
ਪ੍ਰਭਲੀਨ ਕੌਰ ਨੇ ਦੁਖੀ ਹੋ ਕੇ, ਇਥੋਂ ਤਕ ਖ਼ਦਸ਼ਾ ਜ਼ਾਹਰ ਕੀਤਾ, ਭਵਿੱਖ ਵਿਚ ਛੇੜਛਾੜ ਰਾਹੀਂ ਉਸ ਦੀ ਅਸ਼ਲੀਲ ਵੀਡੀਉ ਵੀ ਬਣਾ ਦਿਤੀ ਜਾਵੇਗੀ, ਤਾਂ ਕੋਈ ਹੈਰਾਨੀ ਨਹੀਂ ਹੋਵੇਗੀ।
ਨਵੀਂ ਦਿੱਲੀ (ਅਮਨਦੀਪ ਸਿੰਘ): ‘ਸੋਸ਼ਲ ਮੀਡੀਆ’ ’ਤੇ ਮਾੜੀਆਂ ਟਿਪਣੀਆਂ ਦਾ ਸ਼ਿਕਾਰ ਹੋਣ ’ਤੇ ਏ ਆਈ ਨਾਲ ਅਪਣੀ ਫ਼ਰਜ਼ੀ ਫ਼ੋਟੋ ਬਣਨ ਦਾ ਦਾਅਵਾ ਕਰਨ ਪਿਛੋਂ ਦਿੱਲੀ ਦੀ ਮੁਟਿਆਰ ਪ੍ਰਭਲੀਨ ਕੌਰ ਨੇ ਗੁਰਦਵਾਰਿਆਂ ਵਿਚ ਕੀਰਤਨ ਨਾ ਕਰਨ ਦਾ ਐਲਾਨ ਕੀਤਾ ਹੈ। ਜਦੋਂ ਬੀਤੇ ਦਿਨ ਉਸ ਨੇ ਇਸ ਬਾਰੇ ਅਪਣੇ ਯੂਟਿਊਬ ’ਤੇ ਵੀਡੀਉ ਪਾਈ ਤਾਂ ਉਸ ਵਿਚ ਪ੍ਰਭਲੀਨ ਕੌਰ ਨੇ ਦੁਖੀ ਹੋ ਕੇ, ਇਥੋਂ ਤਕ ਖ਼ਦਸ਼ਾ ਜ਼ਾਹਰ ਕੀਤਾ, “ਭਵਿੱਖ ਵਿਚ ਛੇੜਛਾੜ ਰਾਹੀਂ ਉਸ ਦੀ ਅਸ਼ਲੀਲ ਵੀਡੀਉ ਵੀ ਬਣਾ ਦਿਤੀ ਜਾਵੇਗੀ, ਤਾਂ ਕੋਈ ਹੈਰਾਨੀ ਨਹੀਂ ਹੋਵੇਗੀ।”
ਦਰਅਸਲ ਬੀਬੀ ਪ੍ਰਭਲੀਨ ਕੌਰ ਨੇ ਕੁੱਝ ਅਰਸਾ ਪਹਿਲਾਂ ‘ਯੂਟਿਊਬ’ ’ਤੇ ਇਕ ਵੀਡੀਉ ਪਾ ਕੇ, ਦਾਅਵਾ ਕੀਤਾ ਸੀ ਕਿ ਜਦ ਉਹ ਮਲੇਸ਼ੀਆ ਤੋਂ ਆਈ ਇਕ ਮੁਸਲਮਾਨ ਏਅਰ ਹੋਸਟੈੱਸ ਕੁੜੀ ਨੂੰ ਦੋ ਹੋਰ ਏਅਰ ਹੋਸਟੈੱਸਾਂ ਨਾਲ ਗੁਰਦਵਾਰਾ ਬੰਗਲਾ ਸਾਹਿਬ ਦੇ ਦਰਸ਼ਨ ਕਰਵਾਉਣ ਲੈ ਕੇ ਗਈ ਸੀ, ਤਾਂ ਗ਼ੈਰ ਸਿੱਖ ਕੁੜੀ ਨੂੰ ਸੇਵਾਦਾਰ ਨੇ ਫ਼ੋਟੋ ਖਿੱਚਣ ਤੋਂ ਬੜੇ ਭੈੜੇ ਢੰਗ ਨਾਲ ਝਾੜ ਦਿਤਾ ਸੀ ਜਿਸ ਤੋਂ ਸਬੰਧਤ ਕੁੜੀ ਦੁਖੀ ਹੋ ਗਈ ਸੀ ਤੇ ਉਸ ਨੇ ਇਥੋਂ ਤਕ ਕਹਿ ਦਿਤਾ ਸੀ ਕਿ ‘ਉਸ ਨੂੰ ਗੁਰਦਵਾਰੇ ਜਾਣ ਤੋਂ ਡਰ ਲਗਦਾ ਹੈ।’
