
ਅਪਣੇ ਘਰ ਦੀ ਆਰਥਕ ਹਾਲਤ ਸੁਧਾਰਨ ਲਈ ਸਾਉਦੀ ਅਰਬ ਗਿਆ
ਅੱਜ ਦੋ ਮਹੀਨਿਆਂ ਬਾਅਦ ਬਰਨਾਲਾ ਦੇ ਕਸਬਾ ਧਨੌਲਾ ਦੇ ਰਹਿਣ ਵਾਲੇ ਬਲਜੀਤ ਸਿੰਘ ਦੀ ਮ੍ਰਿਤਕ ਦੇਹ ਵੀ ਉਸ ਦੇ ਘਰ ਪਹੁੰਚੀ ਜਿਥੇ ਪਰਵਾਰ ਵਲੋਂ ਅੰਤਮ ਰਸਮਾਂ ਨਾਲ ਉਸ ਦਾ ਸਸਕਾਰ ਕੀਤਾ ਗਿਆ। ਅਪਣੇ ਘਰ ਦੀ ਆਰਥਕ ਹਾਲਤ ਸੁਧਾਰਨ ਲਈ ਸਾਉਦੀ ਅਰਬ ਗਿਆ ਬਲਜੀਤ ਸਿੰਘ ਅੱਜ ਅਪਣੇ ਘਰ ਤਾਬੂਤ ਵਿਚ ਵਾਪਸ ਆਇਆ ਜਿਥੇ ਉਸ ਦੀ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਨਮ ਅੱਖਾਂ ਨਾਲ ਉਸ ਦੇ ਅੰਤਮ ਦਰਸ਼ਨ ਕੀਤੇ ਅਤੇ ਉਸ ਦਾ ਰਸਮਾਂ ਮੁਤਾਬਕ ਸਸਕਾਰ ਕੀਤਾ। ਪਰਿਵਾਰਕ ਮੈਂਬਰਾਂ ਨੇ ਦਸਿਆ ਕਿ 25 ਸਾਲ ਪਹਿਲਾ ਬਲਜੀਤ ਰੋਜ਼ੀ ਕਮਾਉਣ ਸਾਊਦੀ ਅਰਬ ਗਿਆ ਅਤੇ ਟਰਾਲਾ ਚਲਾਉਂਦੇ ਸਮੇਂ 28 ਜਵਨਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਲਈ ਲੱਖਾਂ ਰੁਪਏ ਦੀ ਰਾਸ਼ੀ ਦਾ ਪ੍ਰਬੰਧ ਕਰਨ ਵਿਚ ਉਕਤ ਗ਼ਰੀਬ ਪਰਵਾਰ ਅਸਮਰੱਥ ਸੀ।
Coffin
ਉਨ੍ਹਾਂ ਹੈਲਪਿੰਗ ਹੈਪਲੈਸ ਸੰਸਥਾ ਵਲੋਂ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਧਨਵਾਦ ਵੀ ਕੀਤਾ। ਇਸ ਮੌਕੇ ਹੈਲਪਿੰਗ ਹੈਪਲੈਸ ਸੰਸਥਾ ਦੀ ਬਾਨੀ ਅਮਨਜੋਤ ਕੌਰ ਰਾਮੂਵਾਲੀਆ ਨੇ ਦਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਵਿਦੇਸ਼ਾਂ ਵਿਚ ਗਏ ਪੰਜਾਬੀ ਦੀ ਮਦਦ ਲਈ ਕੰਮ ਕਰਦੇ ਆ ਰਹੇ ਹਨ ਅਤੇ ਉਕਤ ਪੀੜਤ ਪਰਵਾਰ ਵਲੋਂ ਵੀ ਉਨ੍ਹਾਂ ਤਕ ਪਹੁੰਚ ਕੀਤੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਸਾਉਦੀ ਅਰਬ ਅਤੇ ਉਥੇ ਸਥਿਤ ਭਾਰਤੀ ਅੰਬੈਂਸੀ ਨਾਲ ਤਾਲਮੇਲ ਕਰ ਕੇ ਬਲਜੀਤ ਸਿੰਘ ਦੀ ਕੰਪਨੀ ਤੋਂ ਖ਼ਰਚੇ ਉਪਰ ਉਸ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਗਈ ਹੈ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਵੀ ਪਰਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।