
ਕਿਹਾ- ਕੇਜਰੀਵਾਲ-ਭਗਵੰਤ ਮਾਨ ਹਿਮਾਚਲ 'ਚ ਠੰਢੀਆਂ ਹਵਾਵਾਂ ਲੈ ਰਹੇ ਨੇ, ਪੰਜਾਬ ਦੇ ਲੋਕ ਇਨਸਾਫ਼ ਦੀ ਮੰਗ ਕਰ ਰਹੇ ਨੇ
ਬਹਿਬਲ ਕਲਾਂ (ਜਗਸੀਰ ਸਿੰਘ): ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੋਲੀਕਾਂਡ ਮਾਮਲੇ ਵਿਚ ਇਨਸਾਫ਼ ਦੀ ਮੰਗ ਨੂੰ ਲੈ ਕੇ ਪੀੜਤਾਂ ਵਲੋਂ ਅੱਜ ਬਠਿੰਡਾ-ਕੋਟਕਪੂਰਾ ਨੈਸ਼ਨਲ ਹਾਈਵੇਅ-54 ਜਾਮ ਕੀਤਾ ਗਿਆ। ਇਸ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਵੀ ਧਰਨੇ ਵਿਚ ਸ਼ਾਮਲ ਹੋਏ। ਨਵਜੋਤ ਸਿੱਧੂ ਨੇ ਕਿਹਾ ਕਿ 7 ਸਾਲ ਹੋ ਗਏ ਜਿਹੜਾ ਕੰਮ ਇਕ ਇੰਸਪੈਕਟਰ ਦਾ ਸੀ, ਉਸ ਕੰਮ ਨੂੰ ਜਾਣਬੁੱਝ ਕੇ ਉਲਝਾ ਕੇ ਤਿੰਨ ਸਿੱਟਾਂ, ਦੋ ਕਮਿਸ਼ਨ, ਚਾਰ ਮੁੱਖ ਮੰਤਰੀ, ਚਾਰ ਗ੍ਰਹਿ ਮੰਤਰੀ ਲਾ ਕੇ ਵੀ ਹੱਲ ਨਹੀਂ ਕੀਤਾ ਗਿਆ।
ਉਹਨਾਂ ਕਿਹਾ ਕਿ ਅਸੀਂ ਉੱਥੇ ਦੇ ਉੱਥੇ ਹੀ ਖੜ੍ਹ ਹਾਂ। ਗੁਰੂ ਸਾਹਿਬ ਦਾ ਇਹ ਇਨਸਾਫ ਇਕ ਸਵਾਲ ਖੜ੍ਹਾ ਕਰਦਾ ਹੈ। ਸਿੱਖ ਕੌਮ ਅਤੇ ਪੰਜਾਬੀਆਂ ਦੇ ਮਨਾਂ ਵਿਚ ਸਵਾਲ ਹੈ ਕਿ ਜੇਕਰ ਗੁਰੂ ਸਾਹਿਬ ਨੂੰ ਇਨਸਾਫ਼ ਨਹੀਂ ਮਿਲ ਰਿਹਾ ਤਾਂ ਇਕ ਆਮ ਇਨਸਾਨ ਨੂੰ ਕਿਵੇਂ ਇਨਸਾਫ਼ ਮਿਲੇਗਾ। ਨਵਜੋਤ ਸਿੱਧੂ ਨੇ ਕਿਹਾ ਕਿ ਇਨਸਾਫ਼ ਲੋਕਤੰਤਰ ਦੀ ਬੁਨਿਆਦ ਹੈ ਪਰ ਨਿੱਜੀ ਸਵਾਰਥ, ਵੋਟਾਂ ਦੀ ਰਾਜਨੀਤੀ, ਧਰੁਵੀਕਰਨ ਨੇ ਇਸ ਬੁਨਿਆਦ ਨੂੰ ਹਿਲਾ ਕੇ ਰੱਖ ਦਿੱਤਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਮੈਂ ਜਿਹੜੀ ਵੀ ਸਰਕਾਰ ਵਿਚ ਸੀ,ਗੁਰੂ ਲਈ ਲੜਦਾ ਰਿਹਾ ਹਾਂ। ਮੈਂ ਅਹੁਦੇ ਤੇ ਕੁਰਸੀਆਂ ਛੱਡ ਦਿੱਤੀਆਂ ਪਰ ਗੁਰੂ ਲਈ ਹੱਕ-ਸੱਚ ਦੀ ਲੜਾਈ ਕਦੇ ਨਾ ਛੱਡੀ।