ਇਸ ਪਿਛੋਂ ਸੋਸ਼ਲ ਮੀਡੀਆ ’ਤੇ ਪੈਦਾ ਹੋਏ ਰੌਲੇ ਪਿਛੋਂ ਪ੍ਰਭਲੀਨ ਕੌਰ ਨੇ ਕਿਹਾ ਸੀ, “ਜਦ ਏਅਰਹੋਸਟੈੱਸ ਕੁੜੀ ਫ਼ੋਟੋ ਨਹੀਂ ਖਿੱਚ ਸਕਦੀ ਤਾਂ ਫਿਰ ਲੀਡਰਾਂ ਦੇ ਆਉਣ ’ਤੇ ਉੱੇਚੇਚੇ ਤੌਰ ਉਤੇ ਉਨ੍ਹਾਂ ਨੂੰ ਬੰਗਲਾ ਸਾਹਿਬ ਫ਼ੋਟੋਆਂ ਖਿੱਚਣ ਅਤੇ ਵੀਡੀਉ ਕਿਉਂ ਬਣਾਉਣ ਦਿਤੀ ਜਾਂਦੀ ਹੈ। ਕੀ ਉਨ੍ਹਾਂ ਦਾ ਰੁਤਬਾ ਉੱਚਾ ਹੈ? ਉਨ੍ਹਾਂ ਲਈ ਮਰਿਆਦਾ ਹੋਰ ਤੇ ਦੂਜਿਆਂ ਲਈ ਹੋਰ ਹੈ?”
ਇਸ ਦੌਰਾਨ ਹੀ ਪ੍ਰਭਲੀਨ ਕੌਰ ਦੇ ਬਲੌਗ ਵਿਚੋਂ ਕੁੱਝ ਟੁਕੜੇ ਸੋਸ਼ਲ ਮੀਡੀਆ ’ਤੇ ਨਸ਼ਰ ਹੋਏ ਜਿਸ ਵਿਚ ਇਕ ਸ਼ਬਦ ਦੇ ਦੋ ਦੋ ਅਰਥ ਹੋਣ ਦੇ ਨਾਂਅ ’ਤੇ (ਜਿਸ ਵਿਚ ਸ਼ਰਾਬ ਆਦਿ ਦਾ ਜ਼ਿਕਰ ਸੀ, ਕੀਰਤਨ ਕਰਦੇ ਹੋਏ ਬੀਬੀ ਦਾ ਇਹ ਕਹਿਣਾ, “ਸਾਡੇ ਨਾਲ ਦੇ ਸਿੰਘ ਦਾ ਪਜਾਮਾ ਫਟ ਗਿਆ” ਜੋ ਬੀਬੀ ਲਈ ਮੁਸੀਬਤ ਸਾਬਤ ਹੋਏ) ਉਸ ਨੂੰ ਸੋਸ਼ਲ ਮੀਡੀਆ ’ਤੇ ਘੇਰਨਾ ਸ਼ੁਰੂ ਕਰ ਦਿਤਾ ਗਿਆ ਅਤੇ ਅਸਲ ਮੁੱਦਾ ਕਿ ‘ਲੀਡਰਾਂ ਨੂੰ ਤਾਂ ਬੰਗਲਾ ਸਾਹਿਬ ਫ਼ੋਟੋ ਸ਼ੂਟ ਕਰਨ ਦੀ ਖੁਲ੍ਹ ਹੈ ਹੋਰਾਂ ਨੂੰ ਨਹੀਂ’ ਕਿਤੇ ਦੂਰ ਗਵਾਚ ਗਿਆ, ਭਾਵੇਂ ਇਸ ਨੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲ ਵੀ ਉਂਗਲ ਚੁਕੀ ਸੀ।