
ਸਿੱਧੀ ਅਦਾਇਗੀ ਦੇ ਫ਼ੈਸਲੇ ਦੇ ਵਿਰੋਧ ਵਿਚ ਕਿਸਾਨਾਂ ਨੇ ਐਫ਼.ਸੀ.ਆਈ. ਦਫ਼ਤਰ ਘੇਰੇ
ਪੰਜਾਬ ਵਿਚ 40 ਥਾਵਾਂ ਤੋਂ ਇਲਾਵਾ ਚੰਡੀਗੜ੍ਹ ਸਥਿਤ ਐਫ਼.ਸੀ.ਆਈ. ਪੰਜਾਬ-ਹਰਿਆਣਾ ਦੇ ਖੇਤਰੀ ਦਫ਼ਤਰ ਅੱਗੇ ਵੀ ਕੀਤਾ ਰੋਸ ਮੁਜ਼ਾਹਰਾ
ਚੰਡੀਗੜ੍ਹ, 5 ਅਪ੍ਰੈਲ (ਗੁਰਉਪਦੇਸ਼ ਭੁੱਲਰ) : ਕੇਂਦਰ ਸਰਕਾਰ ਵਲੋਂ ਹਾੜੀ ਦੇ ਸੀਜ਼ਨ ਵਿਚ ਫ਼ਸਲਾਂ ਦੀ ਖਰੀਦ ਦੇ ਨਿਯਮਾਂ ਵਿਚ ਕੀਤੀ ਤਬਦੀਲੀ ਵਿਸ਼ੇਸ਼ ਤੌਰ 'ਤੇ ਸਿੱਧੀ ਅਦਾਇਗੀ ਦੇ ਵਿਰੋਧ ਵਿਚ ਅੱਜ ਪੰਜਾਬ, ਹਰਿਆਣਾ ਤੋਂ ਇਲਾਵਾ ਹੋਰ ਕਈ ਰਾਜਾਂ ਵਿਚ ਕਿਸਾਨਾਂ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਪਰ ਐਫ਼.ਸੀ.ਆਈ. ਦਫ਼ਤਰਾਂ ਦਾ ਘਿਰਾਉ ਕਰ ਕੇ ਰੋਸ ਮੁਜ਼ਾਹਰੇ ਕੀਤੇ ਗਏ |
ਪੰਜਾਬ ਭਰ ਵਿਚ 40 ਤੋਂ ਵੱਧ ਥਾਵਾਂ ਤੋਂ ਇਲਾਵਾ ਚੰਡੀਗੜ੍ਹ ਸਥਿਤ ਪੰਜਾਬ-ਹਰਿਆਣਾ ਦੇ ਖੇਤਰੀ ਐਫ਼.ਸੀ.ਆਈ. ਦਫ਼ਤਰ ਦਾ ਵੀ ਘਿਰਾਉ ਕੀਤਾ ਗਿਆ | ਇਸ ਤੋਂ ਇਲਾਵਾ ਰਾਜਸਥਾਨ, ਆਂਧਰਾ ਪ੍ਰਦੇਸ਼, ਉਤਰ ਪ੍ਰਦੇਸ਼, ਬਿਹਾਰ ਰਾਜਾਂ ਵਿਚ ਵੀ ਐਫ਼.ਸੀ.ਆਈ. ਦਫ਼ਤਰਾਂ ਅੱਗੇ ਰੋਸ ਮੁਜ਼ਾਹਰੇ ਕਰ ਕੇ ਕੇਂਦਰ ਸਰਕਾਰ ਤੋਂ ਖਰੀਦ ਦੇ ਨਵੇਂ ਨਿਯਮਾਂ ਬਾਰੇ ਜਾਰੀ ਹੁਕਮ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ | ਦਫ਼ਤਰਾਂ ਦੇ ਘੇਰਾਉ ਮੌਕੇ ਹੋਈਆਂ ਕਿਸਾਨ ਰੈਲੀਆਂ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਹਾੜੀ ਦੇ ਸਮੇਂ ਇਹ ਨਵੇਂ ਨਿਯਮ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਕਿਸਾਨਾਂ ਤੇ ਆੜ੍ਹਤੀਆਂ ਵਿਚ ਪਾੜਾ ਪਾਉਣ ਦੇ ਇਰਾਦੇ ਨਾਲ ਲਾਗੂ ਕੀਤੇ ਹਨ | ਕੇਂਦਰ ਸਰਕਾਰ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਵੀ ਲਾਭ ਪਹੁੰਚਾਉਣਾ ਚਾਹੁੰਦੀ ਹੈ ਤੇ ਉਨ੍ਹਾਂ ਦੇ ਦਬਾਅ ਹੇਠ ਕੰਮ ਕਰ ਰਹੀ ਹੈ |
ਅੱਜ ਰੋਸ ਮੁਜ਼ਾਹਰਿimageਆਂ ਮੌਕੇ ਐਫ.ਸੀ.ਆਈ. ਅਧਿਕਾਰੀਆਂ ਰਾਹੀਂ ਕੇਂਦਰੀ ਖ਼ੁਰਾਕ ਤੇ ਖਪਤਕਾਰ ਮੰਤਰਾਲੇ ਦੇ ਮੰਤਰੀ ਨੂੰ ਭੇਜੇ ਗਏ ਮੰਗ ਪੱਤਰਾਂ ਵਿਚ ਮੰਗ ਕੀਤੀ ਗਈ ਕਿ ਕਣਕ ਦੀ ਖਰੀਦ ਲਈ ਜਮ੍ਹਾਂਬੰਦੀ ਜਮ੍ਹਾਂ ਕਰਨ ਦਾ ਫ਼ੈਸਲਾ ਵਾਪਸ ਹੋਵੇ ਤੇ ਅਦਾਇਗੀ ਕਾਸ਼ਤ ਕਰਨ ਵਾਲੇ ਨੂੰ ਹੀ ਹੋਵੇ | ਸਿੱਧੀ ਅਦਾਇਗੀ ਦਾ ਫ਼ੈਸਲਾ ਫਿਲਹਾਲ ਵਾਪਸ ਲਿਆ ਜਾਵੇ | ਤੈਅ ਐਮ.ਐਸ.ਪੀ. ਉਪਰ ਖਰੀਦ ਯਕੀਨੀ ਬਣਾਉਣ ਲਈ ਸਖ਼ਤੀ ਦੀ ਵੀ ਮੰਗ ਕੀਤੀ ਗਈ ਹੈ |