
ਰੋਜ਼ਾਨਾ ਸਪੋਕਸਮੈਨ ਨੇ ਸੱਥ ‘ਚ ਦਿਖਾਏ ਸੀ ਪਿੰਡ ਦੇ ਹਾਲਾਤ
ਫਿਰੋਜ਼ਪੁਰ : ਰੋਜ਼ਾਨਾ ਸਪੋਕਸਮੈਨ ਵਲੋਂ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿਚ ‘ਸਪੋਕਸਮੈਨ ਦੀ ਸੱਥ’ ਸ਼ੁਰੂ ਕੀਤੀ ਗਈ ਹੈ। ਇਸ ਉਪਰਾਲੇ ਤਹਿਤ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਿਲਾਂ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਫਿਰੋਜ਼ਪੁਰ ਦੇ ਪਿੰਡ ਕਾਲੂਵਾਲਾ 'ਚ ਲੋਕਾਂ ਨੂੰ ਇਕ ਪਿੰਡ ਤੋਂ ਦੂਸਰੇ ਪਿੰਡ ਜਾਣ ਲਈ ਕਿਸ਼ਤੀਆਂ ਦਾ ਸਹਾਰਾ ਲੈਣਾ ਪੈਂਦਾ ਸੀ। ‘ਸਪੋਕਸਮੈਨ ਦੀ ਸੱਥ’ ਦੀ ਲੜੀ ਵਿਚ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਇਸ ਸੱਥ ਦਾ ਇਹ ਅਸਰ ਦੇਖਣ ਨੂੰ ਮਿਲਿਆ ਹੈ ਕਿ ਕੈਬਨਿਟ ਮੰਤਰੀ ਖ਼ੁਦ ਕਿਸ਼ਤੀ 'ਚ ਸਵਾਰ ਹੋ ਇਸ ਪਿੰਡ ਵਿਚ ਪਹੁੰਚ ਗਏ। ਉਨ੍ਹਾਂ ਲੋਕਾਂ ਨੂੰ ਹਰ ਮਦਦ ਦੇਣ ਦਾ ਭਰੋਸਾ ਦਿੱਤਾ।
ਬੰਦਾ ਚੰਨ ਤੱਕ ਪਹੁੰਚ ਗਿਆ ਪਰ ਪੰਜਾਬ ਦੇ ਇਸ ਪਿੰਡ ਤੱਕ ਬੱਸ ਵੀ ਨਹੀਂ ਜਾਂਦੀ। ਇਸ ਪਿੰਡ ਦਾ ਅਜ਼ਾਦੀ ਦੇ 75 ਸਾਲਾਂ ਵਿਚ ਕੋਈ ਵਿਕਾਸ ਨਹੀਂ ਹੋਇਆ। ਹਿੰਦ-ਪਾਕਿ ਸਰਹੱਦ 'ਤੇ ਜ਼ੀਰੋ ਲਾਈਨ 'ਤੇ ਸਥਿਤ ਪਿੰਡ ਕਾਲੂਵਾਲਾ ਜੋ ਕਿ ਤਿੰਨ ਪਾਸਿਆਂ ਤੋਂ ਸਤਲੁਜ ਦਰਿਆ ਅਤੇ ਇਕ ਪਾਸੇ ਹਿੰਦ-ਪਾਕਿ ਸਰਹੱਦ ਨਾਲ ਘਿਰਿਆ ਹੈ। ਟਾਪੂ ਨੁਮਾ ਇਸ ਪਿੰਡ ਦੇ ਨਿਵਾਸੀਆਂ ਅਤੇ ਸਕੂਲੀ ਵਿਦਿਆਰਥੀਆਂ ਲਈ ਬੇੜੀ ਹੀ ਇਕ ਮਾਤਰ ਆਵਾਜਾਈ ਦਾ ਸਾਧਨ ਹੈ। ਬਰਸਾਤਾਂ ਕਾਰਨ ਮੌਂਸਮ ਵਿਚ ਜਦੋਂ ਸਤਲੁੱਜ ਦਰਿਆ ਦਾ ਵਹਾਅ ਤੇਜ਼ ਹੋ ਜਾਂਦਾ ਹੈ ਤਾਂ ਸਕੂਲੀ ਵਿਦਿਆਰਥੀਆਂ ਲਈ ਮੁਸੀਬਤ ਦਾ ਕਾਰਨ ਬਣਦਾ ਹੈ।