ਉਹਨਾਂ ਕਿਹਾ ਕਿ ਉਹਨਾਂ ਕੋਲ ਪ੍ਰਬੰਧਕੀ ਸ਼ਕਤੀ ਨਹੀਂ ਸੀ ਪਰ ਉਸ ਪ੍ਰਬੰਧਕੀ ਸ਼ਕਤੀ ਨੂੰ ਉਹਨਾਂ ਨੇ ਹਮੇਸ਼ਾ ਸਵਾਲ ਕੀਤੇ ਹਨ ਪਰ ਕਿਸੇ ਕੋਲ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਸਨ। ਨਵਜੋਤ ਸਿੱਧੂ ਨੇ ਕਿਹਾ ਕਿ ਸਰਕਾਰਾਂ ਵੀ ਬਦਲੀਆਂ ਤੇ ਮੁੱਖ ਮੰਤਰੀ ਵੀ ਬਦਲੇ ਗਏ ਪਰ ਕਿਸੇ ਦੇ ਸਿਰ ’ਤੇ ਜੂੰ ਨਾ ਸਰਕੀ ਕਿਉਂਕਿ ਸਿਸਟਮ ਇਕ ਦੂਜੇ ਨਾਲ ਰਲਿਆ ਹੋਇਆ ਸੀ। ਪੰਜਾਬ ਦੀ ‘ਆਪ’ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਬਦਲਾਅ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਹਰ ਰੋਜ਼ ਪੰਜਾਬ ਵਿਚ 4-5 ਬੰਦੇ ਮਰਦੇ ਹਨ, ਹਰ ਰੋਜ਼ ਲੁੱਟਾਂ ਖੋਹਾਂ ਹੋ ਰਹੀਆਂ ਹਨ। ਇਹ ਸੱਤਾ ਦੀ ਲੜਾਈ ਨਹੀਂ ਪੰਜਾਬ ਦੀ ਹੋਂਦ ਦੀ ਲੜਾਈ ਹੈ।
ਉਹਨਾਂ ਕਿਹਾ ਕਿ ਕੇਜਰੀਵਾਲ ਨੇ ਕਿਹਾ ਕਿ ਬੇਅਦਬੀ ਮਾਮਲੇ ਵਿਚ 24 ਘੰਟਿਆਂ ਵਿਚ ਪੰਜਾਬ ਦੀ ਆਤਮਾ ਨੂੰ ਸ਼ਾਂਤੀ ਦਿੱਤੀ ਜਾਵੇਗੀ ਪਰ 24 ਦਿਨ ਹੋ ਗਏ। ਉਹ ਹਿਮਾਚਲ ਦੀਆਂ ਠੰਡੀਆਂ ਹਵਾਵਾਂ ਵਿਚ ਘੁੰਮ ਰਹੇ ਹਨ ਅਤੇ ਸੱਤਾ ਦੇ ਲਾਲਚ ਵਿਚ ਝੂਠ ਬੋਲ ਰਹੇ ਹਨ ਪਰ ਲੋਕ ਇਨਸਾਫ਼ ਦੀ ਮੰਗ ਕਰ ਰਹੇ ਹਨ। ਨਵਜੋਤ ਸਿੱਧੂ ਨੇ ਫਾਸਟ ਟਰੈਕ ਕੋਰਟ ਜ਼ਰੀਏ ਹਰ ਰੋਜ਼ ਮਾਮਲੇ ਦੀ ਸੁਣਵਾਈ ਕਰਨ ਲਈ ਕਿਹਾ।
ਉਹਨਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਨਸਾਫ਼ ਨਹੀਂ ਦਿੱਤਾ ਉਹਨਾਂ ਨੂੰ ਕਟਹਿੜੇ ਵਿਚ ਖੜਾ ਕੀਤਾ ਜਾਣਾ ਚਾਹੀਦਾ ਹੈ। ਸਿੱਧੂ ਨੇ ਕਿਹਾ ਜੇਕਰ ਪੰਜਾਬ ਸਰਕਾਰ ਇਨਸਾਫ ਦੇ ਦਿੰਦੀ ਹੈ ਤਾਂ ਉਹ ਜੈ-ਜੈਕਾਰ ਕਰਨਗੇ ਪਰ ਜੇਕਰ ਇਹ ਸਰਕਾਰ ਵੀ ਤੰਤਰ ਦਾ ਹਿੱਸਾ ਬਣ ਗਈ ਤਾਂ ਇਹਨਾਂ ਸਾਹਮਣੇ ਵੀ ਖੜ੍ਹੇ ਹੋਵਾਂਗੇ। ਉਹਨਾਂ ਕਿਹਾ ਕਿ ਸਰਕਾਰ ਚਾਹੇ ਦੋ ਮਹੀਨੇ ਲੈ ਲਵੇ ਪਰ ਇਨਸਾਫ਼ ਦਿੱਤਾ ਜਾਵੇ। ਸਭ ਤੋਂ ਪਹਿਲਾਂ ਗੁਰੂ ਦੇ ਇਨਸਾਫ਼ ਨੂੰ ਤਵੱਜੋ ਦਿੱਤੀ ਜਾਣੀ ਚਾਹੀਦੀ ਹੈ।