
Patiala News : ਦੋਸਤ ਦਾ ਕਤਲ ਕਰਕੇ ਪਿਤਾ ਨੂੰ ਕੀਤਾ ਫੋਨ, ਕਹਿੰਦਾ -ਹਸਪਤਾਲ ਦੀ ਛੱਤ 'ਤੇ ਪਈ ਹੈ ਲਾਸ਼
Patiala News : ਨਾਭਾ ਵਿੱਚ ਇੱਕ ਨੌਜਵਾਨ ਨੇ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ ਹੈ। ਇਸ ਤੋਂ ਬਾਅਦ ਆਰੋਪੀ ਨੇ ਖੁਦ ਹੀ ਪੀੜਤ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਦੇ ਕੁਆਰਟਰ ਦੀ ਛੱਤ 'ਤੇ ਪਈ ਹੈ। ਮ੍ਰਿਤਕ ਦੀ ਪਛਾਣ ਜ਼ੋਰਾਵਰ ਸਿੰਘ (40) ਵਾਸੀ ਜਸਪਾਲ ਕਾਲੋਨੀ, ਨਾਭਾ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ੋਰਾਵਰ ਸਿੰਘ ਮੀਟ ਦੀ ਦੁਕਾਨ ਚਲਾਉਂਦਾ ਸੀ ਅਤੇ ਉਸ ਦੇ ਦੋ ਬੱਚੇ ਹਨ। ਆਰੋਪੀ ਵੀ ਦੁਕਾਨਦਾਰ ਹੈ। ਮ੍ਰਿਤਿਕ ਨੌਜਵਾਨ ਦੇ ਪਿਤਾ ਅਨੁਸਾਰ ਜ਼ੋਰਾਵਰ ਪਹਿਲਾਂ ਨਸ਼ਾ ਕਰਦਾ ਸੀ ਪਰ ਬਾਅਦ ਵਿੱਚ ਉਸ ਨੇ ਨਸ਼ਾ ਛੱਡ ਦਿੱਤਾ ਸੀ।
ਪੁਲੀਸ ਅਨੁਸਾਰ ਮ੍ਰਿਤਕ ਦੇ ਸਰੀਰ ’ਤੇ ਕਈ ਥਾਵਾਂ ’ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਮੂੰਹ ਅਤੇ ਨੱਕ ਵਿੱਚੋਂ ਖੂਨ ਵਹਿ ਰਿਹਾ ਸੀ। ਪੁਲੀਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਮੁਲਜ਼ਮ ਦੋਸਤ ਸਪਿੰਦਰ ਸਿੰਘ ਵਾਸੀ ਬੌੜਾਂ ਗੇਟ ਨਾਭਾ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਬੰਧਤ ਥਾਣਾ ਕੋਤਵਾਲੀ ਨਾਭਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਮਰਾਓ ਅਨੁਸਾਰ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਕਤਲ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।