ਇਸ ਪਿੰਡ ਨੂੰ ਅੱਜ ਤੱਕ ਕੋਈ ਸਰਕਾਰੀ ਸਹੂਲਤ ਨਹੀਂ ਮਿਲੀ। ਨਾ ਇਸ ਪਿੰਡ ਵਿਚ ਕੋਈ ਬੱਸ ਸੁਵਿਧਾ ਹੈ। ਲੋਕ ਦੂਸਰੇ ਪਿੰਡ ਜਾਣ ਲਈ ਕਿਸ਼ਤੀਆਂ ਦਾ ਸਹਾਰਾ ਲੈਂਦੇ ਹਨ। ਬੱਚਿਆਂ ਨੂੰ ਪੜ੍ਹਨ ਲਈ ਦੂਸਰੇ ਪਿੰਡਾਂ ਵਿਚ ਕਿਸ਼ਤੀ ’ਚ ਸਵਾਰ ਹੋ ਕੇ ਜਾਣਾ ਪੈਂਦਾ ਹੈ ਜੋ ਕਿ ਖ਼ਤਰਨਾਕ ਵੀ ਸਾਬਤ ਹੋ ਸਕਦਾ ਹੈ। ਪਿੰਡ ਵਿਚ 50 ਤੋਂ ਵੱਧ ਘਰ ਹੋਣ ਦੇ ਬਾਵਜੂਦ ਇਕ ਵੀ ਨੌਜਵਾਨ ਗ੍ਰੇਜੂਏਟ ਨਹੀਂ ਕਰ ਸਕਿਆ। ਇਸ ਪਿੰਡ ਵਿਚ ਪਿਛਲੇ ਸਾਲ ਹੀ ਇਕ ਸਰਕਾਰੀ ਸਕੂਲ ਬਣ ਕੇ ਤਿਆਰ ਹੋਇਆ ਹੈ।
ਪਿਛਲੇ ਸਾਲ 11 ਸਤੰਬਰ 2022 ਨੂੰ ਸਪੋਕਸਮੈਨ ਦੀ ਮੈਨੇਜਿੰਗ ਡਾਇਰੈਕਟਰ ਨਿਮਰਤ ਕੌਰ ਨੇ ਇਸ ਪਿੰਡ ਵਿਚ ਸਪੋਕਸਮੈਨ ਦੀ ਸੱਥ ਲਗਾਈ ਸੀ। ਲੋਕਾਂ ਨਾਲ ਬੇਬਾਕੀ ਨਾਲ ਗੱਲਬਾਤ ਕੀਤੀ ਗਈ ਸੀ। ਲੋਕਾਂ ਨੂੰ ਪੇਸ਼ ਆ ਰਹੀਆਂ ਸਾਰੀਆਂ ਮੁਸ਼ਕਿਲਾਂ ਨੂੰ ਉਜਾਗਰ ਕਰ ਕੇ ਪੰਜਾਬ ਸਰਕਾਰ ਤੱਕ ਪਹੁੰਚਾਇਆ ਸੀ।
ਸਪੋਕਸਮੈਨ ਦੀ ਸੱਥ ਦੇ ਮੱਦੇਨਜ਼ਰ 75 ਸਾਲਾਂ ਵਿਚ ਪਹਿਲੀ ਵਾਰ ਪੰਜਾਬ ਸਰਕਾਰ ਦੇ ਕਿਸੇ ਕੈਬਨਿਟ ਮੰਤਰੀ ਨੇ ਇਸ ਪਿੰਡ ਦਾ ਦੌਰਾ ਕੀਤਾ।
ਇਸ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਪਹਿਲਾਂ ਸਤਲੁਜ ਦਰਿਆ ਤੇ ਸਥਿਤ ਸਰਹੱਦੀ ਪਿੰਡ ਕਾਲੂ ਵਾਲਾ ਦੇ ਸਰਕਾਰੀ ਸਕੂਲ ਦਾ ਹਾਲ ਜਾਣਨ ਲਈ ਬੇੜੀ ਵਿਚ ਸਵਾਰ ਹੋ ਕੇ ਸਕੂਲ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੁੱਝ ਦੇਰ ਪਹਿਲਾ ਪਤਾ ਲੱਗਾ ਸੀ ਕਿ ਪਿੰਡ ਕਾਲੂ ਵਾਲਾ ਦੀਆਂ ਦੋ ਵਿਦਿਆਰਥਣਾਂ ਰੋਜ਼ਾਨਾ ਬੇੜੀ ਵਿਚ ਸਵਾਰ ਹੋ ਕੇ ਸਕੂਲ ਜਾਂਦੀਆਂ ਹਨ ਅਤੇ ਇਸ ਪਿੰਡ ਦੇ ਲੋਕ ਵੀ ਸ਼ਹਿਰ ਜਾਂ ਹੋਰ ਪਿੰਡ ਜਾਣ ਲਈ ਇਸ ਬੇੜੀ ਦਾ ਸਹਾਰਾ ਲੈਂਦੇ ਹਨ। ਜਿਸ ਕਰ ਕੇ ਅੱਜ ਉਹ ਖੁਦ ਇੱਥੇ ਇਸ ਚੀਜ਼ ਨੂੰ ਸਮਝਣ ਲਈ ਆਏ ਹਨ। ਉਨ੍ਹਾਂ ਕਿਹਾ ਕਿ ਇਥੋਂ ਦੇ ਵਿਦਿਆਰਥੀਆਂ ਨੂੰ ਸਿੱਖਿਆ ਹਾਸਲ ਕਰਨ ਲਈ ਰੋਜ਼ਾਨਾ ਕਈ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ।
