿਗਰੀਆਂ ਤੇ ਡਿਪਲੋਮੇ ਕਰ ਕੇ ਵੀ ਲੜਕੇ-ਲੜਕੀਆਂ ਨੌਕਰੀਆਂ ਦੀ ਭਾਲ ’ਚ ਸੜਕਾਂ ’ਤੇ ਭਟਕ ਰਹੇ ਹਨ।
ਖ਼ਾਲੀ ਪਈਆਂ ਹਨ ਅਸਾਮੀਆਂ : ਪੰਜਾਬ ਭਰ ਦੇ ਸਾਰੇ ਜ਼ਿਲ੍ਹਿਆਂ ਅਤੇ ਸਬ ਡਿਵੀਜ਼ਨਾ ਅੰਦਰ ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਲੱਖਾਂ ਅਸਾਮੀਆਂ ਖ਼ਾਲੀ ਪਈਆਂ ਹਨ। ਅਜਿਹਾ ਸਰਕਾਰਾਂ ਵਲੋਂ ਜਾਣਬੁੱਝ ਕੇ ਕਰਿਆ ਗਿਆ ਹੈ। ਪਾਵਰਕਾਮ ਮਹਿਕਮਾ, ਸਿਖਿਆ ਵਿਭਾਗ, ਪੁਲਿਸ ਮਹਿਕਮਾ, ਸਿਹਤ ਵਿਭਾਗ, ਜੰਗਲਾਤ, ਸਮਾਜਕ ਸੁਰੱਖਿਆ ਵਿਭਾਗ, ਮਾਲ ਮਹਿਕਮਾ ਅਤੇ ਹੋਰ ਬਹੁਤ ਸਾਰੇ ਸਰਕਾਰੀ ਮਹਿਕਮੇ ਹਨ, ਜਿਥੇ ਮੁਲਾਜ਼ਮਾਂ ਦੀ ਵੱਡੀ ਘਾਟ ਰੜਕ ਰਹੀ ਹੈ ਤੇ ਅਸਾਮੀਆਂ ਖ਼ਾਲੀ ਹਨ। 
ਪੰਜਾਬ ਦਾ ਹਾਲ ਮਾੜਾ : ਕਦੇ ਖ਼ੁਸ਼ਹਾਲ ਅਤੇ ਅਮੀਰ ਸੂਬਿਆਂ ’ਚ ਗਿਣੇ ਜਾਂਦੇ ਪੰਜਾਬ ਦਾ ਹਾਲ ਅੱਜ ਬਹੁਤ ਮਾੜਾ ਹੈ। ਬੇਰੁਜ਼ਗਾਰੀ ਕਰ ਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੇ ਅਪਣਾ ਰੁਖ਼ ਬੇਗਾਨੇ ਮੁਲਕਾਂ ਵਲ ਕਰ ਲਿਆ ਤੇ ਇੱਥੇ ਕੋਈ ਰਹਿਣਾ ਹੀ ਨਹੀਂ ਚਾਹੁੰਦਾ, ਪੰਜਾਬ ਦੇ ਅੱਧੋਂ ਵੱਧ ਨੌਜਵਾਨ ਲੜਕੇ-ਲੜਕੀਆਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਯੂ.ਕੇ. ਨਿਊਜੀਲੈਂਡ ਸਮੇਤ ਹੋਰਨਾਂ ਦੇਸ਼ਾਂ ’ਚ ਜਾ ਚੁੱਕੇ ਹਨ, ਕਿਉਂਕਿ ਪੰਜਾਬ ’ਚ ਉਨ੍ਹਾਂ ਨੂੰ ਅਪਣਾ ਭਵਿੱਖ ਖ਼ਤਰੇ ’ਚ ਦਿਖਾਈ ਦੇ ਰਿਹਾ ਸੀ। ਇੰਨਾ ਹੀ ਨਹੀਂ ਹਾਲੇ ਵੀ ਨਿਤ ਜਹਾਜ਼ ਚੜ੍ਹ ਕੇ ਬਿਗਾਨੀ ਧਰਤੀ ’ਤੇ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। 
ਲੋਕਾਂ ਨੇ ਸਿਆਸਤਦਾਨਾਂ ਨਾਲ ਕੀਤੀ ਲਿਹਾਜ : ਹਾਲ ਹੀ ਵਿਚ ਹੋ ਕੇ ਹਟੀਆਂ ਪੰਜਾਬ ਵਿਧਾਨ ਸਭਾ ਚੋਣਾ ’ਚ ਸੂਬੇ ਭਰ ਦੇ ਹਰ ਪਿੰਡ, ਸ਼ਹਿਰ ਅਤੇ ਕਸਬੇ ਵਿੱਚ ਰਹਿੰਦੇ ਬੇਰੁਜ਼ਗਾਰ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਚਾਹੀਦਾ ਸੀ ਕਿ ਉਹ ਹਰ ਪਾਰਟੀ ਦੇ ਲੀਡਰ ਨੂੰ ਇਕੋ ਸਵਾਲ ਪੁੱਛਦੇ ਕਿ ਸਾਡੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੀ ਦਲਦਲ ਵਿਚ ਕਿਉਂ ਧੱਕਿਆ ਜਾ ਰਿਹਾ ਹੈ? ਜਦੋਂ ਬਾਦਲ ਸਾਹਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਿਆਉਣ ਅਤੇ ਕੈਪਟਨ ਸਾਹਬ ਘਰ ਘਰ ਨੌਕਰੀ ਦੇਣ ਦੇ ਦਾਅਵੇ ਕਰਦੇ ਹਨ ਤਾਂ ਹੱਥਾਂ ਵਿਚ ਡਿਗਰੀਆਂ ਲੈ ਕੇ ਮੁਕੰਮਲ ਕਾਬਲੀਅਤ ਅਰਥਾਤ ਯੋਗਤਾ ਰੱਖਣ ਵਾਲੇ ਨੌਜਵਾਨਾਂ ਦੀਆਂ ਪੱਗਾਂ ਕਿਉਂ ਰੋਲੀਆਂ ਜਾਂਦੀਆਂ ਹਨ? 

ਫੋਟੋ :- ਕੇ.ਕੇ.ਪੀ.-ਗੁਰਿੰਦਰ-6-1ਏ
 

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement