
ਗ਼ਲਤੀਆਂ ਮਿਲਣ 'ਤੇ ਸਿਲੇਬਸ ਨੂੰ ਮੁੜ ਲਿਖਣ ਤੇ ਲੋੜ ਪੈਣ 'ਤੇ ਨਵੀਂ ਕਮੇਟੀ ਗਠਤ ਕਰਨ ਦਾ ਵਾਅਦਾ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗਿਆਰਵੀਂ ਅਤੇ ਬਾਰਵ੍ਹੀਂ ਦੇ ਇਤਿਹਾਸ ਦੇ ਸਿਲੇਬਸ ਸਬੰਧੀ ਪੈਦਾ ਹੋਏ ਵਿਵਾਦ ਦੀ ਰੋਸ਼ਨੀ ਵਿਚ ਉਹ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਲੋਂ ਇਤਿਹਾਸ ਦੀਆਂ ਕਿਤਾਬਾਂ ਨੂੰ ਸੋਧਣ ਅਤੇ ਮੁੜ ਲਿਖਣ ਬਾਰੇ ਸਥਾਪਤ ਕੀਤੀ ਕਮੇਟੀ 'ਤੇ ਨਜ਼ਰਸਾਨੀ ਕਰਨਗੇ ਅਤੇ ਜੇ ਲੋੜ ਪਈ ਤਾਂ ਨਵੀਂ ਕਮੇਟੀ ਦਾ ਗਠਨ ਵੀ ਕਰਨਗੇ।ਅੱਜ ਇਥੇ ਪੰਜਾਬ ਮੰਚ ਵਲੋਂ ਆਯੋਜਿਤ ਇਕ ਕਨਕਲੇਵ ਵਿਚ ਇੰਡੀਆ ਨਿਊਜ਼ ਗਰੁਪ ਦੇ ਐਮ.ਡੀ. ਅਤੇ ਐਡੀਟਰ ਇਨ ਚੀਫ਼ ਕਰਤਿਕੇਯਾ ਸ਼ਰਮਾ ਅਤੇ ਦੀਪਕ ਚੌਰਸੀਆ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਦੌਰਾਨ ਵਿਵਾਦ ਦਾ ਕੇਂਦਰ ਰਹੇ ਇਤਿਹਾਸ ਦੇ ਸਿਲੇਬਸ ਵਿਚ ਜੇ ਗ਼ਲਤੀਆਂ ਹੋਈਆਂ ਤਾਂ ਉਸ ਕਮੇਟੀ ਵਲੋਂ ਉਨ੍ਹਾਂ ਦੀ ਤਸਦੀਕ ਕੀਤੀ ਜਾ ਸਕੇਗੀ ਜੋ ਕਿ ਬਾਦਲ ਸਰਕਾਰ ਨੇ ਐਨ.ਸੀ.ਈ.ਆਰ.ਟੀ. ਦੇ ਸਿਲੇਬਸ ਨਾਲ ਇਸ ਸਿਲੇਬਸ ਨੂੰ ਜੋੜਨ ਦਾ ਜਾਇਜ਼ਾ ਲੈਣ ਵਾਸਤੇ ਗਠਤ ਕੀਤੀ ਸੀ।ਮੁੱਖ ਮੰਤਰੀ ਨੇ ਕਿਹਾ ਕਿ ਜੇ ਸਿਲੇਬਸ ਵਿਚ ਕੋਈ ਗ਼ਲਤੀਆਂ ਮਿਲੀਆਂ ਤਾਂ ਉਨ੍ਹਾਂ ਨੂੰ ਸੋਧਣ ਲਈ ਢੁੱਕਵੇਂ ਕਦਮ ਚੁੱਕਣ ਵਾਸਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਜੇ ਲੋੜ ਪਈ ਤਾਂ ਇਤਿਹਾਸ ਦੀਆਂ ਕਿਤਾਬਾਂ ਦਾ ਮੁੜ ਜਾਇਜ਼ਾ ਲੈਣ ਵਾਸਤੇ ਨਵੀਂ ਕਮੇਟੀ ਵੀ ਗਠਤ ਕੀਤੀ ਜਾਵੇਗੀ।ਸਕੂਲ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿਚੋਂ ਸਿੱਖ ਗੁਰੂਆਂ ਦੇ ਅਹਿਮ ਅਧਿਆਇ ਕਥਿਤ ਤੌਰ 'ਤੇ ਕੱਢ ਦਿਤੇ ਜਾਣ ਦੇ ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਵਿਅੰਗਮਈ ਢੰਗ ਨਾਲ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਨਵੇਂ ਸਿਲੇਬਸ 'ਤੇ ਸਵਾਲ ਖੜੇ ਕਰ ਰਿਹਾ ਹੈ ਜਦਕਿ ਇਸ ਕਮੇਟੀ ਨੂੰ ਅਸਲ ਵਿਚ ਇਸ ਵਲੋਂ ਹੀ ਗਠਤ ਕੀਤਾ ਸੀ ਜਿਸ ਨੇ ਸਕੂਲ ਦੇ ਸਿਲੇਬਸ 'ਤੇ ਮੁੜ ਕਾਰਜ ਕੀਤਾ ਹੈ।ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਤਿੱਖਾ ਹਮਲਾ ਕਰਦੇ ਹੋਏ ਮੁੱਖ ਮੰਤਰੀ ਨੇ ਹੈਰਾਨੀ ਪ੍ਰਗਟ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦਾ
ਪ੍ਰਧਾਨ ਸਿੱਖ ਇਤਿਹਾਸ ਨੂੰ ਪੜ੍ਹਨ ਲਈ ਪ੍ਰੇਸ਼ਾਨ ਹੋਇਆ ਪਿਆ ਹੈ।
Captain Amarinder Singh
ਉਨ੍ਹਾਂ ਕਿਹਾ ਕਿ ਗਿਆਰਵੀਂ ਕਲਾਸ ਦੇ ਇਤਿਹਾਸ ਦੀ ਜਿਸ ਕਿਤਾਬ ਨੂੰ ਮੁੱਦਾ ਬਣਾ ਕੇ ਵਿਰੋਧੀ ਧਿਰ ਵਲੋਂ ਹਮਲੇ ਕੀਤੇ ਜਾ ਰਹੇ ਹਨ, ਉਹ ਤਾਂ ਅਜੇ ਤਕ ਜਾਰੀ ਹੀ ਨਹੀਂ ਕੀਤੀ ਗਈ। ਮੁੱਖ ਮੰਤਰੀ ਨੇ ਹੈਰਾਨੀ ਪ੍ਰਗਟ ਕੀਤੀ ਕਿ ਕਿਤਾਬ ਜਾਰੀ ਹੋਣ ਤੋਂ ਪਹਿਲਾਂ ਹੀ ਕੋਈ ਵਿਅਕਤੀ ਇਸ ਦੇ ਵਿਸ਼ਾ-ਵਸਤੂ ਬਾਰੇ ਅਨੁਮਾਨ ਕਿਸ ਤਰ੍ਹਾਂ ਲਾ ਸਕਦਾ ਹੈ।ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੱਤਾ ਤੋਂ ਬਾਹਰ ਹੋਣ ਵੇਲੇ ਧਰਮ ਨੂੰ ਵਰਤਣਾ ਅਕਾਲੀਆਂ ਦੀ ਆਦਤ ਹੈ ਪਰ ਜਦੋਂ ਉਹ ਸੱਤਾ ਵਿਚ ਹੁੰਦੇ ਹਨ ਤਾਂ ਉਨ੍ਹਾਂ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਅਕਾਲੀਆਂ ਵੱਲੋਂ ਧਰਮ ਦੇ ਸਿਆਸੀਕਰਨ ਕਰਕੇ ਹਰੇਕ ਵਾਰ ਪੰਜਾਬ ਦੇ ਲੋਕਾਂ ਨੂੰ ਇਸ ਦਾ ਵੱਡਾ ਮੁੱਲ ਤਾਰਨਾ ਪਿਆ ਹੈ।ਨੌਜਵਾਨਾਂ ਨੂੰ ਗਰਮਖ਼ਿਆਲੀ ਬਣਾ ਕੇ ਸੂਬੇ ਵਿੱਚ ਗੜਬੜੀ ਪੈਦਾ ਕਰਨ ਲਈ ਭਾਰਤ ਵਿਰੋਧੀ ਤੱਤਾਂ ਖਾਸਕਰ ਪਾਕਿਸਤਾਨ ਦੀ ਆਈ.ਐਸ.ਆਈ. ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਤਿੱਖੀ ਆਲੋਚਣਾ ਕਰਦੇ ਹੋਏ ਮੁੱਖ ਮੰਤਰੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿੱਚ ਸਖ਼ਤ ਜੱਦੋਜਹਿਦ ਨਾਲ ਪ੍ਰਾਪਤ ਕੀਤੀ ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਦੇਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਦੇ ਨਾਲ ਪਹਿਲਾਂ ਹੀ ਸੂਬੇ ਨੂੰ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਕਿਸੇ ਵੀ ਤਰ੍ਹਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਸੂਬਾ ਪੁਲਿਸ ਹਮੇਸ਼ਾ ਹੀ ਤਿਆਰ ਹੈ। ਸਿਆਸੀ ਆਗੂਆਂ ਦੀਆਂ ਮਿੱਥ ਕੇ ਹਤਿਆਵਾਂ ਕਰਨ ਸਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਾਰੇ ਦੇ ਸਾਰੇ ਸੱਤ ਮੁੱਖ ਮਾਮਲਿਆਂ ਵਿਰੁਧ ਪੰਜਾਬ ਪੁਲਿਸ ਨੇ ਤਿੱਖੀ ਕਾਰਵਾਈ ਕੀਤੀ ਹੈ।