
ਕੇਂਦਰੀ ਮੰਤਰੀ ਗਡਕਰੀ ਵਲੋਂ ਅੰਮਿ੍ਸਤਰ 'ਚ ਪਿਲਰਾਂ ਵਾਲੇ ਪੁਲ ਬਣਾਉਣ ਦਾ ਐਲਾਨ
ਅੰਮਿ੍ਤਸਰ, 5 ਅਪ੍ਰੈਲ (ਹਰਦਿਆਲ ਸਿੰਘ): ਅੰਮਿ੍ਤਸਰ ਅਤੇ ਇਸ ਦੇ ਆਲੇ ਦੁਆਲੇ ਬਣੇ ਪੁਲ, ਪਿਲਰਾਂ ਵਾਲੇ ਪੁਲਾਂ ਵਿਚ ਤਬਦੀਲ ਹੋਣਗੇ ਅਤੇ ਭਵਿੱਖ ਵਿਚ ਬਣਨ ਵਾਲੇ ਪੁਲ ਵੀ ਹੁਣ ਪਿਲਰਾਂ ਵਾਲੇ ਪੁਲ ਬਣਨਗੇ | ਇਹ ਐਲਾਨ ਸੜਕੀ ਆਵਾਜਾਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕੀਤਾ ਹੈ | ਇਹ ਐਲਾਨ ਉਨ੍ਹਾਂ ਅੰਮਿ੍ਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨਾਲ ਇਕ ਰਸਮੀ ਮੁਲਾਕਾਤ ਤੋਂ ਬਾਅਦ ਕੀਤਾ | ਇਸ ਨਾਲ ਹੀ ਕੇਂਦਰੀ ਮੰਤਰੀ ਵਲੋਂ ਅੰਮਿ੍ਤਸਰ ਤੋਂ ਏਅਰਪੋਰਟ ਤਕ ਬਣਨ ਵਲੋਂ ਐਲੀਵੇਟਿਡ ਰੋਡ ਦੀ ਪ੍ਰਾਜੈਕਟ ਰਿਪੋਰਟ ਵੀ ਤਲਬ ਕਰ ਲਈ ਗਈ ਹੈ | ਔਜਲਾ ਅੱਜ ਪਾਰਲੀਮੈਂਟ ਵਿਚ ਪੰਜਾਬ ਨੈਸ਼ਨਲ ਹਾਈ ਵੇਅ ਅਤੇ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਅੰਮਿ੍ਤਸਰ ਦੀਆਂ ਸੜਕੀ ਆਵਾਜਾਈ ਸਬੰਧੀ ਇਲਾਕਾ ਵਾਸੀਆਂ ਅਤੇ ਦੂਰੋਂ ਨੇੜਿਉਂ ਆਉਣ ਵਾਲੇ ਯਾਤਰੂਆਂ ਦੀਆਂ ਸਮੱਸਿਆਵਾਂ ਨੂੰ ਰੱਖਣ ਲਈ ਉਨ੍ਹਾਂ ਨੂੰ ਮਿਲੇ ਸਨ | ਭਾਰਤ ਮਾਲਾ ਪ੍ਰਾਜੈਕਟ ਤੇ ਵੀ ਵਿਸਥਾਰ ਵਿਚ ਔਜਲਾ ਵਲੋਂ ਉਨ੍ਹਾਂ ਨਾਲ ਚਰਚਾ ਕੀਤੀ | ਨਿਤਿਨ ਗਡਕਰੀ ਨੇ ਔਜਲਾ ਦੇ ਸੁਝਾਵਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਅੰਮਿ੍ਤਸਰ ਵਿਚ ਅਤੇ ਇਸ ਦੇ ਆਲੇ ਦੁਆਲੇ ਬਣਨ ਵਾਲੇ ਪੁਲ ਜੇ ਸ਼ਹਿਰ ਦੀ ਦਿਖ ਨੂੰ ਵਿਗਾੜਦੇ ਹਨ ਅਤੇ ਇਸ ਨਾਲ ਯਾਤਰੂਆਂ ਦੀਆਂ ਸਮੱਸਿਆਵਾਂ ਵੱਧ ਦੀਆਂ ਹਨ ਤਾਂ ਉਨ੍ਹਾਂ ਦਾ ਇਹ ਸੁਝਾਅ ਬਹੁਤ ਕੀਮਤੀ ਹੈ ਕਿ ਅੰਮਿ੍ਤਸਰ ਵਿਚ ਆਲੇ ਦੁਆਲੇ ਪਿਲਰਾਂ ਵਾਲੇ ਪੁਲ ਬਣਨੇ ਚਾਹੀਦੇ ਹਨ | ਅੰਮਿ੍ਤਸਰ ਨਾਲ ਡੇਰਾ ਬਾਬਾ ਨਾਨਕ ਵਿਚ ਸੰਗਤਾਂ ਦੀ ਆਮਦ ਨੂੰ ਵੇਖਦਿਆਂ ਅੰਮਿ੍ਤਸਰ ਏਅਰਪੋਰਟ ਐਲੀਵੇਟਿਡ ਰੋਡ ਨੂੰ ਬਣਾਉਣ ਵਿਚ ਦੇਰੀ ਨਹੀਂ ਕਰਨੀ ਚਾਹੀਦੀ | ਅਪਣੀ ਮੁਲਾਕਾਤ ਵਿਚ ਔਜਲਾ ਨੇ ਨੈਸ਼ਨਲ ਹਾਈਵੇ 3 ਤੇ ਬਲੈਕ ਸਪਾਟ ਫ਼ਿਕਸਿੰਗ ਤਹਿਤ ਚਲ ਰਹੇ ਕਾਰਜਾਂ ਲਈ ਧਨਵਾਦ ਕਰਦਿਆਂ ਲਿਖਤੀ ਤੌਰ ਤੇ ਹੋਰ ਮੰਗਾਂ ਵੀ ਕੇਂਦਰੀ ਮੰਤਰੀ ਅੱਗੇ ਰੱਖੀਆਂ ਜਿਨ੍ਹਾਂ ਵਿਚ ਅੰਮਿ੍ਤਸਰ ਦੇ ਬਾਈਪਾਸ ਅਤੇ ਨਾਲ ਲਗਦੇ ਸਾਰੇ ਮਾਰਗਾਂ ਉਪਰ ਬਣਾਏ ਜਾ ਰਹੇ ਪੁਲ ਪਿੱਲਰਾਂ ਵਾਲੇ ਬਣਾਏ ਜਾਣੇ ਚਾਹੀਦੇ ਹਨ ਮੁੱਖ ਤੌਰ 'ਤੇ ਸ਼ਾਮਲ ਹੈ | ਇਸ ਨਾਲ ਅੰਮਿ੍ਤਸਰ ਬਾਈਪਾਸ ਤੇ ਲਾਈਟਾਂ ਅਤੇ ਅੰਮਿ੍ਤਸਰ-ਪਠਾਨਕੋਟ ਹਾਈਵੇ ਦੀ ਮੁਰੰਮਤ ਆਦਿ ਦੇ ਕਾਰਜਾਂ ਨੂੰ ਵੀ ਜਲਦ ਆਰੰਭ ਕਰਵਾਉਣ ਲਈ ਤਜਵੀਜ਼ ਰੱਖੀ | ਗਡਕਰੀ ਨੇ ਸਾਰੇ ਕਾਰਜਾਂ ਨੂੰ ਸਕਾਰਾਤਮਕ ਤੌਰ 'ਤੇ ਆਰੰਭ ਅਤੇ ਪੂਰਾ ਕਰਨ ਦਾ ਭਰੋਸਾ ਹੀ ਨਹੀਂ ਸਗੋਂ ਤੁਰਤ ਪ੍ਰਭਾਵ ਨਾਲ ਅਮਲੀਜਾਮਾ ਪਹੁੰਚਣ ਦੇ ਵੀ ਮੰਤਰਾਲੇ ਨੂੰ ਆਦੇਸ਼ ਜਾਰੀ ਕਰ ਦਿਤੇ ਹਨ | ਇਸ ਮੌਕੇ ਕੇਂਦਰੀ ਮੰਤਰੀ ਵੀ.ਕੇ ਸਿੰਘ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਂਸਦ ਸੀ.ਪੀ ਜੋਸ਼ੀ ਵੀ ਮੌਜੂਦ ਸਨ |
ਫੋਟੋ 01 ਅੰਮਿ੍ਤਸਰ ਕੇਂਦਰੀ ਮੰਤਰੀ ਨੀਤਿਨ ਗਡਕਰੀ ਨਾਲ ਮੁਲਾਕਾਤ ਦੌਰਾਨ ਮੈਂਬਰ ਪਾਰਲੀਮੈਂਟ ਔਜਲਾ, ਜੋਸ਼ੀ ਅਤੇ ਸੋਮ ਪ੍ਰਕਾਸ਼ |