
ਪਰਵਾਸੀ ਮਜ਼ਦੂਰਾਂ ਨੂੰ ਰੇਲ ਗੱਡੀ 'ਚ ਚੜ੍ਹਾਉਣ ਤਕ ਕੀਤੇ ਗਏ ਸਾਵਧਾਨੀ ਦੇ ਪ੍ਰਬੰਧ
ਜਲੰਧਰ, 5 ਮਈ (ਲਖਵਿੰਦਰ ਸਿੰਘ ਲੱਕੀ): ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਮੁਫ਼ਤ ਘਰ ਜਾਣ ਦੀ ਸਹੂਲਤ ਪ੍ਰਦਾਨ ਕਰਦਿਆਂ ਜਲੰਧਰ ਸ਼ਹਿਰ ਵਿਚ ਫਸੇ 1200 ਪ੍ਰਵਾਸੀ ਮਜ਼ਦੂਰਾਂ ਨੂੰ ਪਹਿਲੀ ਸ਼ਰਮਿਕ ਐਕਸਪ੍ਰੈਸ ਰੇਲ ਗੱਡੀ ਰਾਹੀਂ ਜਲੰਧਰ ਤੋਂ ਡਾਲਟਨਗੰਜ, ਝਾਰਖੰਡ ਲਈ ਰਵਾਨਾ ਕੀਤਾ ਗਿਆ ਜਿਸ ਉਤੇ ਆਉਣ ਵਾਲਾ 7.12 ਲੱਖ ਰੁਪਏ ਦਾ ਖ਼ਰਚਾ ਪੰਜਾਬ ਸਰਕਾਰ ਵਲੋਂ ਸਹਿਣ ਕੀਤਾ ਜਾਵੇਗਾ। ਇਹ ਰੇਲ ਗੱਡੀ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਦੇਖ ਰੇਖ ਵਿਚ ਰਵਾਨਾ ਹੋਈ।
ਦੋਵਾਂ ਅਧਿਕਾਰੀਆਂ ਨੇ ਦਸਿਆ ਕਿ ਇਹ ਰੇਲ ਗੱਡੀ ਝਾਰਖੰਡ ਦੇ 1200 ਪ੍ਰਵਾਸੀ ਮਜ਼ਦੂਰਾਂ ਨੂੰ ਵੱਡੀ ਰਾਹਤ ਪ੍ਰਦਾਨ ਕਰੇਗੀ ਜੋ ਸ਼ਹਿਰ ਵਿਚ ਫਸੇ ਹੋਏ ਸਨ। ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੇ ਪੰਜਾਬ ਸਰਕਾਰ ਦੇ ਪੋਰਟਲ ਉਤੇ ਅਪਣੇ ਆਪ ਨੂੰ ਦਰਜ ਕਰਵਾਇਆ ਸੀ ਨੂੰ ਐਸ.ਐਮ.ਐਸ. ਅਤੇ ਫ਼ੋਨ ਕਰ ਕੇ ਰੇਲ ਗੱਡੀ ਚੱਲਣ ਬਾਰੇ ਜਾਣਕਾਰੀ ਦਿਤੀ ਗਈ। ਉਨ੍ਹਾਂ ਦਸਿਆ ਕਿ 600 ਪ੍ਰਵਾਸੀ ਮਜ਼ਦੂਰ ਪਠਾਨਕੋਟ ਚੌਂਕ ਨੇੜੇ ਬੱਲੇ-ਬੱਲੇ ਫ਼ਾਰਮ, 300 ਖ਼ਾਲਸਾ ਸਕੂਲ ਨਕੋਦਰ ਰੋਡ ਅਤੇ 300 ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਹਿਰੂ ਗਾਰਡਨ ਰੋਡ ਤੋਂ ਲਿਆਂਦਾ ਗਿਆ ਸੀ। ਮੈਡੀਕਲ ਸਕਰੀਨਿੰਗ ਤੋਂ ਬਾਅਦ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਸਰਕਾਰ ਦੁਆਰਾ ਮੁਹਈਆ ਕਰਵਾਈਆਂ ਗਈਆਂ 20 ਬੱਸਾਂ ਰਾਹੀਂ ਰੇਲਵੇ ਸਟੇਸ਼ਨ ਲਿਆਂਦਾ ਗਿਆ।
File photo
ਮੈਡੀਕਲ ਸਕਰੀਨਿੰਗ ਤੋਂ ਲੈ ਕੇ ਰੇਲ ਗੱਡੀ ਵਿਚ ਚੜ੍ਹਾਉਣ ਤਕ ਪ੍ਰਵਾਸੀ ਮਜ਼ਦੂਰਾਂ ਵਿਚ ਸਮਾਜਕ ਦੂਰੀ ਨੂੰ ਬਰਕਰਾਰ ਰੱਖਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਪ੍ਰਵਾਸੀ ਮਜ਼ਦੂਰਾਂ ਨੂੰ ਸਹੂਲਤਾਂ ਮੁਹਈਆ ਕਰਵਾਉਣ ਲਈ ਇਕ ਉਚ ਪਧਰੀ ਟੀਮ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ। ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਦਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਅਜਿਹੀਆਂ ਰੇਲ ਗੱਡੀਆਂ ਲਖਨਊ, ਵਾਰਾਣੱਸੀ, ਆਯੋਧਿਆ, ਗੋਰਖਪੁਰ,
ਪਰਿਆਗ ਰਾਜ (ਅਲਾਹਾਬਾਦ), ਸੁਲਤਾਨਪੁਰ, ਕਟਨੀ (ਮੱਧ ਪ੍ਰਦੇਸ਼), ਝਾਰਖੰਡ ਅਤੇ ਹੋਰਨਾਂ ਸੂਬਿਆਂ ਲਈ ਚਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਲੰਧਰ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਭੇਜਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਇਸ ਨੇਕ ਕਾਜ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਨਾਂ ਪ੍ਰਵਾਸੀ ਮਜ਼ਦੂਰਾਂ ਨੇ ਅਪਣੇ ਆਪ ਨੂੰ ਪੰਜਾਬ ਸਰਕਾਰ ਦੇ ਪੋਰਟਲ ਉਤੇ ਰਜਿਸਟਰਡ ਕਰਵਾਇਆ ਹੈ। ਉਨ੍ਹਾਂ ਨੂੰ ਮੁਹਿੰਮ ਤਹਿਤ ਵਾਪਸ ਜਾਣ ਦੀ ਸਹੂਲਤ ਮੁਹਈਆ ਕਰਵਾਈ ਜਾਵੇਗੀ।