
ਪੁਰਾਣੀਆਂ ਸਰਕਾਰਾਂ ਉਤੇ ਚੁੱਕੇ ਸਵਾਲ
Punjab Vidhan Sabha: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ 6 ਮਾਰਚ ਨੂੰ ਚੌਥਾ ਦਿਨ ਹੈ। ਇਸ ਦੌਰਾਨ ਬਜਟ 'ਤੇ ਬਹਿਸ ਹੋ ਰਹੀ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਕੱਲ੍ਹ ਮੰਗਲਵਾਰ ਨੂੰ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਪੇਸ਼ ਕੀਤਾ ਸੀ। ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਉਹ ਬਜਟ ਵਿਚ ਉਠਾਏ ਗਏ ਹਰ ਸਵਾਲ ਦਾ ਜਵਾਬ ਦੇਣਗੇ। ਬਜਟ ਬਹਿਸ 'ਚ ਹਿੱਸਾ ਲੈਂਦਿਆਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਪੁਰਾਣੀਆਂ ਸਰਕਾਰਾਂ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਹਾਲਾਤਾਂ ਵਿਚ ਇਹ ਸੂਬੇ ਨੂੰ ਛੱਡ ਕੇ ਗਏ ਸੀ, ਉਸ ਹਾਲਤ ਵਿਚੋਂ ਸੂਬੇ ਨੂੰ ਇਥੋਂ ਤਕ ਵਾਪਸ ਲਿਆ ਹੈ ਕਿ ਸਾਡੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਾਕੀ ਖਿਡਾਰੀਆਂ ਨੂੰ ਬੱਕਰਾ ਖੁਆ ਕੇ ਬੱਕਰਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਥੋਂ ਤਕ ਕਿ ਉਨ੍ਹਾਂ ਦਾ ਮੈਡੀਕਲ ਤਕ ਵੀ ਕਰਵਾਇਆ ਪਰ ਉਨ੍ਹਾਂ ਨੂੰ ਨੌਕਰੀ ਨਹੀਂ ਦਿਤੀ ਗਈ। ਜਦਕਿ ਸਾਡੀ ਸਰਕਾਰ ਨੇ ਸ਼ੁਰੂ ਵਿਚ ਹੀ ਨੌਕਰੀਆਂ ਦਿਤੀਆਂ ਹਨ। ਖਿਡਾਰੀਆਂ ਨੂੰ ਡੀਐਸਪੀ ਵੀ ਬਣਾ ਦਿਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਨਵੀਂ ਖੇਡ ਨੀਤੀ ਲੈ ਕੇ ਆਈ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੇ ਇਰਾਦੇ ਨੇਕ ਹਨ।
ਉਨ੍ਹਾਂ ਕਿਹਾ ਕਿ ਖੇਡ ਨੀਤੀ ਵਿਚ ਸਪੱਸ਼ਟ ਹੈ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਮੈਡਲ ਲਿਆਉਣ ਤੋਂ ਬਾਅਦ ਹੀ ਨੌਕਰੀਆਂ ਦਿਤੀਆਂ ਜਾ ਰਹੀਆਂ ਹਨ। ਹੁਣ ਖਿਡਾਰੀਆਂ ਨੂੰ ਤਿਆਰੀ ਲਈ ਵੀ ਪੈਸੇ ਦਿਤੇ ਜਾਂਦੇ ਹਨ, ਜਦਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਪਿਛਲੀਆਂ ਸਰਕਾਰਾਂ ਨੇ ਸਿਰਫ਼ ਵੋਟਾਂ ਤੋਂ ਪਹਿਲਾਂ ਹੀ ਨੌਕਰੀਆਂ ਦਿਤੀਆਂ ਪਰ ਸਾਡੀ ਸਰਕਾਰ ਨੇ ਸਰਕਾਰ ਬਣਦਿਆਂ ਹੀ ਨੌਕਰੀਆਂ ਦਿਤੀਆਂ ਹਨ।
ਉਨ੍ਹਾਂ ਕਿਹਾ ਕਿ ਏਸ਼ਿਆਈ ਖੇਡਾਂ ਦੀ ਤਿਆਰੀ ਲਈ ਖਿਡਾਰੀਆਂ ਨੂੰ 8-8 ਲੱਖ ਰੁਪਏ ਦਿਤੇ ਗਏ ਹਨ। ਓਲੰਪੀਅਨਾਂ ਨੂੰ ਤਿਆਰੀ ਲਈ 15-15 ਲੱਖ ਰੁਪਏ ਦਿਤੇ ਜਾ ਰਹੇ ਹਨ। ਇਸ ਦੇ ਨਾਲ ਹੀ ਖੇਡ ਨਰਸਰੀਆਂ ਬਣਾਈਆਂ ਜਾ ਰਹੀਆਂ ਹਨ, ਹਰ ਸਰਕਲ ਵਿਚ ਦੋ ਤੋਂ ਤਿੰਨ ਨਰਸਰੀਆਂ ਬਣਾਈਆਂ ਜਾ ਰਹੀਆਂ ਹਨ।
(For more Punjabi news apart from Meet Hayer in Punjab Vidhan Sabha, stay tuned to Rozana Spokesman)