
ਦੂਜੇ ਸੂਬਿਆਂ ਦੀਆਂ ਬਸਾਂ 'ਚੋਂ ਉਤਾਰ ਕੇ ਸਬੰਧਤ ਜ਼ਿਲ੍ਹਿਆਂ ਲਈ ਕੀਤਾ ਜਾਵੇਗਾ ਰਵਾਨਾ: ਡੀ.ਸੀ.
ਸ਼ੰਭੂ, 5 ਮਈ (ਸੁਖਦੇਵ ਸਿੰਘ ਸੁੱਖੀ) : ਦੂਜੇ ਰਾਜਾਂ ਤੋਂ ਪੰਜਾਬ ਆਉਣ ਵਾਲੇ ਪੰਜਾਬ ਵਾਸੀਆਂ ਦੇ ਸੂਬੇ 'ਚ ਦਾਖਲ ਹੋਣ ਸਮੇਂ ਪੰਜਾਬ ਤੇ ਹਰਿਆਣਾ ਦੀ ਹੱਦ 'ਤੇ ਸਥਿਤ ਸ਼ੰਭੂ ਬਾਰਡਰ ਤੋਂ ਅੱਗੇ ਉਨ੍ਹਾਂ ਦੇ ਸਬੰਧਤ ਜ਼ਿਲ੍ਹਿਆਂ ਵਿੱਚ ਭੇਜਣ ਲਈ ਸ਼ੰਭੂ ਵਿਖੇ ਆਰਜੀ ਕੈਂਪ ਤੇ ਬੱਸ ਅੱਡਾ ਸਥਾਪਤ ਕੀਤਾ ਗਿਆ ਹੈ।
ਇਥੇ ਸਥਾਪਤ ਇਸ ਆਰਜੀ ਕੈਂਪ ਤੇ ਬੱਸ ਅੱਡੇ ਵਿਖੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਤਾਲਮੇਲ ਮੀਟਿੰਗ ਕੀਤੀ।
ਡਿਪਟੀ ਕਮਿਸ਼ਨਰ ਨੇ ਦਸਿਆ ਕਿ ਸ਼ੰਭੂ ਵਿਖੇ ਪੰਜਾਬ ਆਉਣ ਵਾਲੇ ਨਾਗਰਿਕਾਂ ਦੀ ਮੈਡੀਕਲ ਸਕਰੀਨਿੰਗ ਤੋਂ ਬਾਅਦ ਦੂਜੇ ਰਾਜਾਂ ਦੀਆਂ ਬੱਸਾਂ 'ਚੋਂ ਉਤਾਰ ਕੇ ਨਾਲ ਦੀ ਨਾਲ ਇੱਥੇ ਬਣਾਏ 9 ਬੂਥਾਂ ਤੋਂ ਸਬੰਧਤ 22 ਜ਼ਿਲ੍ਹਿਆਂ ਨੂੰ ਜਾਣ ਵਾਲੀਆਂ ਬੱਸਾਂ ਵਿੱਚ ਬਿਠਾ ਕੇ ਰਵਾਨਾ ਕਰ ਦਿੱਤਾ ਜਾਵੇਗਾ, ਜਿਥੇ ਅੱਗੇ ਇਨ੍ਹਾਂ ਨੂੰ ਸਬੰਧਤ ਜ਼ਿਲ੍ਹਿਆਂ ਵੱਲੋਂ ਕੋਵਿਡ-19 ਪ੍ਰੋਟੋਕਾਲ ਮੁਤਾਬਕ ਇਕਾਂਤਵਾਸ ਕੀਤਾ ਜਾਵੇਗਾ।
ਕੁਮਾਰ ਅਮਿਤ ਨੇ ਕਿਹਾ ਕਿ ਕੋਰੋਨਾ ਵਾਇਰਸ ਕਰ ਕੇ ਦੇਸ਼ ਵਿਆਪੀ ਲਾਕ ਡਾਊਨ ਕਰਕੇ ਦੂਜੇ ਰਾਜਾਂ 'ਚ ਫਸੇ ਪੰਜਾਬ ਵਾਸੀਆਂ ਨੇ ਪੰਜਾਬ ਆਉਣ ਲਈ ਵੱਡੀ ਗਿਣਤੀ 'ਚ ਰਜਿਸਟਰੇਸ਼ਨ ਕਰਵਾਈ ਹੈ। ਇਸ ਤੋਂ ਇਲਾਵਾ ਪੰਜਾਬ ਆਉਣ ਵਾਲੇ ਲੋਕਾਂ ਦਾ ਆਨਲਾਇਨ ਰਿਕਾਰਡ ਇਕੱਠਾ ਕਰਕੇ ਦੂਜੇ ਰਾਜਾਂ ਤੇ ਹੋਰ ਜ਼ਿਲ੍ਹਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਮੈਡੀਕਲ ਸਕਰੀਨਿੰਗ ਕਰਕੇ ਹੀ ਅੱਗੇ ਜਾਣ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਰਾਜਪੁਰਾ ਦੇ ਐਸ.ਡੀ.ਐਮ. ਟੀ ਬੈਨਿਥ, ਐਸ.ਪੀ. ਜਾਂਚ ਹਰਪ੍ਰੀਤ ਸਿੰਘ ਹੁੰਦਲ, ਡੀ.ਐਸ.ਪੀ. ਘਨੌਰ ਮਨਪ੍ਰੀਤ ਸਿੰਘ, ਕਾਰਜਕਾਰੀ ਇੰਜੀਨੀਅਰ ਮਨਪ੍ਰੀਤ ਸਿੰਘ ਦੂਆ, ਅਸਟੇਟ ਅਫ਼ਸਰ ਅਰੁਣ ਕੁਮਾਰ, ਪੀ.ਆਰ.ਟੀ.ਸੀ ਦੇ ਜੀ.ਐਮ. ਸੁਰਿੰਦਰ ਸਿੰਘ, ਤਹਿਸੀਲਦਾਰ ਸੰਜੀਵ ਗੌੜ ਤੇ ਹਰਸਿਮਰਨ ਸਿੰਘ, ਈ.ਓ ਰਵਨੀਤ ਸਿੰਘ ਆਦਿ ਮੌਜੂਦ ਸਨ।