ਮ੍ਰਿਤਕ ਜ਼ੋਰਾਵਰ ਸਿੰਘ ਦੇ ਪਿਤਾ ਘਮੰਡਾ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਮੀਟ ਦਾ ਅਚਾਰ ਵੇਚਣ ਦਾ ਕੰਮ ਕਰਦਾ ਹੈ। ਮੁਲਜ਼ਮ ਉਸਦੇ ਲੜਕੇ ਦੀ ਦੁਕਾਨ ਦੇ ਕੋਲ ਹੀ ਰਹਿੰਦਾ ਹੈ ਅਤੇ ਦੋਵੇਂ ਦੋਸਤ ਸਨ। ਉਸ ਨੇ ਦੱਸਿਆ ਕਿ ਉਹ ਪਿਛਲੇ ਛੇ ਮਹੀਨਿਆਂ ਤੋਂ ਆਪਣੇ ਸਹੁਰੇ ਪਰਿਵਾਰ ਨਾਲ ਪਟਿਆਲਾ ਵਿਖੇ ਰਹਿ ਰਿਹਾ ਸੀ। 2 ਅਪ੍ਰੈਲ ਨੂੰ ਉਸ ਨੇ ਫੋਨ ਕਰਕੇ ਕਿਹਾ ਕਿ ਉਹ ਮਿਲਣ ਆ ਰਿਹਾ ਹੈ ਪਰ ਜ਼ੋਰਾਵਰ ਸਿੰਘ ਘਰ ਨਹੀਂ ਪਹੁੰਚਿਆ, ਜਿਸ ਤੋਂ ਬਾਅਦ ਪਿਤਾ ਨੇ ਭਾਲ ਸ਼ੁਰੂ ਕਰ ਦਿੱਤੀ।
ਦੋ ਦਿਨ ਬਾਅਦ 4 ਅਪਰੈਲ ਨੂੰ ਮੁਲਜ਼ਮ ਸਪਿੰਦਰ ਸਿੰਘ ਦਾ ਫੋਨ ਆਇਆ ਅਤੇ ਉਸ ਨੇ ਦੱਸਿਆ ਕਿ ਜੋਰਾਵਰ ਸਿੰਘ ਦੀ ਲਾਸ਼ ਸਰਕਾਰੀ ਸਿਵਲ ਹਸਪਤਾਲ ਨਾਭਾ ਦੇ ਕੁਆਰਟਰ ਦੀ ਛੱਤ ’ਤੇ ਪਈ ਹੈ। ਸੂਚਨਾ ਮਿਲਣ ’ਤੇ ਪੁਲੀਸ ਵੀ ਮੌਕੇ ’ਤੇ ਪੁੱਜੀ ਅਤੇ ਦੇਖਿਆ ਕਿ ਜ਼ੋਰਾਵਰ ਸਿੰਘ ਦੀਆਂ ਬਾਹਾਂ, ਮੱਥੇ ਅਤੇ ਸਿਰ ’ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਸਨ। ਉਸਦੇ ਮੂੰਹ ਅਤੇ ਨੱਕ ਵਿੱਚੋਂ ਖੂਨ ਨਿਕਲ ਰਿਹਾ ਸੀ।
ਪਿਤਾ ਅਨੁਸਾਰ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 3 ਅਪ੍ਰੈਲ ਨੂੰ ਉਸ ਦੇ ਬੇਟੇ ਨੂੰ ਮੁਲਜ਼ਮ ਸਪਿੰਦਰ ਨੇ ਹੀ ਨਾਭਾ ਦੇ ਰੋਹਟੀ ਪੁਲ ਤੋਂ ਆਪਣੇ ਮੋਟਰਸਾਈਕਲ 'ਤੇ ਬਿਠਾ ਲਿਆ ਸੀ। ਉਸ ਨੇ ਮੰਨਿਆ ਕਿ ਉਸ ਦਾ ਲੜਕਾ ਪਹਿਲਾਂ ਨਸ਼ੇ ਦਾ ਆਦੀ ਸੀ ਪਰ ਨਸ਼ਾ ਛੁਡਾਊ ਕੇਂਦਰ ਵਿਚ ਇਲਾਜ ਕਰਵਾਉਣ ਤੋਂ ਬਾਅਦ ਉਸ ਨੇ ਪਿਛਲੇ ਸੱਤ-ਅੱਠ ਮਹੀਨਿਆਂ ਤੋਂ ਨਸ਼ਾ ਛੱਡ ਦਿੱਤਾ ਸੀ। ਉਸਦਾ ਵਿਆਹ ਕਰੀਬ 22 ਸਾਲ ਪਹਿਲਾਂ ਹੋਇਆ ਸੀ ਅਤੇ ਉਸਦੀ ਇੱਕ 18 ਸਾਲ ਦੀ ਬੇਟੀ ਅਤੇ ਇੱਕ 16 ਸਾਲ ਦਾ ਲੜਕਾ ਹੈ। ਪਿਤਾ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਕਤਲ ਕਿਤੇ ਹੋਰ ਕੀਤਾ ਗਿਆ ਹੈ ਅਤੇ ਲਾਸ਼ ਨੂੰ ਬਾਅਦ ਵਿਚ ਛੱਤ 'ਤੇ ਰੱਖ ਦਿੱਤਾ ਗਿਆ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਹੈ ਕਿ ਇਸ ਘਟਨਾ ਵਿੱਚ ਹੋਰ ਲੋਕ ਵੀ ਸ਼ਾਮਲ ਹੋ ਸਕਦੇ ਹਨ।