
ਸ. ਰੰਧਾਵਾ ਦਾ ਗੁਰਦਾਸਪੁਰ ਸ਼ਹਿਰ ਤੋਂ ਇਲਾਵਾ ਕਲਾਨੋਰ, ਡੇਰਾ ਬਾਬਾ ਨਾਨਕ ਤੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਸ਼ਾਨਦਾਰ ਸਵਾਗਤ ਕੀਤਾ ਗਿਆ।
ਗੁਰਦਾਸਪੁਰ, 5 ਮਈ (ਹਰਜੀਤ ਸਿੰਘ ਆਲਮ/ਗੁਰਦੇਵ ਸਿੰਘ ਰਜ਼ਾਦਾ): ਸ. ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਤੇ ਜੇਲ ਮੰਤਰੀ ਪੰਜਾਬ ਦਾ ਅੱਜ ਗੁਰਦਾਸਪੁਰ ਜ਼ਿਲ੍ਹੇ ਅੰਦਰ ਪਹੁੰਚਣ 'ਤੇ ਜ਼ਿਲ੍ਹਾ ਵਾਸੀਆਂ ਨੇ ਸ਼ਾਨਦਾਰ ਸਵਾਗਤ ਕੀਤਾ ਗਿਆ। ਸ. ਰੰਧਾਵਾ ਦਾ ਗੁਰਦਾਸਪੁਰ ਸ਼ਹਿਰ ਤੋਂ ਇਲਾਵਾ ਕਲਾਨੋਰ, ਡੇਰਾ ਬਾਬਾ ਨਾਨਕ ਤੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਸ਼ਾਨਦਾਰ ਸਵਾਗਤ ਕੀਤਾ ਗਿਆ।ਸ. ਰੰਧਾਵਾ ਨਾਲ ਸੁਨੀਲ ਜਾਖੜ ਲੋਕ ਸਭਾ ਮੈਂਬਰ ਗੁਰਦਾਸਪੁਰ ਵੀ ਮੌਜੂਦ ਸਨ ਤੇ ਗੁਰਦਾਸਪੁਰ ਸ਼ਹਿਰ ਵਿਖੇ ਪੁਹੰਚਣ 'ਤੇ ਹਲਕਾ ਵਿਧਾਇਕ ਸ. ਬਰਿੰਦਰਮੀਤ ਸਿੰਘ ਪਾਹੜਾ ਵਲੋਂ ਢੋਲ ਦੇ ਡੱਗੇ 'ਤੇ ਸਵਾਗਤ ਕੀਤਾ ਗਿਆ ਤੇ ਪੂਰੇ ਸ਼ਹਿਰ ਅੰਦਰ ਰੋਡ ਸ਼ੋਅ ਦੌਰਾਨ ਹਲਕਾ ਵਾਸੀਆਂ ਸ. ਰੰਧਾਵਾ ਦਾ ਭਰਵਾਂ ਸਵਾਗਤ ਕੀਤਾ। ਗੁਰਦਾਸਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸ. ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਧਨਵਾਦ ਕਰਦਿਆਂ ਕਿਹਾ ਕਿ ਜੋ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ,
Sunil Jakhar
ਉਸ ਨੂੰ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਉਣਗੇ ਤੇ ਗੁਰਦਾਸਪੁਰ ਜ਼ਿਲ੍ਹੇ ਅੰਦਰ ਸਰਬਪੱਖੀ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ। ਸੂਬੇ ਦੀਆਂ ਜੇਲਾਂ ਸਬੰਧੀ ਪੁਛੇ ਸਵਾਲ ਦਾ ਜਵਾਬ ਦਿੰਦਿਆਂ ਸ. ਰੰਧਾਵਾ ਨੇ ਕਿਹਾ ਕਿ ਜੇਲਾਂ ਅੰਦਰ ਹੋਰ ਸੁਧਾਰ ਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਹੋਇਆ ਸਰਹੱਦੀ 6 ਜ਼ਿਲ੍ਹਿਆਂ ਦੀ ਜੇਲਾਂ ਵਿਚ ਸੈਂਟਰਲ ਇੰਡਸਟਰੀਅਲ ਸਕਿਊਰਿਟੀ ਫ਼ੋਰਸ (ਸੀ.ਆਈ.ਐਸ.ਐਫ਼) ਤਾਇਨਾਤ ਕੀਤੀ ਜਾਵੇਗੀ ਤੇ ਜੇਲਾਂ ਅੰਦਰ ਡਾਗ ਸਕੈਅਡ ਰਾਹੀਂ ਸੁਰੱਖਿਆਂ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਬੀਤੇ ਦਿਨੀਂ ਗੁਰਦਾਸਪੁਰ ਵਿਖੇ ਕੇਂਦਰੀ ਜੇਲ ਵਿਖੇ ਛਾਪੇਮਾਰੀ ਦੌਰਾਨ 9 ਮੋਬਾਈਲ ਬਰਾਮਦ ਕੀਤੇ ਗਏ ਸਨ ਜਿਸ ਕਾਰਨ ਸੁਪਰਡੈਂਟ ਜੇਲ ਤੇ ਡਿਪਟੀ ਸੁਪਰਡੈਂਟ ਜੇਲ ਨੂੰ ਮੁਅੱਤਲ ਕਰ ਦਿਤਾ ਗਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।