ਉਨ੍ਹਾਂ ਕਿਹਾ ਇਸ ਦਰਿਆ 'ਤੇ ਪੁੱਲ ਬਣਾਉਣ ਮੰਗ ਬਿਲਕੁਲ ਜਾਇਜ਼ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਅਧਿਕਾਰੀਆਂ ਤੋਂ ਇਸ ਪੁੱਲ ਸਬੰਧੀ ਐਸਟੀਮੇਟ ਤਿਆਰ ਕਰਵਾ ਕੇ ਨਾਲ ਲੈ ਕੇ ਜਾਣਗੇ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅੱਗੇ ਇਹ ਗੱਲ ਰੱਖਣਗੇ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੀ ਇਹ ਮੰਗ ਪੂਰੀ ਕੀਤੀ ਜਾਵੇਗੀ।
ਨਿੱਕੇ-ਨਿੱਕੇ ਕੰਮਾਂ ਲਈ ਵੀ ਲੋਕਾਂ ਨੂੰ ਕਿਸ਼ਤੀ ਰਾਹੀ ਸਤਲੁਜ ਦਰਿਆ ਪਾਰ ਕਰ ਕੇ ਦੂਸਰੇ ਪਿੰਡ ਜਾਣਾ ਪੈਂਦਾ ਹੈ। ਸ਼ਾਮ ਢਲਦੇ ਹੀ ਇਹ ਪਿੰਡ ਸਾਰੇ ਪੰਜਾਬ ਨਾਲੋਂ ਵੱਖਰਾ ਹੋ ਜਾਂਦਾ ਹੈ। ਸ਼ਾਮ 7 ਵਜੇ ਤੋਂ ਸਵੇਰੇ 8 ਵਜੇ ਤੱਕ ਬੀਐੱਸਐੱਫ ਵੱਲੋਂ ਕਿਸ਼ਤੀ ਰਾਹੀ ਆਉਣ ਜਾਣ ਵਾਲਾ ਰਸਤਾ ਵੀ ਬੰਦ ਕਰ ਦਿੱਤਾ ਜਾਂਦਾ ਹੈ। ਸੂਬਾ ਸਰਕਾਰ ਤੋਂ ਵਿਸ਼ੇਸ਼ ਸਹੂਲਤ ਦੀ ਮੰਗ ਕੀਤੀ ਤਾਂ ਜੋ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਸਕੇ।
ਅੱਜ ਭਾਵੇ 21ਵੀਂ ਸਦੀ ਦੀਆਂ ਅਤਿ ਆਧੁਨਿਕ ਤੇ ਮਸ਼ੀਨੀ ਯੁੱਗ ਦੀ ਗੱਲ ਕੀਤੀ ਜਾਂਦੀ ਹੈ। ਅਜਿਹੇ ਹਾਈਟੈਕ ਜ਼ਮਾਨੇ ਵਿਚ ਅੱਜ ਵੀ ਅਨੇਕਾਂ ਪੇਂਡੂ ਇਲਾਕੇ ਹਨ ਜਿੱਥੇ ਅੱਜ ਤੱਕ ਕੋਈ ਸਰਕਾਰੀ ਸਹੂਲਤ ਨਹੀਂ ਪਹੁੰਚੀ। ਲੋਕ ਆਉਣ-ਜਾਣ ਲਈ ਸਾਧਨਾਂ ਨੂੰ ਤਰਸਦੇ ਹਨ। ਰੋਜ਼ਾਨਾ ਸਪੋਕਸਮੈਨ ਨੇ ਇਸ ਪਿੰਡ ਨੂੰ ਸਰਕਾਰ ਦੀਆਂ ਨਜ਼ਰਾਂ ਵਿਚ ਲਿਆਉਂਦਾ ਹੈ ਜਿਸ ਤੋਂ ਬਾਅਦ ਮੰਤਰੀ ਹਰਜੋਤ ਬੈਂਸ ਨੇ ਇਸ ਪਿੰਡ ਦਾ ਦੌਰਾ ਕਰਕੇ ਲੋਕਾਂ ਨੂੰ ਹਰ ਸਹੂਲਤ ਦੇਣ ਦਾ ਵਾਅਦਾ ਕੀਤਾ ਹੈ।