
ਮੌੜ ਬੰਬ ਧਮਾਕਾ ਮਾਮਲੇ 'ਚ ਸਰਕਾਰ ਨੇ ਫੇਰ ਮੰਗਿਆ ਸਮਾਂ
ਚੰਡੀਗੜ, 5 ਅਪ੍ਰੈਲ (ਸੁਰਜੀਤ ਸਿੰਘ ਸੱਤੀ): ਪੰਜਾਬ ਵਿਧਾਨ ਸਭਾ ਚੋਣਾਂ 2017 ਤੋਂ ਪਹਿਲਾਂ ਬਠਿੰਡਾ ਦੇ ਮੌੜ ਵਿਖੇ ਇਕ ਚੋਣ ਰੈਲੀ ਵਾਲੀ ਥਾਂ 'ਤੇ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ਸਰਕਾਰ ਨੇ ਜਵਾਬ ਲਈ ਸਮਾਂ ਮੰਗ ਲਿਆ ਹੈ | ਇਸ ਮਾਮਲੇ ਦੀ ਜਾਂਚ ਸੀਬੀਆਈ ਕੋਲੋਂ ਕਰਵਾਉਣ ਦੀ ਮੰਗ ਨੂੰ ਲੈ ਕੇ ਐਡਵੋਕੇਟ ਐਮ.ਐਸ.ਜੋਸ਼ੀ ਰਾਹੀਂ ਇਕ ਲੋਕਹਿਤ ਪਟੀਸ਼ਨ ਦਾਖ਼ਲ ਕੀਤੀ ਗਈ ਸੀ ਪਰ ਸਰਕਾਰ ਇਹ ਕਹਿ ਗਈ ਸੀ ਕਿ ਸਿੱਟ ਬਣਾਈ ਹੋਈ ਹੈ ਤੇ ਜਾਂਚ ਸੀਬੀਆਈ ਨੂੰ ਦੇਣ ਦੀ ਕੋਈ ਲੋੜ ਨਹੀਂ ਹੈ |
ਹਾਈ ਕੋਰਟ ਨੇ ਵੀ ਸਰਕਾਰ ਦੀ ਜਾਂਚ ਦੀ ਸਥਿਤੀ ਰਿਪੋਰਟ 'ਤੇ ਸੰਤੁਸ਼ਟੀ ਜਤਾਈ ਸੀ ਪਰ ਪਟੀਸ਼ਨਰ ਨੂੰ ਛੋਟ ਦਿਤੀ ਸੀ ਕਿ ਜੇਕਰ ਉਸ ਦੀ ਸੰਤੁਸ਼ਟੀ ਨਹੀਂ ਹੋਈ ਤਾਂ ਉਹ ਮੁੜ ਹਾਈ ਕੋਰਟ ਪਹੁੰਚ ਕਰ ਸਕਦਾ ਹੈ | ਇਸ ਮਾਮਲੇ ਵਿਚ ਪੰਜਾਬ ਸਰਕਾਰ ਦੀ ਸਿੱਟ ਨੇ ਇਹ ਕਿਹਾ ਸੀ ਕਿ ਕੋਈ ਦੋਸ਼ੀ ਨਹੀਂ ਫੜਿਆ ਜਾ ਸਕਿਆ ਹੈ ਤੇ ਜਦੋਂ ਕੋਈ ਫੜਿਆ ਜਾਵੇਗਾ ਤਾਂ ਅਗਲੀ ਕਾਰਵਾਈ ਕਰ ਦਿਤੀ ਜਾਵੇਗੀ | ਇਸੇ 'ਤੇ ਪਟੀਸ਼ਨਰ ਨੇ ਮੁੜ ਹਾਈ ਕੋਰਟ ਪਹੁੰਚ ਕੀਤੀ ਸੀ ਕਿ ਇਹ ਮਾਮਲੇ ਨੂੰ ਠੰਢੇ ਬਸਤੇ ਵਿੱਚ ਪਾਉਣ ਦੀ ਕੋਸ਼ਿਸ਼ ਹੈ ਤੇ ਇਸ ਮਾਮਲੇ ਵਿਚ ਪਿਛਲੇ ਕੇਸ ਨੂੰ ਮੁੜ ਖੋਲਿ੍ਹਆ ਜਾਵੇ | ਹਾਈ ਕੋਰਟ ਨੇ ਅਰਜ਼ੀ ਮੰਜ਼ੂਰ ਕਰਦਿਆਂ ਪੁਰਾਣੀ ਪਟੀਸ਼ਨ ਜਿਸ ਵਿਚ ਮਾਮਲੇ ਦੀ ਜਾਂਚ ਸੀਬੀਆਈ ਨੂੰ ਦੇਣ ਦੀ ਮੰਗ ਕੀਤੀ ਗਈ ਸੀ, 'ਤੇ ਮੁੜ ਸੁਣਵਾਈ ਸ਼ੁਰੂ ਕੀਤੀ ਸੀ ਪਰ ਅੱਜ ਸਰਕਾਰ ਨੇ ਜਵਾਬ ਲਈ ਸਮਾਂ ਮੰਗ ਲਿਆ ਤੇ ਸੁਣਵਾਈ ਅੱਗੇ ਪਾ ਦਿਤੀ ਗਈ ਹੈ |
ਪਟੀਸ਼ਨਰ ਨੇ ਕਿਹਾ ਸੀ ਕਿ ਬੰਬ ਧਮਾਕੇ ਵਿੱਚ ਇਸਤੇਮਾਲ ਹੋਈ ਮਾਰੂਤੀ ਕਾਰ ਡੇਰਾਮੁਖੀ ਰਾਮ ਰਹੀਮ ਦੀ ਰਿਹਾਇਸ਼ 'ਤੇ ਉਸ ਦੀ ਗੱਡੀਆਂ ਦੀ ਨਿਜੀ ਵਰਕਸ਼ਾਪ ਵਿੱਚ ਤਿਆਰ ਹੋਈ ਸੀ ਤੇ ਇਹ ਗੱਲ ਕੁਝ ਮੁਲਜ਼ਮ ਕਬੂਲ ਕਰ ਚੁੱਕੇ ਹਨ | ਇਸ ਤੱਥ ਨਾਲ ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਸੀ ਕਿ ਰਾਮ ਰਹੀਮ ਦੇ ਇਸ਼ਾਰੇ 'ਤੇ ਧਮਾਕਾ ਕੀਤਾ ਗਿਆ ਸੀ ਪਰ ਕਿਉਂਕਿ ਪੰਜਾਬ ਦੇ ਵੱਡੇ ਆਗੂਆਂ ਦੇ ਸਬੰਧ ਰਾਮ ਰਹੀਮ ਨਾਲ ਹਨ ਤੇ ਇਸ ਕਰਕੇ ਪਾਰਦਰਸ਼ੀ ਸਪਸ਼ਟ ਜਾਂਚ ਦੀ ਉਮੀਦ ਨਹੀਂ ਹੈ, ਲਿਹਾਜਾ ਜਾਂਚ ਸੀਬੀਆਈ ਕੋਲੋਂ ਕਰਵਾਈ ਜਾਵੇ |